ਟੋਕੀਉ ਉਲੰਪਿਕ : ਸੈਮੀ ਫ਼ਾਈਨਲ ’ਚ ਪਹੁੰਚੀ ਮੁੱਕੇਬਾਜ਼ ਲਵਲੀਨਾ, ਭਾਰਤ ਦਾ ਦੂਜਾ ਤਮਗ਼ਾ ਪੱਕਾ

ਏਜੰਸੀ

ਖ਼ਬਰਾਂ, ਪੰਜਾਬ

ਟੋਕੀਉ ਉਲੰਪਿਕ : ਸੈਮੀ ਫ਼ਾਈਨਲ ’ਚ ਪਹੁੰਚੀ ਮੁੱਕੇਬਾਜ਼ ਲਵਲੀਨਾ, ਭਾਰਤ ਦਾ ਦੂਜਾ ਤਮਗ਼ਾ ਪੱਕਾ

image

ਟੋਕਿਉ, 30 ਜੁਲਾਈ : ਟੋਕਿਉ ਉਲੰਪਿਕ ਵਿਚ ਸ਼ੁਕਰਵਾਰ ਦਾ ਦਿਨ ਭਾਰਤ ਲਈ ਚੰਗਾ ਰਿਹਾ। ਦਿਨ ਦੀ ਸ਼ੁਰੂਆਤ ਵਿਚ ਹੀ ਵਿਸ਼ਵ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੁਆਰਟਰ ਫ਼ਾਈਨਲ ਵਿਚ ਥਾਂ ਬਣਾਈ, ਜਦਕਿ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਦੇਸ਼ ਨੂੰ ਸੱਭ ਤੋਂ ਵੱਡੀ ਖ਼ੁਸ਼ਖਬਰੀ ਦਿਤੀ। ਮੁੱਕੇਬਾਜ਼ ਲਵਲੀਨਾ ਨੇ ਟੋਕੀਉ ਉਲੰਪਿਕਸ ਵਿਚ ਮੀਰਾ ਬਾਈ ਚਾਨੂ ਤੋਂ ਬਾਅਦ ਦੇਸ਼ ਲਈ ਦੂਜਾ ਤਮਗ਼ਾ ਪੱਕਾ ਕੀਤਾ ਹੈ। ਲਵਲੀਨਾ ਨੇ ਅੱਜ ਕੁਆਰਟਰ ਫ਼ਾਈਨਲ ਵਿਚ ਚੀਨੀ ਤਾਈਪੇ ਦੀ ਮੁੱਕੇਬਾਜ਼ ਨੂੰ ਹਰਾ ਕੇ ਸੈਮੀਫ਼ਾਈਨਲ ਵਿਚ ਥਾਂ ਬਣਾਈ।
  ਕੁਆਰਟਰ ਫ਼ਾਈਨਲ ਵਿਚ ਭਾਰਤੀ ਮੁੱਕੇਬਾਜ਼ ਲਵਲੀਨਾ ਨੇ ਚੀਨੀ ਤਾਈਪੇ ਦੇ ਮੁੱਕੇਬਾਜ਼ ਨੂੰ ਹਰਾਇਆ। ਚੀਨੀ ਤਾਈਪੇ ਦੀ ਇਕ ਮੁੱਕੇਬਾਜ਼ ਵਿਰੁਧ, ਲਵਲੀਨਾ ਨੇ ਅਪਣਾ ਪਹਿਲਾ ਰਾਊਂਡ ਜਿਤਿਆ। ਟੋਕਿਉ ਉਲੰਪਿਕ ਵਿਚ ਭਾਰਤ ਦਾ ਇਹ ਦੂਜਾ ਤਮਗ਼ਾ ਹੋਵੇਗਾ। ਹੁਣ ਲਵਲੀਨਾ 3 ਅਗੱਸਤ ਨੂੰ ਸੈਮੀਫ਼ਾਈਨਲ ’ਚ ਕਾਂਸੀ ਦੇ ਤਮਗ਼ੇ ਨੂੰ ਚਾਂਦੀ ’ਚ ਬਦਲਣ ਲਈ ਤੁਰਕੀ ਦੀ ਸੁਰਮੇਨੇਲੀ ਬੁਸੇਨਾਜ ਵਿਰੁਧ ਰਿੰਗ ’ਚ ਉਤਰੇਗੀ। ਲਵਲੀਨਾ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਮੁਕਾਬਲਾ ਜਿੱਤ ਜਾਵੇਗੀ। ਉਲੰਪਿਕ ’ਚ ਤਮਗ਼ਾ ਜਿੱਤਣ ਵਾਲੀ ਉਹ ਤੀਜੀ ਭਾਰਤੀ ਮੁੱਕੇਬਾਜ਼ ਹੋਵੇਗੀ। ਵਿਜੇਂਦਰ ਸਿੰਘ ਨੇ 2008 ਦੇ ਬੀਜਿੰਗ ਉਲੰਪਿਕ ਤੇ ਮੈਰੀਕਾਮ ਨੇ 2012 ਲੰਡਨ ਗੇਮਜ਼ ’ਚ ਕਾਂਸੀ ਤਮਗੇ ਜਿੱਤੇ ਹਨ।
  ਲਵਲੀਨਾ ਨੇ ਅਪਣੀਆਂ ਜੁੜਵਾ ਭੈਣਾਂ ਲੀਚਾ ਅਤੇ ਲੀਮਾ ਨੂੰ ਵੇਖ ਕੇ ਕਿੱਕ ਬਾਕਸਿੰਗ ਦੀ ਸ਼ੁਰੂਆਤ ਕੀਤੀ ਸੀ। ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਲਵਲੀਨਾ ਨੇ ਕਿੱਕ ਬਾਕਸਰ ਵਜੋਂ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਉਸ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਪਦਮ ਬੋਰੋ ਨੇ ਮਾਨਤਾ ਦੇ ਦਿਤੀ। ਉਸ ਨੇ ਮੁੱਕੇਬਾਜ਼ੀ ਵਿਚ ਅਪਣੀ ਸ਼ੁਰੂਆਤ ਕੀਤੀ ਅਤੇ 2018 ਵਿਚ ਅਪਣੀ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗ਼ਾ ਜਿਤਿਆ। ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਆਸਾਮ ਰੀਜਨਲ ਸੈਂਟਰ ਵਿਚ ਚੁਣੇ ਜਾਣ ਤੋਂ ਬਾਅਦ, ਉਸ ਨੇ ਬਾਕਸਿੰਗ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ।                   (ਪੀਟੀਆਈ)

ਉਸ ਦੀਆਂ ਦੋਵੇਂ ਭੈਣਾਂ ਕਿੱਕ ਬਾਕਸਿੰਗ ਵਿਚ ਰਾਸ਼ਟਰੀ ਪੱਧਰ ’ਤੇ ਤਮਗ਼ੇ ਵੀ ਜਿੱਤ ਚੁੱਕੀਆਂ ਹਨ।