Air India ਦੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ 3 ਸਤੰਬਰ ਤੋਂ ਹੋਵੇਗੀ ਸ਼ੁਰੂ
ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ਤੇ ਕੀਤੀ ਜਾ ਸਕਦੀ ਹੈ।
ਅੰਮ੍ਰਿਤਸਰ (ਅਮਰੀਕ ਸਿੰਘ ਵੱਲਾ, ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤ ਅਤੇ ਯੂਕੇ ਵਿਚਕਾਰ ਉਡਾਣਾਂ ਦੀ ਵੱਡੀ ਮੰਗ ਨੂੰ ਮੁੱਖ ਰੱਖਦੇ ਹੋਏ ਏਅਰ ਇੰਡੀਆ (Air India) 3 ਸਤੰਬਰ ਤੋਂ ਅਪਣੀ ਅੰਮ੍ਰਿਤਸਰ-ਬਰਮਿੰਘਮ (Amritsar to Birmingham) ਸਿੱਧੀ ਉਡਾਣ ਮੁੜ ਸ਼ੁਰੂ ਕਰ ਰਹੀ ਹੈ। ਯੂਕੇ ਸਰਕਾਰ ਵਲੋਂ 8 ਅਗੱਸਤ ਤੋਂ ਭਾਰਤ ਦਾ ਨਾਮ ‘ਲਾਲ’ ਸੂਚੀ ਤੋਂ ਹਟਾ ਕੇ ਇਸ ਨੂੰ ‘ਏਂਬਰ’ ਸੂਚੀ ਵਿਚ ਪਾ ਦਿਤੇ ਜਾਣ ਤੋਂ ਬਾਅਦ ਉਡਾਣਾਂ ਦੋਹਾਂ ਮੁਲਕਾਂ ਵਿਚਕਾਰ ਉਡਾਣਾਂ (Direct Flights) ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ।
ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਹਰ ਹਫ਼ਤੇ ਵਿਚ ਇਕ ਸਿੱਧੀ ਉਡਾਣ 3 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਉਡਾਣ ਹਰ ਸ਼ੁਕਰਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:00 ਵਜੇ ਉਡਾਣ ਭਰੇਗੀ ਅਤੇ ਉਸੇ ਦਿਨ ਸ਼ਾਮ 5:20 ਵਜੇ ਬਰਮਿੰਘਮ ਪਹੁੰਚੇਗੀ। ਵਾਪਸੀ ਦੀ ਉਡਾਣ ਸਨਿਚਰਵਾਰ ਸ਼ਾਮ ਨੂੰ 7:30 ਵਜੇ ਬਰਮਿੰਘਮ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਐਤਵਾਰ ਸਵੇਰੇ 7:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ ’ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ (Flight Booking) ਏਅਰ ਇੰਡੀਆ ਦੀ ਵੈਬਸਾਈਟ ਤੇ ਕੀਤੀ ਜਾ ਸਕਦੀ ਹੈ।
ਲੰਡਨ ਅਤੇ ਬਰਮਿੰਘਮ ਨਾਲ ਹਵਾਈ ਸੰਪਰਕ ਮੁੜ ਸ਼ੁਰੂ ਹੋਣ ਦਾ ਸਵਾਗਤ ਕਰਦੇ ਹੋਏ, ਅੰਮ੍ਰਿਤਸਰ ਵਿਕਾਸ ਮੰਚ (ਐਨਜੀਓ) ਦੇ ਸਕੱਤਰ ਯੋਗੇਸ਼ ਕਰਮਾ ਨੇ ਕਿਹਾ,‘‘ਇਨ੍ਹਾਂ ਉਡਾਣਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਿਸਾਨ ਅਤੇ ਵਪਾਰੀਆਂ ਨੂੰ ਸਬਜ਼ੀਆਂ, ਫਲ, ਅਤੇ ਹੋਰ ਵਸਤੂਆਂ ਵਿਦੇਸ਼ ਭੇਜਣ ਵਿਚ ਆਸਾਨੀ ਹੋਵੇਗੀ।
ਬਰਮਿੰਘਮ ਨਾਲ ਪੰਜਾਬ ਦਾ ਸਿੱਧਾ ਸੰਪਰਕ ਦਹਾਕਿਆਂ ਪੁਰਾਣੀ ਮੰਗ ਰਹੀ ਹੈ ਅਤੇ ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੇ ਇਸ ਨੂੰ ਮੁੜ ਪੂਰਾ ਕੀਤਾ ਹੈ। ਫ਼ਰਵਰੀ 2018 ਵਿਚ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਯੰਤ ਸਿਨਹਾ ਅਤੇ ਉਨ੍ਹਾਂ ਤੋਂ ਬਾਅਦ ਨਵੇਂ ਬਣੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਦੋਵਾਂ ਨੇ ਇਸ ਉਡਾਣ ਦੀ ਮਹੱਤਤਾ ਨੂੰ ਮੁੱਖ ਰਖਦੇ ਹੋਏ, ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤਾ ਸੀ ਕਿ ਉਹ ਇਸ ਸੇਵਾ ਨੂੰ ਪਹਿਲ ਦੇ ਆਧਾਰ ’ਤੇ ਦੁਬਾਰਾ ਸ਼ੁਰੂ ਕਰਨ।”