ਖ਼ੁਦ ਨੂੰ ਜ਼ਲੀਲ ਮਹਿਸੂਸ ਕੀਤੇ ਜਾਣ ਤੋਂ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਖ਼ੁਦ ਨੂੰ ਜ਼ਲੀਲ ਮਹਿਸੂਸ ਕੀਤੇ ਜਾਣ ਤੋਂ ਬਾਅਦ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦਿਤਾ ਅਸਤੀਫ਼ਾ

image

ਸਿਹਤ ਮੰਤਰੀ ਦੇ ਵਤੀਰੇ ਤੋਂ ਦੁਖੀ ਹੋ ਕੇ ਚੁਕਿਆ ਕਦਮ
 

ਕੋਟਕਪੂਰਾ, 30 ਜੁਲਾਈ (ਗੁਰਿੰਦਰ ਸਿੰਘ) : ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦੁਰਵਿਹਾਰ ਅਤੇ ਜ਼ਲੀਲ ਕਰਨ ਵਾਲੇ ਵਤੀਰੇ ਦੇ ਵਿਰੋਧ ਵਿਚ ਬਾਬਾ ਫ਼ਰੀਦ ਹੈਲਥ ਸਾਇੰਸਿਜ਼ ਯੂਨੀਵਰਸਿਟੀ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਮੰਤਰੀ ਦੇ ਉਕਤ ਰਵਈਏ ਕਾਰਨ ਅੰਮ੍ਰਿਤਸਰ ’ਚ ਵੀ ਕੱੁਝ ਡਾਕਟਰਾਂ ਵਲੋਂ ਅਸਤੀਫ਼ੇ ਦਿਤੇ ਗਏ ਹਨ ਪਰ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ, ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵਾਈਸ ਚਾਂਸਲਰ, ਜਿਸ ਨਾਲ ਬੀਤੇ ਕਲ ਸਿਹਤ ਮੰਤਰੀ ਵਲੋਂ ਦੁਰਵਿਹਾਰ ਕੀਤਾ ਗਿਆ ਸੀ, ਉਸ ਵਲੋਂ ਅਸਤੀਫ਼ਾ ਦੇ ਦਿਤਾ ਗਿਆ ਹੈ। ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਜਦੋਂ ਮਰੀਜ਼ਾਂ, ਉਨ੍ਹਾਂ ਦੇ ਵਾਰਸਾਂ ਅਤੇ ਵੱਖ ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂਆਂ ਦੀ ਸ਼ਿਕਾਇਤ ਉਪਰੰਤ ਸਿਹਤ ਮੰਤਰੀ ਵਲੋਂ ਵਾਈਸ ਚਾਂਸਲਰ ਨੂੰ ਹਸਪਤਾਲ ਦੇ ਗੰਦੇ ਗੱਦੇ ’ਤੇ ਲਿਟਾ ਦਿਤਾ ਗਿਆ ਤਾਂ ਵਿਰੋਧੀ ਪਾਰਟੀਆਂ ਨੂੰ ਸੱਤਾਧਾਰੀ ਧਿਰ ਵਿਰੁਧ ਭੜਾਸ ਕੱਢਣ ਦਾ ਮੌਕਾ ਅਤੇ ਮੁੱਦਾ ਮਿਲ ਗਿਆ। ਹੁਣ ਹਸਪਤਾਲ ਦਾ ਸਟਾਫ਼ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਸਮੇਤ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਵਲੋਂ ਸਿਹਤ ਮੰਤਰੀ ਦੀ ਉਕਤ ਕਾਰਵਾਈ ਦੀ ਪ੍ਰਸ਼ੰਸਾ ਦੇ ਨਾਲ-ਨਾਲ ਸਮਰਥਨ ਵੀ ਕੀਤਾ ਜਾ ਰਿਹਾ ਹੈ।