ਕੈਬਨਿਟ ਸਬ ਕਮੇਟੀ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਹਾਲੇ ਨਹੀਂ ਹੋਇਆ ਕੋਈ ਫ਼ੈਸਲਾ

ਏਜੰਸੀ

ਖ਼ਬਰਾਂ, ਪੰਜਾਬ

ਕੈਬਨਿਟ ਸਬ ਕਮੇਟੀ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਹਾਲੇ ਨਹੀਂ ਹੋਇਆ ਕੋਈ ਫ਼ੈਸਲਾ

image

ਚੰਡੀਗੜ੍ਹ 30 ਜੁਲਾਈ (ਗਰੁਉਪਦੇਸ਼ ਭੁੱਲਰ): ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫ਼ਰੰਟ ਦੇ ਪ੍ਰਮੁੱਖ ਆਗੂਆਂ ਦੀਆਂ ਅੱਜ ਇਥੇ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਫਿਲਹਾਲ ਮੰਗਾਂ ਨੂੰ ਲੈ ਕੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ ਅਤੇ ਹੁਣ ਮੁੜ ਮੰਗਲਵਾਰ ਨੂੰ ਮੀਟਿੰਗ ਰੱਖੀ ਗਈ ਹੈ | ਇਸ ਮੀਟਿੰਗ ਵਿਚ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਨਾਲ ਮੰਤਰੀ ਬਲਬੀਰ ਸਿੰਘ ਸਿੱਧੂ, ਓ.ਪੀ. ਸੋਨੀ ਅਤੇ ਸਾਧੂ ਸਿੰਘ ਧਰਮਸੋਤ ਸ਼ਾਮਲ ਸਨ | ਬੀਤੇ ਦਿਨੀਂ ਪਟਿਆਲਾ ਵਿਚ ਮੁਲਾਜ਼ਮਾਂ ਦੀ ਮਹਾਂ ਰੈਲੀ ਤੇ ਮੋਤੀ ਮਹਿਲ ਵੱਲ ਰੋਸ ਮਾਰਚ ਤੋਂ ਬਾਅਦ ਇਹ ਮੀਟਿੰਗ ਤੈਅ ਹੋਈ ਸੀ | ਮੀਟਿੰਗ ਤੋਂ ਬਾਅਦ ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਸਪੱਸ਼ਟ ਕਰ ਦਿਤਾ ਕਿ ਜੇ ਮੰਗਲਵਾਰ ਦੀ ਮੀਟਿੰਗ ਵਿਚ ਮੰਗਾਂ ਬਾਰੇ ਕੋਈ ਠੋਸ ਫ਼ੈਸਲਾ ਨਾ ਹੋਇਆ ਤਾਂ 6 ਤੋਂ 14 ਅਗੱਸਤ ਤਕ ਕਲਮ ਛੋਡ ਅਤੇ ਚੱਕਾ ਜਾਮ ਹੜਤਾਲ ਕਰਨਗੇ ਅਤੇ ਅੰਦੋਲਨ ਤੇਜ਼ ਕੀਤਾ ਜਾਵੇਗਾ | ਸਰਕਾਰ ਨੂੰ 15 ਅਗੱਸਤ ਦੇ ਪ੍ਰੋਗਰਾਮਾਂ ਦੀ ਤਿਆਰੀ ਵਿਚ ਕੋਈ ਸਹਿਯੋਗ ਨਹੀਂ ਦਿਤਾ ਜਾਵੇਗਾ | ਅੱਜ ਸਰਕਾਰ ਤੇ ਫ਼ਰੰਟ ਦੇ ਆਗੂਆਂ ਵਿਚ ਹੋਈ ਬੈਠਕ ਵਿਚ ਮੁੱਖ ਤੌਰ 'ਤੇ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਵਿਚ ਤਨਖ਼ਾਹਾਂ 'ਚ ਸੋਧ ਦੇ ਫਾਰਮੂਲੇ ਨੂੰ ਲੈ ਕੇ ਮੁੱਖ ਤੌਰ 'ਤੇ ਅੜਿੱਕਾ ਬਣਿਆ ਹੋਇਆ ਹੈ | ਮੁਲਾਜ਼ਮ ਆਗੂ 2.25 ਅਤੇ 2.59 ਦੇ ਅੰਕ ਅਨੁਸਾਰ ਸੋਧਾਂ ਪ੍ਰਵਾਨ ਕਰਨ  ਨੂੰ ਤਿਆਰ ਨਹੀਂ | ਉਹ 3.74 ਅੰਕਾਂ ਦੇ ਫਾਰਮੂਲੇ ਨਾਲ ਤਨਖ਼ਾਹਾਂ ਵਿਚ ਸੋਧ ਚਾਹੁੰਦੇ ਹਨ | ਸਰਕਾਰ ਇਹ ਫਾਰਮੂਲਾ ਮੰਨਣ ਲਈ ਤਿਆਰ ਨਹੀਂ ਤੇ ਮੁਲਾਜ਼ਮ ਆਗੂਆਂ ਨੂੰ ਮੁੜ ਸੋਚਣ ਲਈ ਹੀ ਸਮਾਂ ਦੇਣ ਕਾਰਨ ਮੰਗਲਵਾਰ ਨੂੰ ਮੁੜ ਮੀਟਿੰਗ ਸੱਦੀ ਗਈ ਹੈ | ਸਰਕਾਰ ਪੁਰਾਣੀ ਸਕੀਮ ਅਤੇ ਡਾਕਟਰਾਂ ਦੇ ਐਨ.ਪੀ.ਏ. ਸਮੇਤ ਮੁਲਾਜ਼ਮਾਂ ਦੇ ਬੰਦ ਕੀਤੇ ਹੋਰ ਕਈ ਭੰਤਿਆਂ ਦੀ ਬਹਾਲੀ ਦੀਆਂ ਮੰਗਾਂ 'ਤੇ ਸਹਿਮਤ ਹੋ ਸਕਦੀ ਹੈ ਪਰ ਤਨਖ਼ਾਹਾਂ ਵਿਚ ਸੋਧ ਦੇ ਫਾਰਮੂਲੇ ਵਿਚ 2.71 ਅੰਕਾਂ ਤੋਂ ਅੱਗੇ ਜਾਣ ਲਈ ਤਿਆਰ ਨਹੀਂ |