ਲੋਕ ਨਿਰਮਾਣ ਮੰਤਰੀ ਨੇ 22.56 ਕਰੋੜ ਰੁਪਏ ਦੇ ਤਿੰਨ ਸੜਕੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਧੀਆ ਸੜਕੀ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਦਿੱਤਾ ਜਾਵੇਗਾ ਵਿਸ਼ੇਸ਼ ਜੋਰ - ਹਰਭਜਨ ਸਿੰਘ ਈ.ਟੀ.ਓ

The Public Works Minister laid the foundation stones of three road projects worth Rs 22.56 crore

 ਚੰਡੀਗੜ੍ਹ -  ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਾਹਨੇਵਾਲ ਅਤੇ ਪਾਇਲ ਹਲਕਿਆਂ ਵਿੱਚ ਪੈਂਦੇ ਤਿੰਨ ਮਹੱਤਵਪੂਰਨ ਸੜਕੀ ਪ੍ਰਾਜੈਕਟਾਂ ਦੀ 22.56 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਮੁਰੰਮਤ ਅਤੇ ਪੁਨਰ ਨਿਰਮਾਣ ਲਈ ਨੀਂਹ ਪੱਥਰ ਰੱਖੇ।

ਇਨ੍ਹਾਂ ਪ੍ਰਾਜੈਕਟਾਂ ਵਿੱਚ 2.37 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਚੰਡੀਗੜ੍ਹ ਹਾਈਵੇਅ ਤੋਂ ਗੁਰਦੁਆਰਾ ਦੇਗਸਰ ਸਾਹਿਬ ਸੜਕ (2-ਕਿ.ਮੀ.), 13.03 ਕਰੋੜ ਰੁਪਏ ਦੀ ਲਾਗਤ ਨਾਲ ਬੀਜਾ-ਪਾਇਲ-ਜਗੇਰਾ ਸੜਕ (15.70 ਕਿਲੋਮੀਟਰ) ਅਤੇ 7.16 ਕਰੋੜ ਰੁਪਏ ਦੀ ਲਾਗਤ ਵਾਲੀ ਪਾਇਲ-ਈਸੜੂ ਸੜਕ (9.60 ਕਿਲੋਮੀਟਰ) ਸ਼ਾਮਲ ਹਨ। ਇਹ ਕੰਮ ਆਉਂਦੇ ਛੇ ਤੋਂ ਨੌਂ ਮਹੀਨਿਆਂ ਵਿੱਚ ਮੁਕੰਮਲ ਕਰ ਲਏ ਜਾਣਗੇ।

ਇੰਨ੍ਹਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਮੌਕੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ਤੋਂ ਲੈ ਕੇ ਗੁਰਦੁਆਰਾ ਦੇਗਸਰ ਸਾਹਿਬ ਤੱਕ 2 ਕਿਲੋਮੀਟਰ ਦੇ ਹਿੱਸੇ ਦੀ ਖਸਤਾ ਹਾਲਤ ਹੈ, ਜਿਸ ਕਾਰਨ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਇਸੇ ਤਰ੍ਹਾਂ ਬੀਜਾ-ਪਾਇਲ-ਜਗੇਰਾ ਅਤੇ ਪਾਇਲ-ਈਸੜੂ ਨੂੰ ਜਾਣ ਵਾਲੀਆਂ ਸੜਕਾਂ ਜੋ ਐਨ.ਐਚ-44 ਨੂੰ ਲੁਧਿਆਣਾ-ਮਾਲੇਰਕੋਟਲਾ ਰਾਜ ਮਾਰਗ ਨਾਲ ਜੋੜਨ ਵਾਲੀਆਂ ਸੜਕਾਂ ਦਾ ਕੰਮ ਕਰਦੀਆਂ ਹਨ

 ਟੋਇਆਂ ਨਾਲ ਭਰੀਆਂ ਹੋਈਆਂ ਹਨ ਅਤੇ ਇਨ੍ਹਾਂ ਦੀ ਤੁਰੰਤ ਮੁਰੰਮਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਖਸਤਾ ਹਾਲਤ ਰਾਹਗੀਰਾਂ ਲਈ ਇੱਕ ਡਰਾਉਣਾ ਸੁਪਨਾ ਬਣ ਚੁੱਕੀਆਂ ਹਨ।  ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਲੋਕਾਂ ਵੱਲੋਂ ਵਾਰ-ਵਾਰ ਉਠਾਈ ਜਾਂਦੀ ਮੰਗ ਵੱਲ ਧਿਆਨ ਦੇਣ ਵਿੱਚ ਅਸਫਲ ਰਹੀਆਂ ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ ਜੋ ਹਰ ਖੇਤਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਚਲਾਏ ਜਾ ਰਹੇ ਵਿਕਾਸ ਪ੍ਰੋਜੈਕਟਾਂ ਤੋਂ ਸਪੱਸ਼ਟ ਹੁੰਦਾ ਹੈ।  ਉਨ੍ਹਾਂ ਕਿਹਾ ਕਿ ਸੜਕੀ ਢਾਂਚੇ ਨੂੰ ਪੰਜਾਬ ਦੇ ਮਿਆਰਾਂ ਦੇ ਬਰਾਬਰ ਵਿਕਸਤ ਕੀਤਾ ਜਾਵੇਗਾ।

ਹਰਭਜਨ ਸਿੰਘ ਈ.ਟੀ.ਓ ਨੇ ਇਸ ਮੌਕੇ 'ਆਪ' ਸਰਕਾਰ ਦੀਆਂ ਪ੍ਰਾਪਤੀਆਂ, ਜਿਸ ਵਿੱਚ ਮੁਫ਼ਤ 600 ਯੂਨਿਟ ਬਿਜਲੀ, ਇੱਕ ਵਿਧਾਇਕ-ਇੱਕ ਪੈਨਸ਼ਨ, ਆਮ ਆਦਮੀ ਕਲੀਨਿਕ, ਨੌਜਵਾਨਾਂ ਨੂੰ 30000 ਸਰਕਾਰੀ ਨੌਕਰੀਆਂ, ਭ੍ਰਿਸ਼ਟਾਚਾਰ ਵਿਰੁੱਧ ਜੰਗ ਅਤੇ ਕਈ ਹੋਰ ਲੋਕ ਪੱਖੀ ਲਏ ਗਏ ਫੈਸਲਿਆਂ ਦਾ ਵੀ ਜਿਕਰ ਕੀਤਾ। ਇਸ ਮੌਕੇ ਵਿਧਾਇਕ ਸ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਪ੍ਰਾਜੈਕਟ ਸ਼ੁਰੂ ਕਰਵਾਉਣ ਲਈ ਮੰਤਰੀ ਦਾ ਧੰਨਵਾਦ ਕੀਤਾ।