Balbir Singh Rajewal: ਪੰਜਾਬ ਦੇ ਸਾਰੇ ਸਹਿਕਾਰੀ ਅਦਾਰੇ ਡੁੱਬ ਰਹੇ, ਪਰ ਕਿਸੇ ਨੂੰ ਕੋਈ ਪਰਵਾਹ ਨਹੀਂ - ਬਲਬੀਰ ਰਾਜੇਵਾਲ
Balbir Singh Rajewal: ਵੱਡੇ ਘਪਲੇ ਹੋਏ ਹਨ ਜਿਨ੍ਹਾਂ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ- ਰਾਜੇਵਾਲ
Balbir Singh Rajewal today news : ਸੰਯੁਕਤ ਕਿਸਾਨ ਮੋਰਚਾ ਦੇ ਉੱਘੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਨੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਨੂੰ ਛੱਡ ਕੇ ਸਾਰੇ ਮਿਲਕ ਪਲਾਂਟ, ਇਕ ਦੋ ਨੂੰ ਛੱਡ ਕੇ ਸਾਰੀਆਂ ਖ਼ੰਡ ਮਿੱਲਾਂ, ਪੰਜਾਬ ਦੇ ਕੋ-ਆਪਰੇਟਿਵ ਅਤੇ ਲੈਂਡ ਮਾਰਗੇਜ ਬੈਂਕਾਂ ਸਮੇਤ ਸਾਰੇ ਸਹਿਕਾਰੀ ਅਦਾਰੇ ਘਾਟੇ ਵਿਚ ਹੋਣ ਕਾਰਨ ਡੁੱਬਣ ਜਾ ਰਹੇ ਹਨ।
ਰਾਜੇਵਾਲ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਰਜਿਸਟਰ ਸਹਿਕਾਰੀ ਸਭਾਵਾਂ ਨੂੰ ਮਿਲ ਕੇ ਜੋ ਸਹਿਕਾਰੀ ਸਭਾਵਾਂ ਦੇ ਪੰਜਾਬ ਦੇ ਕਸਟੋਡੀਅਨ ਹਨ, ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਹੈ। ਇਸ ਮੌਕੇ ’ਤੇ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਸਹਿਕਾਰੀ ਬੈਂਕ 88 ਵਿਚੋਂ 65 ਘਾਟੇ ਵਿਚ ਚੱਲ ਰਹੇ ਹਨ। ਇਸ ਦੇ ਨਾਲ ਹੀ ਰਾਜੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਰਜਿਸਟਰਾਰ ਨੂੰ ਤੱਥਾਂ ਉੱਤੇ ਆਧਾਰਿਤ ਸਵਾਲ ਕਰਕੇ ਪੁੱਛਿਆ ਕਿ ਜੇਕਰ ਤੁਸੀਂ ਅਤੇ ਸਰਕਾਰ ਅਦਾਰਿਆਂ ਦੀ ਸਾਰ ਨਹੀਂ ਲਓਗੇ ਤੇ ਇਨ੍ਹਾਂ ਵਿਚ ਅੰਤਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਾਓਗੇ ਤਾਂ ਪੰਜਾਬ ਦੇ ਕਿਸਾਨਾਂ ਦਾ ਹਾਲ ਹੋਰ ਮਾੜਾ ਹੋ ਜਾਵੇਗਾ।
ਰਾਜੇਵਾਲ ਨੇ ਇਹ ਵੀ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ, ਬਠਿੰਡਾ, ਜਲੰਧਰ, ਹੁਸ਼ਿਆਰਪੁਰ ,ਸੰਗਰੂਰ , ਫ਼ਾਜ਼ਿਲਕਾ ,ਫਰੀਦਕੋਟ , ਪਟਿਆਲਾ ਅਤੇ ਬੱਸੀ ਪਠਾਣਾ ਕਰੋੜਾਂ ਰੁਪਏ ਦੇ ਘਾਟੇ ਵਿਚ ਇਹ 9 ਸਹਿਕਾਰੀ ਮਿਲਕ ਪਲਾਂਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਮਿਲਕ ਪਲਾਂਟ ਐਵੇਂ ਘਾਟੇ ਵਿੱਚ ਨਹੀਂ ਗਏ। ਵੱਡੇ ਘਪਲੇ ਹੋਏ ਹਨ ਜਿਨ੍ਹਾਂ ਦੀ ਕਿਸੇ ਨੇ ਪ੍ਰਵਾਹ ਨਹੀਂ ਕੀਤੀ।
ਮਿਲਕਫ਼ੈਡ ਦਾ ਇਹ ਇਤਿਹਾਸ ਬਣ ਚੱਲਿਆ ਕਿ ਜਿਸ ਵੀ ਅਧਿਕਾਰੀ ਨੇ ਜਿੰਨਾ ਵੱਡਾ ਘਪਲਾ ਕੀਤਾ, ਉਸ ਨੂੰ ਉਨਾਂ ਹੀ ਵੱਡਾ ਇਨਾਮ ਦੇ ਕੇ, ਹੋਰ ਵਧੀਆ ਪਲਾਂਟ ਵਿੱਚ ਲਾਇਆ ਗਿਆ ਤਾਂ ਜੋ ਉਹ ਨਵੀਂ ਜਗ੍ਹਾ ਜਾ ਕੇ ਇਕ ਹੋਰ ਵਧੀਆ ਪਲਾਂਟ ਦਾ ਭੱਠਾ ਬਿਠਾਵੇ | ਮੋਹਾਲੀ ਪਲਾਂਟ ਵਿੱਚ ਸੈਪ ਸਾਫ਼ਟਵੇਅਰ ਗਾਇਬ ਕਰਕੇ 10 ਤੋਂ 12 ਕਰੋੜ ਦਾ ਘਪਲਾ ਕੀਤਾ ਗਿਆ|
ਕਾਰਵਾਈ ਜਾਣ ਬੁੱਝ ਕੇ ਲਮਕਾਈ ਗਈ ਤਾਂ ਜੋ ਮਾਮਲਾ ਅਦਾਲਤਾਂ ਵਿੱਚ ਚਲਾ ਜਾਵੇ। ਹੁਣ ਮਾਮਲਾ ਅਦਾਲਤ ਵਿੱਚ ਹੈ, ਪਤਾ ਨਹੀਂ ਕਿੰਨੇ ਸਾਲ ਫੈਸਲੇ ਨੂੰ ਲੱਗਣਗੇ। ਮੋਹਾਲੀ ਪਲਾਂਟ ਦੀਆਂ 83000 ਟਰੇਆਂ ਪਲਾਂਟ ਵਿੱਚ ਵਾਪਸ ਹੀ ਨਹੀਂ ਆਈਆਂ, ਇਸ ਘਪਲੇ ਦਾ 1.68 ਕਰੋੜ ਦਾ ਲੇਖਾ ਹੋਇਆ ਪਰ ਇਨ੍ਹਾਂ ਟਰੇਆਂ ਵਿੱਚ 5 ਕਰੋੜ ਦਾ ਦੁੱਧ ਵੀ ਗਾਇਬ ਹੋਇਆ, ਉਸ ਦਾ ਕੋਈ ਲੇਖਾ ਨਹੀਂ। ਘਪਲੇ ਦੇ ਦੋਸ਼ੀ ਜੀ.ਐਮ. ਨੂੰ ਇਨਾਮ ਵਿੱਚ ਉਸ ਦੇ ਘਰ ਜਲੰਧਰ ਤਾਇਨਾਤ ਕਰ ਦਿੱਤਾ। ਮਿਲਕ ਪਲਾਂਟ ਚੰਡੀਗੜ੍ਹ ਵਿੱਚ 1.50 ਕਰੋੜ ਦਾ ਡਿਸਟਰੀਬਿਊਟਰਾਂ ਨਾਲ ਮਿਲ ਕੇ ਘਪਲਾ ਹੋ ਗਿਆ। ਕੋਈ ਪੁੱਛ ਪੜਤਾਲ ਨਹੀਂ ਹੋਈ। ਘਪਲੇ ਦੇ ਦੋਸ਼ੀ ਨੂੰ ਮਿਲਕਫ਼ੈਡ ਵਿੱਚ ਮਾਰਕੀਟਿੰਗ ਦਾ ਮੁਖੀ ਲਾ ਦਿੱਤਾ ਗਿਆ। ਮਿਲਕ ਪਲਾਂਟ ਲੁਧਿਆਣਾ ਵਿੱਚ 74 ਲੱਖ ਦਾ ਸਟਾਕ ਵਿੱਚ ਵਾਈਟ ਬਟਰ ਗਾਇਬ ਹੋ ਗਿਆ।