ਸਾਈਕਲ ਯਾਤਰਾ ਕਰਨ ਵਾਲੇ ਸਿੰਘ ਦਾ ਚੋਹਲਾ ਸਾਹਿਬ ਪੁੱਜਣ ’ਤੇ ਸਵਾਗਤ
ਸਾਈਕਲ ਯਾਤਰਾ ਕਰਨ ਵਾਲੇ ਸਿੰਘ ਦਾ ਚੋਹਲਾ ਸਾਹਿਬ ਪੁੱਜਣ ’ਤੇ ਸਵਾਗਤ
ਗਿੰਨੀਜ਼ ਬੁੱਕ ਵਿਚ ਦਰਜ ਕਰਵਾਇਆ ਨਾਮ, 50 ਹਜ਼ਾਰ ਅਮਰੀਕਨ ਡਾਲਰ
ਚੋਹਲਾ ਸਾਹਿਬ 30 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ): ਮਹਾਨ ਸ਼ਹੀਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰਭਾਵਤ ਹੋ ਕੇ ਹਿੰਦੂ ਪ੍ਰਵਾਰ ਨਾਲ ਸਬੰਧਤ ਇਕ ਨੌਵਜਾਨ ਗੁਰੂ ਦਾ ਸਿੰਘ ਸਜਿਆ ਤੇ ਮਾਨਵਤਾ ਦੇ ਭਲੇ ਲਈ ਪਿਛਲੇ 12 ਸਾਲਾਂ ਤੋਂ ਸਾਈਕਲ ਯਾਤਰਾ ’ਤੇ ਨਿਕਲ ਪਿਆ ਤੇ ਹੁਣ ਤਕ 26 ਰਾਜਾਂ ਵਿਚ ਯਾਤਰਾ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਤੀ ਚੋਹਲਾ ਸਾਹਿਬ ਵਿਖੇ ਸਥਿਤ ਗੁਰਦੁਵਾਰਾ ਸਾਹਿਬ ਵਿਖੇ ਪਹੁੰਚਿਆ ਹੈ, ਜਿਥੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਪ੍ਰਗਟ ਸਿੰਘ ਰੱਤੋਕੇ, ਹਰਜੀਤ ਸਿੰਘ ਕਥਾਵਾਚਕ, ਗੋਬਿੰਦ ਸਿੰਘ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ ਰੱਤੋਕੇ ਵਲੋਂ ਇਸ ਗੁਰੂ ਦੇ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਿੰਘ ਨੇ ਦਸਿਆ ਕਿ ਉਸ ਦਾ ਨਾਮ ਹੈ ਅਮਨਦੀਪ ਸਿੰਘ ਖ਼ਾਲਸਾ ਜੋ ਪਹਿਲਾਂ ਹਿੰਦੂ ਭਾਈਚਾਰੇ ਨਾਲ ਸਬੰਧਤ ਸੀ ਅਤੇ ਪਹਿਲਾਂ ਉਸ ਦਾ ਨਾਮ ਮਹਾਂਦੇਵਨ ਰੈਡੀ ਸੀ ਜੋ ਬੈਂਗਲੋਰ ਦਾ ਰਹਿਣ ਵਾਲਾ ਹੈ।
ਅਮਨਦੀਪ ਸਿੰਘ ਖ਼ਾਲਸਾ ਨੇ ਦਸਿਆ ਕਿ ਉਹ ਸੱਤਵੀਂ ਜਮਾਤ ਤਕ ਦੀ ਪੜ੍ਹਾਈ ਕਰਨ ਪਿਛੋਂ ਦੱਸਵੀਂ ਦੀ ਪੜ੍ਹਾਈ ਕਰਨ ਲਈ ਬੈਂਗਲੌਰ ਦੇ ਗੁਰਦਵਾਰਾ ਸਾਹਿਬ ਆ ਗਏ ਜਿਥੇ ਉਨ੍ਹਾਂ ਨੇ ਸਿੱਖ ਇਤਿਹਾਸ ਪੜਿ੍ਹਆ। ਉਨ੍ਹਾਂ ਦਸਿਆ ਕਿ ਉਹ ਸਿੱਖ ਗੁਰੂ ਸਾਹਿਬਾਨਾਂ ਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜਨ ਤੋਂ ਬਾਅਦ ਇੰਨਾ ਪ੍ਰਭਾਵਤ ਹੋਇਆ ਕਿ ਉਸ ਨੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਕੋਲ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਇੱਛਾ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਸੰਨ 1975 ਵਿਚ ਵਿਸਾਖੀ ਦੇ ਸ਼ੁੱਭ ਦਿਹਾੜੇ ਮੌਕੇ ਉਸ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਦਿਤਾ। ਖ਼ਾਲਸਾ ਨੇ ਦਸਿਆ ਕਿ ਜਦ ਉਹ ਅੰਮ੍ਰਿਤ ਛੱਕ ਕੇ ਅਪਣੇ ਘਰ ਗਏ ਤਾਂ ਉਸ ਦੇ ਘਰਦਿਆਂ ਨੇ ਉਸ ਨੂੰ ਘਰੋਂ ਕੱਢ ਦਿਤਾ ਤੇ ਉਹ ਫਿਰ ਗੁਰਦਵਾਰਾ ਸਾਹਿਬ ਆ ਗਏ। ਉਨ੍ਹਾਂ ਦਾ ਵਿਆਹ ਇਕ ਪੰਜਾਬ ਦੀ ਕੁੜੀ ਨਾਲ ਹੋਇਆ ਤੇ ਉਹ ਸ੍ਰੀ ਅਨੰਦਪੁਰ ਸਾਹਿਬ ਆ ਗਏ। ਸ੍ਰੀ ਅਨੰਦਪੁਰ ਸਾਹਿਬ ਆ ਕੇ ਉਨ੍ਹਾਂ ਨੇ ਬੀ.ਏ ਦੀ ਪੜ੍ਹਾਈ ਕੀਤੀ। ਉਨ੍ਹਾਂ ਦਸਿਆ ਕਿ ਉਹ ਛੇ ਭਸ਼ਾਵਾਂ ਜਾਣਦੇ ਹਨ ਜਿਨ੍ਹਾਂ ਵਿਚ ਹਿੰਦੀ, ਪੰਜਾਬੀ, ਅੰਗਰੇਜ਼ੀ, ਤੇਲਗੂ, ਕੰਨੜ ਅਤੇ ਤਮਿਲ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ 2 ਬੱਚੇ ਹਨ ਜਿਨ੍ਹਾਂ ਵਿਚ ਬੇਟਾ ਅਮਰੀਕਾ ਵਿਚ ਡਾਕਟਰ ਅਤੇ ਬੇਟੀ ਅੰਮ੍ਰਿਤਸਰ ਵਿਖੇ ਵਿਆਹੀ ਹੋਈ ਹੈ। ਉਨ੍ਹਾਂ ਦਸਿਆ ਕਿ ਉਹ ਫਿਰ ਬੈਂਗਲੌਰ ਚਲੇ ਗਏ ਅਤੇ ਉਹ ਖ਼ੁਦ ਤੇ ਉਨ੍ਹਾਂ ਦੀ ਪਤਨੀ ਉਥੇ ਗੁਰਦਵਾਰਾ ਸਾਹਿਬ ਵਿਚ ਅਧਿਆਪਕ ਦੀ ਨੌਕਰੀ ਕਰਨ ਲੱਗ ਪਏ। ਇਸੇ ਦਰਮਿਆਨ ਉਨ੍ਹਾਂ ਦੇ ਮਾਮਾ ਜੀ ਦੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਜਿਸ ਦਾ ਉਨ੍ਹਾਂ ਨੂੰ ਗਹਿਰਾ ਸਦਮਾ ਲੱਗਾ ਅਤੇ ਉਨ੍ਹਾਂ ਨੇ ਪੂਰੇ ਭਾਰਤ ਵਿਚ ਨਸ਼ਿਆਂ ਵਿਰੁਧ ਮੁਹਿੰਮ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ ਲਈ ਸਾਈਕਲ ਯਾਤਰਾ ਕਰਨ ਦਾ ਮਨ ਬਣਾਇਆ। ਉਹ ਹੁਣ ਤਕ 26 ਸੂਬਿਆਂ ਵਿਚੋਂ ਹੁੰਦੇ ਹੋਏ ਲਗਭਗ ਢਾਈ ਲੱਖ ਕਿਲੋਮੀਟਰ ਸਫ਼ਰ ਕਰ ਚੁਕੇ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਨਾਮ ਗਿੰਨੀਜ਼ ਬੁੱਕ ਵਿਚ ਦਰਜ ਹੋ ਚੁੱਕਾ ਹੈ ਤੇ ਉਸ ਨੂੰ 50 ਹਜ਼ਾਰ ਅਮਰੀਕਨ ਡਾਲਰ ਇਨਾਮ ਵੀ ਮਿਲ ਚੁੱਕਾ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਇਹ ਰੀਕਾਰਡ ਅਮਰੀਕਾ ਦੇ ਇਕ ਵਿਅਕਤੀ ਜ਼ੌਨ ਵਿਸਲਨ ਦੇ ਨਾਮ ਸੀ ਜਿਸ ਨੇ 1 ਲੱਖ 25 ਹਜ਼ਾਰ ਕਿਲੋਮੀਟਰ ਸਾਈਕਲ ਯਾਤਰਾ ਕੀਤੀ ਸੀ। ਭਾਈ ਅਮਨਦੀਪ ਸਿੰਘ ਖ਼ਾਲਸਾ 12 ਸਾਲਾਂ ਤੋਂ ਅਪਣੇ ਘਰ ਨਹੀਂ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਪਣੀ ਯਾਤਰਾ ਪੂਰੀ ਕਰ ਕੇ ਹੀ ਘਰ ਵਾਪਸ ਜਾਵੇਗਾ।
chohla sahib parminder chohla 30-2