ਗੁਰਦਾਸਪੁਰ 'ਚ 1 ਕਰੋੜ ਦੀ ਹੈਰੋਇਨ ਖਾ ਗਿਆ ਜੋੜਾ, 1 ਦਿਨ ਵਿਚ ਕਰਦੇ ਸੀ 8 ਹਜ਼ਾਰ ਦਾ ਨਸ਼ਾ

ਏਜੰਸੀ

ਖ਼ਬਰਾਂ, ਪੰਜਾਬ

ਪਿਤਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸਿਲਸਿਲਾ 

File Photo

ਗੁਰਦਾਸਪੁਰ - ਪੰਜਾਬ ਦੇ ਗੁਰਦਾਸਪੁਰ ਦੇ ਇੱਕ ਪਿੰਡ ਵਿਚ ਰਹਿਣ ਵਾਲੇ ਜੋੜੇ ਨੇ 5 ਸਾਲਾਂ ਵਿਚ ਹੈਰੋਇਨ ਦਾ ਨਸ਼ਾ ਕਰਨ ਲਈ ਕਰੀਬ ਇੱਕ ਕਰੋੜ ਰੁਪਏ ਖਰਚ ਕੀਤੇ। ਹਾਲਾਂਕਿ ਪਤੀ ਨੇ ਕਰੀਬ ਇੱਕ ਮਹੀਨਾ ਪਹਿਲਾਂ ਜ਼ਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਤੋਂ ਬਾਅਦ ਨਸ਼ਾ ਛੱਡ ਦਿੱਤਾ ਹੈ। ਹੁਣ ਉਸ ਦੀ ਪਤਨੀ ਵੀ ਬੱਚਿਆਂ ਦੀ ਖ਼ਾਤਰ ਨਸ਼ਾ ਛੱਡਣ ਲਈ ਕੇਂਦਰ ਵਿਚ ਦਾਖ਼ਲ ਹੋ ਗਈ ਹੈ। ਜੋੜੇ ਨੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦਾ ਮਨ ਬਣਾ ਲਿਆ ਹੈ। ਉਹਨਾਂ ਨੇ ਕਿਹਾ ਕਿ ਨਸ਼ਾ ਛੱਡਣ ਤੋਂ ਬਾਅਦ ਉਹ ਅਪਣੇ ਆਸ-ਪਾਸ ਦੇ ਸਾਰੇ ਲੋਕਾਂ ਨੂੰ ਵੀ ਨਸ਼ਾ ਨਾ ਕਰਨ ਲਈ ਜਾਗਰੂਕ ਕਰਨਗੇ। 

ਨਸ਼ਾ ਛੁਡਾਊਂ ਕੇਂਦਰ ਵਿਚ ਦਾਖ਼ਲ ਮਹਿਲਾ ਨੇ ਦੱਸਿਆ ਕਿ ਸਾਲ 2017 ਵਿਚ ਉਸ ਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਪਿਤਾ ਦੇ ਇਲਾਜ ਲਈ ਕਰੀਬ ਦੋ ਲੱਖ ਰੁਪਏ ਦਾ ਕਰਜ਼ਾ ਲੈਣ ਤੋਂ ਇਲਾਵਾ ਘਰ ਵੀ ਗਿਰਵੀ ਰੱਖਿਆ ਹੋਇਆ ਸੀ। ਉਹ ਆਪ ਤਾਂ ਵਿਆਹ ਸਮਾਗਮਾਂ ਵਿਚ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੀ ਸੀ ਪਰ ਕਰਜ਼ੇ ਦਾ ਬੋਝ ਵਧਦਾ ਜਾ ਰਿਹਾ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿਣ ਲੱਗੀ।

ਉਸ ਦੀ ਇਕ ਦੋਸਤੀ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਕਰਦੀ ਸੀ। ਉਸ ਦੀ ਸਹੇਲੀ ਨੇ ਜਦੋਂ ਉਸ ਨੂੰ ਪਰੇਸ਼ਾਨ ਦੇਖਿਆ ਤਾਂ ਉਸ ਨੇ ਕਿਹਾ ਕਿ ਨਸ਼ਾ ਕਰਨ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇੱਕ ਦਿਨ ਉਸ ਨੇ ਵੀ ਅਪਣੀ ਸਹੇਲੀ ਦੇ ਨਾਲ ਹੈਰੋਇਨ ਦਾ ਨਸ਼ਾ ਕੀਤਾ ਤੇ ਇਹ ਸਿਲਸਿਲਾ ਸ਼ੁਰੂ ਹੋ ਗਿਆ। ਇਹ ਸਿਲਸਿਲਾ ਸਿਰਫ਼ 100 ਰੁਪਏ ਤੋਂ ਸ਼ੁਰੂ ਹੋ ਕੇ ਕਦੋਂ ਹਜ਼ਾਰਾਂ-ਲੱਖਾਂ ਰੁਪਏ ਤੱਕ ਪਹੁੰਚ ਗਿਆ, ਪਤਾ ਹੀ ਨਹੀਂ ਲੱਗਾ। ਵਿਆਹ ਤੋਂ ਬਾਅਦ ਵੀ ਉਹ ਨਸ਼ੇ ਦੀ ਆਦਤ ਨਹੀਂ ਛੱਡ ਸਕੀ। 

ਇੱਕ ਦਿਨ ਉਸ ਨੇ ਆਪਣੇ ਪਤੀ ਨੂੰ ਵੀ ਹੈਰੋਇਨ ਦਾ ਸਵਾਦ ਚੱਖਣ ਲਈ ਮਨਾ ਲਿਆ। ਇਸ ਤੋਂ ਬਾਅਦ ਦੋਵੇਂ ਪਤੀ-ਪਤਨੀ ਇਕੱਠੇ ਨਸ਼ਾ ਕਰਨ ਲੱਗੇ। ਦੋਵੇਂ ਪਤੀ-ਪਤਨੀ ਮਿਲ ਕੇ ਰੋਜ਼ਾਨਾ ਕਰੀਬ 8 ਹਜ਼ਾਰ ਰੁਪਏ ਦਾ ਨਸ਼ਾ ਕਰਦੇ ਸਨ। ਦੂਜੇ ਪਾਸੇ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਜਨ ਦਾ ਕਹਿਣਾ ਹੈ ਕਿ ਮਜ਼ਬੂਤ ਇੱਛਾ ਸ਼ਕਤੀ ਨਾਲ ਹੀ ਨਸ਼ਾ ਛੱਡਿਆ ਜਾ ਸਕਦਾ ਹੈ।        

ਉਹਨਾਂ ਨੇ ਕਿਹਾ ਕਿ ਨਸ਼ਾ ਛੁਡਾਊਂ ਕੇਂਦਰ ਵਿਚ ਦਾਖਲ ਮਰੀਜ਼ਾਂ ਨੂੰ ਪੂਰਾ ਘਰੇਲੂ ਮਾਹੌਲ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਸਾਨੀ ਨਾਲ ਨਸ਼ਾ ਛੱਡ ਸਕਣ। ਉਨ੍ਹਾਂ ਦੱਸਿਆ ਕਿ ਔਰਤ ਦਾ ਪਤੀ ਹੁਣ ਕਾਫੀ ਹੱਦ ਤੱਕ ਸਿਹਤਮੰਦ ਹੈ। ਹੁਣ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।