ਸਰਹੱਦ ਪਾਰ ਕਰ ਕੇ ਭਾਰਤ ਆਇਆ ਪਾਕਿਸਤਾਨੀ ਨਾਗਰਿਕ: ਪੁਲਿਸ ਨੇ ਕੀਤਾ ਕਾਬੂ
ਅੰਮ੍ਰਿਤਸਰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਪਾਕਿਸਤਾਨ ਦੇ ਨੰਗਲ ਦਾ ਰਹਿਣ ਵਾਲਾ ਹੈ ਫੜਿਆ ਗਿਆ ਵਿਅਕਤੀ
ਅੰਮ੍ਰਿਤਸਰ: ਇਥੇ ਅਮ੍ਰਿਤਸਰ ਨਾਲ ਲਗਦੀ ਅਟਾਰੀ ਸਰਹੱਦ ਦੇ ਇੱਕ ਨੰਬਰ ਗੇਟ ਤੋਂ ਤਾਰਾਂ ਪਾਰ ਕਰਦਾ ਇੱਕ ਪਾਕਿਸਤਾਨੀ ਨਾਗਰਿਕ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਇਸ ਨਾਗਰਿਕ ਨੂੰ ਅੱਜ ਪੁਲਿਸ ਨੇ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ।
ਇਸ ਸਬੰਧ ਵਿਚ ਤਾਰਾਂ ਪਾਰ ਕਰ ਕੇ ਸਰਹੱਦ ਪਾਰ ਕਰ ਕੇ ਆਏ ਇਸ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਾਕਿਸਤਾਨ ਦੇ ਨੰਗਲ ਦਾ ਰਹਿਣ ਵਾਲਾ ਹੈ ਅਤੇ ਨਸ਼ੇ ਦੀ ਲੋਰ ਵਿੱਚ ਤਾਰਾਂ ਪਾਰ ਕਰ ਕੇ ਭਾਰਤ ਵਾਲੇ ਪਾਸੇ ਆ ਗਿਆ। ਇਸ ਸਬੰਧ ਵਿੱਚ ਪੁਲੀਸ ਜਾਂਚ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਣਯੋਗ ਅਦਾਲਤ ਵਲੋਂ ਉਕਤ ਵਿਅਕਤੀ ਨੂੰ ਦੋ ਦਿਨ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਹੈ
ਅਤੇ ਇਸ ਰਿਮਾਂਡ ਦੌਰਾਨ ਪੁਲਿਸ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰ ਉਸ ਦਾ ਭਾਰਤ ਆਉਣ ਦਾ ਮਕਸਦ ਕੀ ਹੈ। ਪੁਲਿਸ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਾਕਿਸਤਾਨੀ ਨਾਗਰਿਕ ਕੋਲੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ। ਫਿਲਹਾਲ ਉਕਤ ਵਿਅਕਤੀ ਨੂੰ ਰਿਮਾਂਡ 'ਤੇ ਲੈ ਕੇ ਸਾਰੇ ਮਸਲੇ ਬਾਰੇ ਪੁੱਛਗਿੱਛ ਕੀਤੀ ਜਾਵੇਗੀ।