ਦੇਸ਼ ਭਰ ਵਿਚੋਂ ਪੰਜਾਬ 'ਚ ਨਸ਼ਿਆਂ ਦੀ ਸੱਭ ਤੋਂ ਵੱਡੀ ਸਮੱਸਿਆ : ਅਮਿਤ ਸ਼ਾਹ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਭਰ ਵਿਚੋਂ ਪੰਜਾਬ 'ਚ ਨਸ਼ਿਆਂ ਦੀ ਸੱਭ ਤੋਂ ਵੱਡੀ ਸਮੱਸਿਆ : ਅਮਿਤ ਸ਼ਾਹ

image


ਉਤਰੀ ਰਾਜਾਂ ਦੇ ਮੁੱਖ ਮੰਤਰੀਆਂ, ਗ੍ਰਹਿ ਸਕੱਤਰ ਤੇ ਨਾਰਕਾਟਿਕਸ ਅਧਿਕਾਰੀਆਂ ਦੀ ਕਾਨਫ਼ਰੰਸ ਵਿਚ ਰੱਖੇ ਵਿਚਾਰ

ਚੰਡੀਗੜ੍ਹ, 30 ਜੁਲਾਈ (ਗੁਰਉਪਦੇਸ਼ ਭੁੱਲਰ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਕ ਦਿਨ ਦੇ ਚੰਡੀਗੜ੍ਹ ਦੌਰੇ 'ਤੇ ਪਹੁੰਚਣ ਬਾਅਦ ਨਾਰਕਾਟਿਕਸ ਕੰਟਰੋਲ ਬਿਊਰੋ ਵਲੋਂ ਨਸ਼ਿਆਂ ਤੇ ਸੁਰੱਖਿਆ ਦੇ ਮੁੱਦੇ ਉਪਰ ਕਰਵਾਈ ਗਈ ਉਤਰੀ ਰਾਜਾਂ ਦੇ ਮੁੱਖ ਮੰਤਰੀਆਂ ਤੇ ਗ੍ਰਹਿ ਸਕੱਤਰਾਂ ਦੀ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਵਿਚੋਂ ਪੰਜਾਬ ਵਿਚ ਨਸ਼ਿਆਂ ਦੀ ਸੱਭ ਤੋਂ ਵੱਡੀ ਸਮੱਸਿਆ ਹੈ | ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥ ਸਰਹੱਦ ਪਾਰ ਤੋਂ ਆਉਂਦਾ ਹੈ ਅਤੇ ਪੰਜਾਬ ਨੂੰ  ਨਸ਼ਿਆਂ ਦੇ ਖ਼ਾਤਮੇ ਲਈ ਤੇਜ਼ੀ ਨਾਲ ਸਖ਼ਤ ਕਦਮ ਚੁਕਣੇ ਪੈਣਗੇ |
ਇਸ ਮੌਕੇ ਅਮਿਤ ਸ਼ਾਹ ਨਾਲ ਮੰਚ ਉਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੌਜੂਦ ਸਨ | ਸ਼ਾਹ ਨੇ ਕਿਹਾ ਕਿ ਕੇਂਦਰ ਪੰਜਾਬ ਦੀ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਅਤੇ ਜੇ ਪੰਜਾਬ ਜ਼ਮੀਨ
ਦੇਵੇ ਤਾਂ ਇਥੇ ਆਧੁਨਿਕ ਫ਼ੋਰੈਂਸਿਕ ਲੈਬ ਕੇਂਦਰ ਸਰਕਾਰ ਸਥਾਪਤ ਕਰੇਗੀ | ਉਨ੍ਹਾਂ ਨਸ਼ਿਆਂ ਦੀ ਸਮੱਸਿਆ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਨਸ਼ਿਆਂ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਹੈ ਅਤੇ ਇਸ ਲਾਹਨਤ ਨੂੰ  ਖ਼ਤਮ ਕਰਨ ਲਈ ਪੂਰੇ ਦੇਸ਼ ਨੂੰ  ਇਕਜੁਟ ਹੋ ਕੇ ਲੜਨਾ ਪਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਤਹਿਤ ਵੱਖ ਵੱਖ ਰਾਜਾਂ ਵਿਚ ਫ਼ੋਰੈਂਸਿਕ ਸਾਇੰਸ ਲੈਬਾਰਟੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਡਰੱਗ ਕੇਸਾਂ ਦੇ ਜਲਦੀ ਨਿਪਟਾਰੇ ਦੀ ਦਿਸ਼ਾ ਵਿਚ ਕਦਮ ਚੁਕੇ ਜਾ ਰਹੇ ਹਨ | ਸ਼ਾਹ ਨੇ ਕਿਹਾ ਕਿ ਨਸ਼ਾ ਮਨੁੱਖੀ ਸਰੀਰ ਤੇ ਸਮਾਜ ਨੂੰ  ਪੂਰੀ ਤਰ੍ਹਾਂ ਖੋਖਲਾ ਬਣਾ ਦਿੰਦਾ ਹੈ ਅਤੇ ਸਾਡੇ ਨੌਜਵਾਨ ਬੱਚਿਆਂ ਨੂੰ  ਇਸ ਵਿਚੋਂ ਕੱਢਣ ਤੇ ਬਚਾਉਣ ਦੀ ਲੋੜ ਹੈ | ਕੇਂਦਰੀ ਗ੍ਰਹਿ ਅਮਿਤ ਸ਼ਾਹ ਦੇ ਚੰਡੀਗੜ੍ਹ ਪਹੁੰਚਣ ਸਮੇਂ ਬਹੁਤ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਚੰਡੀਗੜ੍ਹ ਪੁਲਿਸ ਦੀ ਮਦਦ ਲਈ ਪੰਜਾਬ ਤੇ ਹਰਿਆਣਾ ਪੁਲਿਸ ਤੇ ਪੈਰਾ ਮਿਲਟਰੀ ਫ਼ੋਰਸ ਵੀ ਤੈਨਾਤ ਕੀਤੀ ਗਈ ਹੈ |
ਕਾਨਫ਼ਰੰਸ ਵਿਚ ਕੇਂਦਰੀ ਗ੍ਰਹਿ ਮੰਤਰੀ ਨੇ ਕੇਂਦਰ ਸਰਕਾਰ ਦੀ ਨੀਤੀ ਦੇ ਚੰਗੇ ਨਤੀਜੇ ਮਿਲਣ ਦਾ ਦਾਅਵਾ ਕਰਦਿਆਂ ਪਿਛਲੇ ਸਮੇਂ ਵਿਚ ਬਰਾਮਦ ਵੱਖ ਵੱਖ ਤਰ੍ਹਾਂ ਦੇ ਨਸ਼ਿਆਂ ਦਾ ਵੀ ਵਿਸਥਾਰ ਵਿਚ ਵੇਰਵਾ ਪੇਸ਼ ਕੀਤਾ | ਇਸ ਮੌਕੇ ਵੱਖ ਵੱਖ ਰਾਜਾਂ ਦਾ ਇਕ ਸਾਂਝਾ ਵੈਬ ਪੋਰਟਲ ਵੀ ਲਾਂਚ ਕੀਤਾ ਗਿਆ ਅਤੇ 21 ਰਾਜਾਂ ਦੇ ਨਾਰਕੋਟਿਸ ਸੈੱਲਾਂ ਦੀ ਟਾਸਕ ਫ਼ੋਰਸ ਵੀ ਗਠਤ ਕੀਤੀ ਗਈ ਹੈ |

ਕਾਨਫ਼ਰੰਸ ਮੌਕੇ ਦੇਸ਼ ਵਿਚ 30000 ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ
ਅੱਜ ਚੰਡੀਗੜ੍ਹ ਵਿਚ ਨਸ਼ਿਆਂ ਬਾਰੇ ਕਾਨਫ਼ਰੰਸ ਦੌਰਾਨ ਦੇਸ਼ ਭਰ ਵਿਚ 30000 ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ, ਜੋ ਪਿਛਲੇ ਸਮੇਂ ਵਿਚ ਫੜੇ ਗਏ ਸਨ | ਅਮਿਤ ਸ਼ਾਹ ਨੇ ਇਸ ਪ੍ਰੋਗਰਾਮ ਦੀ ਵੀਡੀਉ ਕਾਨਫ਼ਰੰਸ ਰਾਹੀਂ ਚੰਡੀਗੜ੍ਹ ਤੋਂ ਅਗਵਾਈ ਕੀਤੀ | ਦਿੱਲੀ ਵਿਚ 19320, ਚੇਨਈ ਵਿਚ 1309.401, ਗੁਵਾਹਾਟੀ ਵਿਚ 6761.63 ਅਤੇ ਕੋਲਕਾਤਾ ਵਿਚ 3077.753 ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ |