ਕੋਰੋਨਾ ਬਾਰੇ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸਿਹਤ ਮੰਤਰੀ ਵਲੋਂ ਕਾਰਵਾਈ ਦੇ ਹੁਕਮ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ.ਜੀ.ਪੀ ਵਲੋਂ ਜ਼ਿਲ੍ਹਾ ਅਫ਼ਸਰਾਂ ਨੂੰ ਤੁਰਤ ਕਾਰਵਾਈ ਦੀਆਂ ਹਦਾਇਤਾਂ ਜਾਰੀ

Balbir Singh Sidhu

ਚੰਡੀਗੜ੍ਹ : ਕਰੋਨਾ ਵਾਇਰਸ ਬਾਰੇ ਸੋਸ਼ਲ ਮੀਡੀਆ ਗਰੁਪਾਂ ਵਿਚ ਚੱਲ ਰਹੀ ਗੁਮਰਾਹਕੁਨ ਤੇ ਕੂੜ ਪ੍ਰਚਾਰ ਨਾਲ ਭਰੀ ਆਡੀਉ-ਵੀਡੀਉਜ਼ ਦਾ ਗੰਭੀਰ ਨੋਟਿਸ ਲੈਂਦਿਆਂ ਸਿਹਤ ਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨਾਂ ਨੂੰ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿਤੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦਸਿਆ ਕਿ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਸਮੂਹ ਜ਼ਿਲ੍ਹਾ ਅਫ਼ਸਰਾਂ ਨੂੰ ਤੁਰਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਪੁਲਿਸ ਵਿਭਾਗ ਦੇ ਸਾਇਬਰ ਵਿੰਗ ਨੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਤਫ਼ਤੀਸ਼ ਜੰਗੀ ਪੱਧਰ 'ਤੇ ਸ਼ੁਰੂ ਕਰ ਦਿਤੀ ਹੈ।

ਉਨ੍ਹਾਂ ਦਸਿਆ ਕਿ ਬੀਤੀ ਕੱਲ੍ਹ ਪਟਿਆਲਾ ਦੇ ਥਾਣਾ ਤ੍ਰਿਪੜੀ ਵਿਖੇ ਆਈ.ਪੀ.ਸੀ. ਦੀ ਧਾਰਾ 188 ਅਤੇ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਕੀਤੇ ਗਏ ਪਹਿਲੇ ਮਾਮਲੇ 'ਚ ਗਰੀਸ਼ ਭੱਟ ਪੁੱਤਰ ਪਰਮਾਨੰਦ ਭੱਟ ਵਾਸੀ ਰਣਜੀਤ ਨਗਰ ਨੂੰ ਨਾਮਜ਼ਦ ਕੀਤਾ ਗਿਆ ਹੈ। 

ਇਸ ਵਿਅਕਤੀ ਨੇ ਇੰਸਟਾਗ੍ਰਾਮ 'ਤੇ ਕੋਰੋਨਾ ਮਹਾਂਮਾਰੀ ਬਾਰੇ ਇਕ ਝੂਠਾ ਵੀਡੀਉ ਅਪਲੋਡ ਕੀਤਾ ਸੀ। ਪੁਲਿਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਕੇ ਇਸਦਾ ਫ਼ੋਨ ਆਦਿ ਜ਼ਬਤ ਕਰ ਲਿਆ ਹੈ। ਇਸੇ ਤਰ੍ਹਾਂ ਹੀ ਪਟਿਆਲਾ ਦੇ ਥਾਣਾ ਸਿਵਲ ਲਾਈਨਜ ਵਿਖੇ ਸਰਬਜੋਤ ਸਿੰਘ ਸੋਨੂ ਪੁੱਤਰ ਘੁਲਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਵਿਅਕਤੀ ਨੇ ਇਕ ਫ਼ੇਸਬੁੱਕ ਗਰੁਪ ਵਿਚ ਪੋਸਟ ਪਾ ਕੇ ਪਿੰਡਾਂ ਵਿਚ ਕੋਵਿਡ-19 ਦੇ ਟੈਸਟ ਕਰਨ ਲਈ ਸੈਂਪਲ ਲੈਣ ਜਾਂਦੀਆਂ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਕੋਰੋਨਾ ਯੋਧਿਆਂ ਬਾਰੇ ਭਰਮ-ਭੁਲੇਖੇ ਪੈਦਾ ਕਰ ਕੇ ਅਫ਼ਵਾਹਾਂ ਫੈਲਾਈਆਂ ਸਨ।

ਕਾਬਲੇਗੌਰ ਹੈ ਕਿ ਪਿਛਲੇ ਦਿਨਾਂ ਦੌਰਾਨ ਅਜਿਹੀਆਂ ਅਫ਼ਵਾਹਾਂ 'ਚ ਅਚਾਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ, ਜਿਸ 'ਚ ਕਰੋਨਾ ਵਾਇਰਸ ਅਤੇ ਇਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਸਬੰਧੀ ਕਈ ਤਰ੍ਹਾਂ ਦੀਆਂ ਗੁੰਮਰਾਹਕੁਨ ਅਫ਼ਵਾਹਾਂ ਫ਼ੈਲਾਈਆਂ ਜਾ ਰਹੀਆਂ ਸਨ। ਲੋਕਾਂ ਤਕ ਸਹੀ ਜਾਣਕਾਰੀ ਪਹੁੰਚਾਉਣ ਅਤੇ ਗ਼ਲਤ ਜਾਣਕਾਰੀ ਫ਼ੈਲਾਉਣ ਵਾਲਿਆਂ ਖਿਲਾਫ਼ ਕਾਰਵਾਈ ਸਬੰਧੀ ਆਵਾਜ਼ ਉਠਣ ਤੋਂ ਬਾਅਦ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।