Raikot News: ਪ੍ਰਵਾਸੀ ਮਜ਼ਦੂਰ ਨੇ ਪੂਰੇ ਪਿੰਡ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਜਾਣੋ ਪੂਰਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੜੀ ਨੂੰ ਭਜਾ ਕੇ ਲਿਆਉਣ 'ਤੇ ਪੰਚਾਇਤ ਨੇ ਪਿੰਡੋਂ ਕੱਢਿਆ ਸੀ ਪ੍ਰਵਾਸੀ ਮੁੰਡਾ

Andlu Raikot news in punjabi

Andlu Raikot news in punjabi : ਰਾਏਕੋਟ ਦੇ ਪਿੰਡ ਆਂਡਲੂ ਵਾਸੀਆਂ ਨੂੰ ਬੀਤੇ ਦਿਨੀਂ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਧਮਕੀਆਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਪਿੰਡ ’ਚ ਦਹਿਸ਼ਤ ਤੇ ਰੋਹ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪਿੰਡਵਾਸੀਆਂ ਵੱਲੋਂ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦੀ ਦੇਖ-ਰੇਖ ਹੇਠ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ ਗਈ। ਨਾਲ ਹੀ ਰਾਏਕੋਟ ਸਦਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਪ੍ਰਵਾਸੀ ਮਜ਼ਦੂਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦਰਅਸਲ ਪਿੰਡ ਆਂਡਲੂ ਵਿਚ ਆਪਣੇ ਮਾਪਿਆਂ ਨਾਲ ਲੰਮੇ ਸਮੇਂ ਤੋਂ ਰਹਿੰਦਾ ਇੱਕ ਪ੍ਰਵਾਸੀ ਮਜ਼ਦੂਰ ਕਿਸੇ ਹੋਰ ਪਿੰਡ ਦੀ ਲੜਕੀ ਨੂੰ ਭਜਾ ਕੇ ਪਿੰਡ ਲੈ ਆਇਆ ਸੀ, ਜਿਸ ਤੋਂ ਬਾਅਦ ਪੰਚਾਇਤ ਤੇ ਪਿੰਡਵਾਸੀਆਂ ਨੇ ਸਮਾਜ ਸੇਵੀ ਆਗੂ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ’ਚ ਉਕਤ ਪ੍ਰਵਾਸੀ ਮਜ਼ਦੂਰ ਪਰਿਵਾਰ ਪਾਸੋਂ ਲੜਕੀ ਨੂੰ ਉਸ ਦੇ ਘਰ ਵਾਪਸ ਭੇਜ ਦਿੱਤਾ, ਉਥੇ ਹੀ ਗ੍ਰਾਮ ਪੰਚਾਇਤ ਨੇ ਉਕਤ ਮਜ਼ਦੂਰ ਪਰਿਵਾਰ ਨੂੰ ਪਿੰਡ ’ਚੋਂ ਕੱਢ ਦਿੱਤਾ। ਇਸ ਤੋਂ ਭੜਕੇ ਪ੍ਰਵਾਸੀ ਮਜ਼ਦੂਰ ਲੜਕੇ ਮੋਹਿਤ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪਾ ਕੇ ਜਸਵਿੰਦਰ ਸਿੰਘ ਜੱਸੀ ਸਮੇਤ ਸਾਰੇ ਪਿੰਡਵਾਸੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ।

ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਕਤ ਵਿਅਕਤੀ ਖ਼ਿਲਾਫ਼ ਜਲਦ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਸਮੂਹ ਪੰਜਾਬ ਵਾਸੀਆਂ ਸਮੇਤ ਨਿਹੰਗ, ਸਿੱਖ ਤੇ ਕਿਸਾਨ ਜੱਥੇਬੰਦੀਆਂ ਤੋਂ ਸਾਥ ਮੰਗਿਆ ਹੈ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਆਖਿਆ ਕਿ ਇਸ ਮਸਲੇ ਵਿਚ ਸਾਰਾ ਪਿੰਡ ਇੱਕ-ਜੁੱਟ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿਥੇ ਗ੍ਰਾਮ ਪੰਚਾਇਤ ਵੱਲੋਂ ਦਿਨ-ਰਾਤ ਨਿਗ੍ਹਾ ਰੱਖੀ ਜਾ ਰਹੀ ਹੈ, ਉਥੇ ਹੀ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਰੱਖਿਆ ਹੋਇਆ ਹੈ।

ਇਸ ਮਾਮਲੇ ਸਬੰਧੀ ਜਦੋਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐਸਐਚਓ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਿੰਡ ਆਂਡਲੂ ਦੇ ਜਸਵਿੰਦਰ ਸਿੰਘ ਜੱਸੀ ਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਉਕਤ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

"(For more news apart from “Andlu Raikot news in punjabi , ” stay tuned to Rozana Spokesman.)