ਦੇਸ਼ ਲਈ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ ਅਵਨੀ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਲਈ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ ਅਵਨੀ

image


ਭਾਲਾ ਸੁੱਟ ਮੁਕਾਬਲੇ 'ਚ ਵਿਸ਼ਵ ਰਿਕਾਰਡ ਨਾਲ ਸੁਮਿਤ ਨੇ ਸੋਨਾ ਜਿਤਿਆ

ਟੋਕੀਉ, 30 ਅਗੱਸਤ : ਭਾਰਤ ਦੀ ਅਵਨੀ ਲੇਖਰਾ ਨੇ ਸੋਮਵਾਰ ਨੂੰ  ਇਥੇ ਟੋਕੀਉ ਪੈਰਾਲੰਪਿਕ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਦੇ ਕਲਾਸ ਐਸ.ਐਚ.-1 ਵਿਚ ਸੋਨਾ ਤਮਗ਼ਾ ਜਿੱਤ ਕੇ ਇਤਿਹਾਸ ਰਚ ਦਿਤਾ | ਦੂਜੇ ਪਾਸੇ ਭਾਲਾ ਸੁੱਟ ਮੁਕਾਬਲੇ ਵਿਚ ਅਪਣੇ ਹੀ ਵਿਸ਼ਵ ਰਿਕਾਰਡ ਨੂੰ  ਤੋੜ ਕੇ ਸੁਮਿਤ ਅੰਤਿਲ ਨੇ ਸੋਨੇ 'ਤੇ ਭਾਲਾ ਗੱਡ ਦਿਤਾ ਹੈ | ਅਵਨੀ ਪੈਰਾਲੰਪਿਕ ਖੇਡਾਂ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਖਿਡਾਰਨ ਹੈ | ਇਹ ਭਾਰਤ ਦਾ ਇਨ੍ਹਾਂ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਵੀ ਪਹਿਲਾ ਸੋਨ ਤਮਗ਼ਾ ਹੈ | ਟੋਕੀਉ ਪੈਰਾਲੰਪਿਕ ਵਿਚ ਵੀ ਇਹ ਦੇਸ਼ ਦਾ ਪਹਿਲਾ ਸੋਨ ਤਮਗ਼ਾ ਹੈ, ਇਸ ਤੋਂ ਬਾਅਦ 
ਸੁਮਿਤ ਨੇ ਦੇਸ਼ ਨੂੰ  ਦੂਜਾ ਸੋਨ ਤਮਗ਼ਾ ਦਿਵਾਇਆ | ਪੈਰਾਲੰਪਿਕ ਖੇਡਾਂ ਵਿਚ ਤਮਗ਼ਾ ਜਿੱਤਣ ਵਾਲੀ ਅਵਨੀ ਤੀਜੀ ਭਾਰਤੀ ਖਿਡਾਰਨ ਹੈ | ਅਵਨੀ ਨੇ ਫ਼ਾਈਨਲ ਵਿਚ 249.6 ਅੰਕ ਬਣਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਪਹਿਲਾ ਸਥਾਨ ਹਾਸਲ ਕੀਤਾ | ਉਨ੍ਹਾਂ ਨੇ ਚੀਨ ਦੀ ਝਾਂਗ ਕੁਈਪਿੰਗ (248.9 ਅੰਕ) ਨੂੰ  ਪਿੱਛੇ ਛਡਿਆ | ਯੂਕਰੇਨ ਦੀ ਇਰਿਆਨਾ ਸ਼ੇਤਨਿਕ (227.5) ਨੇ ਕਾਂਸੀ ਤਮਗ਼ਾ ਜਿਤਿਆ | 
ਜੈਪੁਰ ਦੀ ਰਹਿਣ ਵਾਲੀ ਇਸ 19 ਸਾਲਾ ਨਿਸ਼ਾਨੇਬਾਜ਼ ਦੀ 2012 ਵਿਚ ਇਕ ਕਾਰ ਹਾਦਸੇ ਦੌਰਾਨ ਰੀੜ੍ਹ ਦੀ ਹੱਡੀ 'ਚ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਤੁਰਨ 'ਚ ਅਸਮਰਥ ਹੋ ਗਈ ਸੀ | ਅਵਨੀ ਇਸ ਤੋਂ ਪਹਿਲਾਂ ਕੁਆਲੀਫ਼ਿਕੇਸ਼ਨ ਗੇੜ ਵਿਚ 21 ਨਿਸ਼ਾਨੇਬਾਜ਼ਾਂ 'ਚੋਂ ਸਤਵਾਂ ਸਥਾਨ ਹਾਸਲ ਕਰ ਕੇ ਫ਼ਾਈਨਲ 'ਚ ਦਾਖ਼ਲ ਹੋਈ ਸੀ | ਉਨ੍ਹਾਂ ਨੇ 60 ਲੜੀਆਂ 'ਚ ਛੇ ਸ਼ਾਟ ਲਗਾਉਣ ਤੋਂ ਬਾਅਦ 621.7 ਦਾ ਸਕੋਰ ਬਣਾਇਆ, ਜੋ ਕਿ ਚੋਟੀ ਦੇ ਅੱਠ ਨਿਸ਼ਾਨੇਬਾਜ਼ 'ਚ ਥਾਂ ਬਣਾਉਣ ਲਈ ਕਾਫੀ ਸੀ | 
ਮਹਿਲਾ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਅਤੇ ਹਾਈ ਜੰਪਰ ਨਿਸ਼ਾਦ ਕੁਮਾਰ ਨੇ ਐਤਵਾਰ ਨੂੰ  ਚਾਂਦੀ ਦੇ ਤਮਗ਼ੇ ਜਿੱਤੇ ਪਰ ਵਿਨੋਦ ਕੁਮਾਰ ਦਾ ਡਿਸਕਸ ਥ੍ਰੋਅ ਐਫ਼-52 ਈਵੈਂਟ ਵਿਚ ਕਾਂਸੀ ਤਮਗ਼ਾ ਉਨ੍ਹਾਂ ਦੇ ਕੁਆਲੀਫ਼ਿਕੇਸ਼ਨ ਨੂੰ  ਲੈ ਕੇ ਵਿਰੋਧ ਕਾਰਨ ਰੋਕ ਦਿਤਾ ਗਿਆ | ਭਾਰਤੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ ਦੀਪਾ ਮਲਿਕ 2016 ਰੀਉ ਪੈਰਾਲੰਪਿਕਸ ਵਿਚ ਸ਼ਾਟ ਪੁਟ ਵਿਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਨ੍ਹਾਂ ਖੇਡਾਂ ਵਿਚ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਸੀ |                     (ਪੀਟੀਆਈ)