ਵਣ ਨਿਗਮ 'ਚ ਹੋਏ ਤਰੱਕੀ ਘੁਟਾਲੇ ਦੀ ਜੁਡੀਸ਼ੀਅਲ ਜਾਂਚ ਹੋਵੇ: ਕੁਲਤਾਰ ਸਿੰਘ ਸੰਧਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-ਘੁਟਾਲੇਬਾਜ ਮੰਤਰੀ ਧਰਮਸੋਤ ਨੂੰ ਕਦੋਂ ਤੱਕ ਬਚਾਉਣਗੇ ਮੁੱਖਮੰਤਰੀ: ਪ੍ਰੋ. ਬਲਜਿੰਦਰ ਕੌਰ

kultar singh sandhwan

ਚੰਡੀਗੜ, 31 ਅਗਸਤ 2020 - ਆਮ ਆਦਮੀ ਪਾਰਟੀ (ਆਮ) ਪੰਜਾਬ ਨੇ ਵਜੀਫ਼ਾ ਘੁਟਾਲੇ ਤੋਂ ਬਾਅਦ ਹੁਣ ਵਣ ਨਿਗਮ ਦੇ ਤਰੱਕੀ (ਪ੍ਰਮੋਸ਼ਨ) ਘੁਟਾਲੇ 'ਚ ਘਿਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਮੰਤਰੀ ਮੰਡਲ 'ਚ ਕੱਢਣ ਦੇ ਨਾਲ-ਨਾਲ ਵਣ ਨਿਗਮ 'ਚ ਹੋਈਆਂ ਗੜਬੜੀਆਂ-ਬੇਨਿਯਮੀਆਂ ਦੀ ਸਮਾਂਬੱਧ ਜੁਡੀਸ਼ੀਅਲ ਜਾਂਚ ਮੰਗੀ ਹੈ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਅਜਿਹੀ ਕਿਹੜੀ ਮਜਬੂਰੀ ਜਾਂ ਬੇਬਸੀ ਹੈ ਕਿ ਸੱਤਾਧਾਰੀ ਕਾਂਗਰਸ ਇੱਕ ਮਹਾਂਭ੍ਰਿਸ਼ਟ ਅਤੇ ਮੰਤਰੀ ਖਿਲਾਫ਼ ਕਾਰਵਾਈ ਤੋਂ ਭੱਜ ਰਹੀ ਹੈ? ਪੰਜਾਬ ਦੀ ਜਨਤਾ ਇਸਦਾ ਮੁੱਖਮੰਤਰੀ ਅਤੇ ਸਮੁੱਚੀ ਕਾਂਗਰਸ ਕੋਲੋਂ ਜਵਾਬ ਮੰਗ ਰਹੀ ਹੈ।

ਕੁਲਤਾਰ ਸਿੰਘ ਸੰਯਧਵਾਂ ਨੇ ਕਿਹਾ ਕਿ ਪੰਜਾਬ ਵਣ ਨਿਗਮ (ਜਿਸਦਾ ਮੰਤਰੀ ਧਰਮਸੋਤ ਹੀ ਹੈ) 'ਚ ਜਿਸ ਢੰਗ ਤਰੀਕੇ ਅਤੇ ਫੁਰਤੀ ਨਾਲ ਛੜੱਪਾਮਾਰ ਤਰੱਕੀਆਂ ਕੀਤੀਆਂ ਗਈਆਂ ਹਨ, ਉਸ 'ਚੋ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ। ਸੰਧਵਾਂ ਨੇ ਕਿਹਾ ਕਿ ਆਮ ਆਦਮੀ  ਪਾਰਟੀ ਸਰਕਾਰੀ ਵਿਭਾਗਾਂ 'ਚ ਸਮੇਂ ਸਿਰ ਮੈਰਿਟ ਉੱਤੇ ਪਾਰਦਰਸ਼ੀ ਤਰੱਕੀਆਂ ਦੀ ਹਮੇਸ਼ਾ ਵਕਾਲਤ ਕਰਦੀ ਹੈ ਪ੍ਰੰਤੂ ਵਣ ਨਿਗਮ 'ਚ ਜਿਸ ਤਰਾਂ ਫੀਲਡ ਸੁਪਰੰਡਟਾਂ ਨੂੰ ਡਿਪਟੀ ਪ੍ਰੋਜੇਕਟ ਡਾਇਰੈਕਟਰ ਦੀ ਥਾਂ ਸਿੱਧਾ ਪ੍ਰੋਜੈਕਟ ਡਾਇਰੈਕਟਰ ਬਣਾਉਣ ਅਤੇ ਭਵਿੱਖ 'ਚ ਹੋਣ ਵਾਲੀਆ ਤਰੱਕੀਆਂ ਦੇ ਵੀ ਹੁਕਮ ਜਾਰੀ ਕਰਨ ਨਾਲ ਪੂਰੀ ਤਰੱਕੀ ਪ੍ਰਕਿਰਿਆਂ ਸ਼ੱਕ ਦੇ ਘੇਰੇ 'ਚ ਆ ਗਈ ਹੈ। ਇਸ ਲਈ ਇਸ ਦੀ ਨਿਰਪੱਖ ਜੁਡੀਸ਼ੀਅਲ ਜਾਂਚ ਜ਼ਰੂਰੀ ਹੈ।

ਪ੍ਰੋ. ਬਲਜਿੰਦਰ ਕਰੌ ਨੇ ਕਿਹਾ ਕਿ ਜਿੰਨਾ ਚਿਰ ਸਾਧੁ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ 'ਚੋ ਬਰਖਾਸਤ ਨਹੀਂ ਕੀਤਾ ਜਾਂਦਾ ਉਨਾਂ ਚਿਰ 'ਚ ਨਾ ਵਜੀਫ਼ਾ ਘੁਟਾਲਾ ਅਤੇ ਨਾ ਹੀ ਇਸ ਤਰੱਕੀ ਘੁਟਾਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ। ਇਸ ਲਈ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਤੁਰੰਤ ਚਲਦਾ ਕੀਤਾ ਜਾਵੇ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਾਂਗਰਸ ਅਤੇ ਮੁੱਖਮੰਤਰੀ ਧਰਮਸੋਤ ਵਰਗੇ ਭ੍ਰਿਸ਼ਟ ਮੰਤਰੀ ਨੂੰ ਜ਼ਿਆਦਾ ਸਮਾਂ ਨਹੀਂ ਬਚਾ ਸਕਦੇ। ਸਰਕਾਰ ਨੂੰ ਤਾਨਾਸ਼ਾਹੀ ਰਵੇਈਆ ਛੱਡ-'ਆਪ' ਵੱਲੋਂ ਵਿੱਢੇ ਸੰਘਰਸ਼ ਮੂਹਰੇ ਗੋਡੇ ਟੇਕਣੇ ਹੀ ਪੈਣਗੇਂ।