ਵਿਰੋਧੀ ਧਿਰਾਂ ਨੇ ਪੇਗਾਸਸ 'ਤੇ ਚਰਚਾ ਦੀ ਕੀਤੀ ਮੰਗ, ਸਰਕਾਰ ਨੇ ਕਿਹਾ ਇਹ ਕੋਈ ਮੁੱਦਾ ਨਹੀਂ

ਏਜੰਸੀ

ਖ਼ਬਰਾਂ, ਪੰਜਾਬ

ਵਿਰੋਧੀ ਧਿਰਾਂ ਨੇ ਪੇਗਾਸਸ 'ਤੇ ਚਰਚਾ ਦੀ ਕੀਤੀ ਮੰਗ, ਸਰਕਾਰ ਨੇ ਕਿਹਾ ਇਹ ਕੋਈ ਮੁੱਦਾ ਨਹੀਂ

image


ਜ਼ੋਰਦਾਰ ਹੰਗਾਮੇ ਦੇ ਬਾਅਦ ਦੋਵੇਂ ਸਦਨਾਂ ਦੀ ਕਾਰਵਾਈ ਸੋਮਵਾਰ ਤਕ ਲਈ ਉਠੀ


ਨਵੀਂ ਦਿੱਲੀ, 30 ਜੁਲਾਈ : ਪੇਗਾਸਸ ਜਾਸੂਸੀ ਮਾਮਲੇ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ  ਲੈ ਕੇ ਮਾਨਸੂਨ ਇਜਲਾਸ ਦੇ ਨੌਵੇਂ ਦਿਨ ਵੀ ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰਾਂ ਅਤੇ ਸਰਕਾਰ ਵਿਚਾਲੇ ਟਕਰਾਅ ਜਾਰੀ ਰਿਹਾ | ਇਸ ਦੇ ਚਲਦਿਆਂ ਸ਼ੁਕਰਵਾਰ ਨੂੰ  ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਕਰੀਬ 12.15 ਵਜੇ ਦਿਨ ਭਰ ਲਈ ਉਠਾ ਦਿਤੀ ਗਈ | ਸਦਨ ਵਿਚ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਨੇ ਪੇਗਾਸਸ ਮਾਮਲੇ 'ਤੇ ਚਰਚਾ ਕਰਨ ਦੀ ਮੰਗ ਕੀਤੀ ਜਦਕਿ ਸਰਕਾਰ ਨੇ ਇਸ ਮੰਗ ਨੂੰ  ਖ਼ਾਰਜ ਕਰਦਿਆਂ ਕਿਹਾ ਕਿ ਇਹ ਕੋਈ ਮੁੱਦਾ ਨਹੀਂ ਹੈ | 
ਲੋਕ ਸਭਾ ਵਿਚ ਜ਼ੋਰਦਾਰ ਹੰਗਾਮੇ ਵਿਚਾਲੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 'ਆਮ ਬੀਮਾ ਕਾਰੋਬਾਰ (ਰਾਸਟਰੀਕਰਨ) ਸੋਧ ਬਿੱਲ2021' ਪੇਸ਼ ਕੀਤਾ | ਇਸ ਤੋਂ ਇਲਾਵਾ ਜੰਗਲਾਤ ਤੇ ਵਾਤਾਵਰਣ ਅਤੇ ਮੌਸਮੀ ਤਬਦੀਲੀ ਮੰਤਰੀ ਭੁਪੇਂਦਰ ਯਾਦਵ ਨੇ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਸਪਾਸ ਦੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ ਦੇ ਪ੍ਰਬੰਧ ਲਈ ਕਮਿਸ਼ਨ ਬਿਲ 2021 ਪੇਸ਼ ਕੀਤਾ | ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਪੇਗਾਸਸ ਜਾਸੂਸੀ ਬਾਰੇ ਚਰਚਾ ਕਰਨ ਦੀ ਮੰਗ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਨਾਲ ਜੁੜਿਆ ਮੁੱਦਾ ਅਤੇ ਕੋਰੋਨਾ ਸਬੰਧੀ ਮੁੱਦਾ ਵੀ ਹੈ | ਸਰਕਾਰ ਇਸ ਉੱਤੇ ਚਰਚਾ ਨਹੀਂ ਕਰ ਰਹੀ | 
ਇਸ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ, 'ਇਹ ਕੋਈ ਮੁੱਦਾ ਨਹੀਂ ਹੈ' | ਉਨ੍ਹਾਂ ਕਿਹਾ ਕਿ ਸੰਸਦ ਦੇ ਦੋਵੇਂ ਸਦਨਾਂ ਵਿਚ ਸੂਚਨਾ ਅਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬਿਆਨ ਦਿਤਾ ਹੈ ਪਰ ਵਿਰੋਧੀ ਧਿਰਾਂ ਬਹਾਨਾ ਬਣਾ ਕੇ ਪਿਛਲੇ 8 ਦਿਨਾਂ ਤੋਂ ਸਦਨ ਨਹੀਂ ਚੱਲਣ ਦੇ ਰਹੀਆਂ |
ਇਸ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਅਤੇ ਨਾਹਰੇਬਾਜ਼ੀ ਦੌਰਾਨ ਹੀ ਕਰੀਬ ਅੱਧੇ ਘੰਟੇ ਤਕ ਪ੍ਰਸ਼ਨਕਾਲ ਚਲਾਇਆ | ਵਿਰੋਧੀ ਧਿਰਾਂ ਦੇ ਹੱਥਾਂ ਵਿਚ ਤਖ਼ਤੀਆਂ ਸਨ, ਜਿਨ੍ਹਾਂ ਉੱਤੇ ਖੇਤੀ ਕਾਨੂੰਨ ਵਾਪਸ ਲਉ ਅਤੇ ਪੇਗਾਸਸ ਦੀ ਜਾਂਚ ਸਬੰਧੀ ਮੰਗਾਂ ਲਿਖੀਆਂ ਹੋਈਆਂ ਸਨ |  (ਏਜੰਸੀ)