ਲਵਪ੍ਰੀਤ ਖੁਦਕੁਸ਼ੀ ਮਾਮਲਾ : ਬੇਅੰਤ ਕੌਰ ਖਿਲਾਫ਼ 306 ਦਾ ਪਰਚਾ ਦਰਜ
ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਪਹਿਲਾਂ ਧੋਖਾਧੜੀ ਦੀ ਧਾਰਾ 420 ਦਾ ਮਾਮਲਾ ਦਰਜ ਕੀਤਾ ਗਿਆ ਸੀ।
ਬਰਨਾਲਾ : ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ਵਿਚ ਉਸ ਦੀ ਪਤਨੀ ਬੇਅੰਤ ਕੌਰ ਤੇ ਬਰਨਾਲਾ ਪੁਲਿਸ ਨੇ ਮਰਨ ਲਈ ਮਜ਼ਬੂਰ ਕਰਨ ਲਈ ਧਾਰਾ 306 ਦੀ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪਹਿਲਾਂ ਕੈਨੇਡਾ ਰਹਿੰਦੀ ਬੇਅੰਤ ਕੌਰ ਉੱਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ਹੁਣ ਇਸ ਵਿਚ ਧਾਰਾ 306 ਵੀ ਜੋੜ ਦਿੱਤੀ ਗਈ ਹੈ।
ਬਰਨਾਲਾ ਪੁਲਿਸ ਦੇ DSP ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਪਹਿਲਾਂ ਧੋਖਾਧੜੀ ਦੀ ਧਾਰਾ 420 ਦਾ ਮਾਮਲਾ ਦਰਜ ਕੀਤਾ ਗਿਆ ਸੀ। ਲਵਪ੍ਰੀਤ ਦੇ ਪੋਸਟਮਾਰਟਮ ਤੋਂ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ, ਜੋ ਆ ਚੁੱਕੀ ਹੈ, ਜਿਸ ਦੇ ਆਧਾਰ ‘ਤੇ ਹੁਣ ਬਰਨਾਲਾ ਪੁਲਿਸ ਨੇ ਮਰਨ ਲਈ ਮਜ਼ਬੂਰ ਕਰਨ ਲਈ ਧਾਰਾ 306 ਦੀ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਇਕ SIT ਟੀਮ ਬਣਾਈ ਹੋਈ ਹੈ ਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ ਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ ‘ਤੇ ਕੀਤੀ ਜਾਵੇਗੀ। ਲਵਪ੍ਰੀਤ ਸਿੰਘ ਉਰਫ ਲਾਡੀ ਦਾ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਬੇਅੰਤ ਕੌਰ ਉੱਤੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਪਰ ਪੁਲਿਸ ਨੇ ਪਰਿਵਾਰ ਦੇ ਧਰਨੇ ਤੋਂ ਬਾਅਦ ਸਿਰਫ 420 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ। ਲਵਪ੍ਰੀਤ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਬੇਅੰਤ ਦਾ ਪਰਿਵਾਰ ਵੀ ਇਸ ਮਾਮਲੇ ਵਿਚ ਓਨਾ ਹੀ ਅਰੋਪੀ ਹੈ ਜਿੰਨਾ ਕਿ ਬੇਅੰਤ, ਇਸ ਲਈ ਉਸ ਦੇ ਮਾਤਾ ਪਿਤਾ ਉੱਤੇ ਵੀ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।