ਹਰਿਆਣਾ ਵਿਚ ਗੜਬੜੀ ਲਈ ਕਿਸਾਨਾਂ ਨੂੰ  ਉਕਸਾਉਣ ਪਿੱਛੇ ਪੰਜਾਬ ਦਾ ਹੱਥ : ਖੱਟਰ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ ਵਿਚ ਗੜਬੜੀ ਲਈ ਕਿਸਾਨਾਂ ਨੂੰ  ਉਕਸਾਉਣ ਪਿੱਛੇ ਪੰਜਾਬ ਦਾ ਹੱਥ : ਖੱਟਰ

image


ਕਿਹਾ, ਕਿਸਾਨ ਅੰਦੋਲਨ ਕਾਂਗਰਸ ਤੇ ਕਮਿਊਨਿਸਟ ਹੀ ਚਲਾ ਰਹੇ ਹਨ ਅਤੇ ਇਸ ਵਿਚ 85 ਫ਼ੀ ਸਦੀ ਕਿਸਾਨ ਪੰਜਾਬ ਦੇ 

ਚੰਡੀਗੜ੍ਹ, 30 ਅਗੱਸਤ (ਗੁਰਉਪਦੇਸ਼ ਭੁੱਲਰ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿਚ ਹੋਏ ਅੰਨ੍ਹੇਵਾਹ ਲਾਠੀਚਾਰਜ ਦੇ ਘਟਨਾਕ੍ਰਮ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਰੇ ਦੋਸ਼ ਪੰਜਾਬ ਦੇ ਸਿਰ ਹੀ ਮੜ੍ਹਨ ਦਾ ਯਤਨ ਕੀਤਾ ਹੈ | ਹਰਿਆਣਾ ਵਿਚ ਭਾਜਪਾ ਜਜਪਾ ਗਠਜੋੜ ਸਰਕਾਰ ਦੇ 2500 ਦਿਨ ਪੂਰੇ ਹੋਣ 'ਤੇ ਇਥੇ ਪ੍ਰੈਸ ਕਲੱਬ ਵਿਚ ਅਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਹੋ ਰਹੇ ਕਿਸਾਨ ਅੰਦੋਲਨ ਅਤੇ ਕਿਸਾਨਾਂ ਨੂੰ  ਗੜਬੜੀ ਲਈ ਉਕਸਾਉਣ ਪਿੱਛੇ ਪੰਜਾਬ ਦਾ ਹੀ ਹੱਥ ਹੈ | 
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚਲ ਰਹੇ ਕਿਸਾਨ ਅੰਦੋਲਨ ਨੂੰ  ਮੁੱਖ ਤੌਰ 'ਤੇ ਕਾਂਗਰਸ ਅਤੇ ਕਮਿਊਨਿਸਟ ਹੀ ਚਲਾ ਰਹੇ ਹਨ ਜਿਨ੍ਹਾਂ ਦਾ ਮਕਸਦ ਅਪਣੀ ਰਾਜਨੀਤੀ ਕਰਨਾ ਹੀ ਹੈ | ਉਨ੍ਹਾਂ ਪਿਛਲੇ ਦਿਨੀਂ ਗੰਨਾ ਕਿਸਾਨਾਂ ਨਾਲ ਸਮਝੌਤੇ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਆਗੂਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਲੱਡੂ ਖੁਆਏ ਜਾਣ 'ਤੇ ਵੀ ਵਿਅੰਗ ਕਸਦਿਆਂ ਕਿਹਾ ਕਿ ਇਸ ਤੋਂ ਵੀ ਮਿਲੀਭੁਗਤ ਸਪੱਸ਼ਟ ਦਿਸਦੀ ਹੈ | ਕਰਨਾਲ ਵਿਚ ਹੋਏ ਲਾਠੀਚਾਰਜ ਵਿਚ ਅਨੇਕਾਂ ਕਿਸਾਨਾਂ ਦੇ ਲਹੂ ਲੁਹਾਨ ਹੋਣ ਦੇ ਘਟਨਾਕ੍ਰਮ ਬਾਰੇ ਉਨ੍ਹਾਂ ਇਸ ਨੂੰ  ਜਾਇਜ਼ ਠਹਿਰਾਇਆ | 
ਕੈਪਟਨ ਅਮਰਿੰਦਰ ਸਿੰਘ ਵਲੋਂ ਖੱਟਰ ਤੋਂ ਕਿਸਾਨਾਂ ਤੋਂ ਮਾਫ਼ੀ ਮੰਗਣ ਦੀ ਮੰਗ ਬਾਰੇ ਕਿਹਾ ਕਿ ਕਿਸਾਨਾਂ ਨੂੰ  ਉਕਸਾਉਣ ਵਾਲੀ ਅਜਿਹੀ ਮੰਗ ਕਿਹੜੇ ਮੂੰਹ ਨਾਲ ਕਰ ਰਹੇ ਹਨ? ਖੱਟਰ ਦਾ ਕਹਿਣਾ ਸੀ ਕਿ ਅਸੀ ਸ਼ਾਂਤਮਈ ਤਰੀਕੇ ਨਾਲ ਕਾਲੇ 
ਝੰਡੇ ਦਿਖਾਉਣ ਅਤੇ ਨਾਹਰੇਬਾਜ਼ੀ ਦੂਰ ਰਹਿ ਕੇ ਕਰਨ ਦੀ ਖੁਲ੍ਹ ਦਿਤੀ ਹੋਈ ਹੈ ਪਰ ਕਿਸੇ ਦਾ ਰਸਤਾ ਰੋਕਣ ਜਾਂ ਸਰਕਾਰ ਦੇ ਕੰਮ ਵਿਚ ਰੁਕਾਵਟ ਪਾਉਣ ਦੀ ਆਗਿਆ ਨਹੀਂ ਦਿਤੀ ਜਾ ਸਕਦੀ | ਇਕ ਐਸ.ਡੀ.ਐਮ. ਦੇ ਸਿਰ ਪਾੜਨ ਵਾਲੇ ਵਾਇਰਲ ਵੀਡੀਉ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਸ਼ਬਦ ਅਧਿਕਾਰੀ ਨੇ ਚੁਣੇ ਉਹ ਗ਼ਲਤ ਸਨ ਭਾਵੇਂ ਕਿ ਅਮਨ ਕਾਨੂੰਨ ਕਾਇਮ ਰੱਖਣ ਲਈ ਸਖ਼ਤੀ ਕਰਨਾ ਗ਼ਲਤ ਨਹੀਂ ਸੀ | ਉਨ੍ਹਾਂ ਕਿਹਾ ਕਿ ਅਧਿਕਾਰੀ ਵਿਰੁਧ ਕੋਈ ਕਾਰਵਾਈ ਤਾਂ ਜਾਂਚ ਬਾਅਦ ਹੀ ਹੋ ਸਕਦੀ ਹੈ | 
ਖੱਟਰ ਨੇ ਦੇਸ਼ ਭਰ ਵਿਚ ਚਲ ਰਹੇ ਕਿਸਾਨ ਅੰਦੋਲਨ ਬਾਰੇ ਵੀ ਕਿਹਾ ਕਿ ਇਸ ਵਿਚ 85 ਫ਼ੀ ਸਦੀ ਪੰਜਾਬ ਦੇ ਕਿਸਾਨ ਹੀ ਹਨ ਅਤੇ ਹੋਰ ਰਾਜਾਂ ਦੇ ਬਹੁਤ ਘੱਟ ਕਿਸਾਨ ਹਨ | ਹਰਿਆਣਾ ਵਿਚ ਵੀ ਅੰਦੋਲਨ ਨਾਲ ਜੁੜੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਨਹੀਂ ਅਤੇ ਹਰਿਆਣਾ ਵਿਚ ਆਮ ਕਿਸਾਨ ਤਾਂ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਅਤੇ ਖੇਤਾਂ ਵਿਚ ਕੰਮ ਕਰ ਰਹੇ ਹਨ | ਉਨ੍ਹਾਂ ਕੇਂਦਰੀ ਖੇਤੀ ਕਾਨੂੰਨਾਂ ਨੂੰ  ਵੀ ਸਹੀ ਠਹਿਰਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਜਾਣ ਬੁਝ ਕੇ ਭਰਮ ਫੈਲਾਏ ਹੋਏ ਹਨ ਜਦਕਿ ਨਾ ਹੀ ਐਮ.ਅਸ.ਪੀ. ਬੰਦ ਹੋਣੀ ਹੈ ਅਤੇ ਨਾ ਹੀ ਮੰਡੀਆਂ ਬੰਦ ਹੋਣਗੀਆਂ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਮਸਲਾ ਕੇਂਦਰ ਸਰਕਾਰ ਦਾ ਹੈ ਅਤੇ ਇਹ ਗੱਲਬਾਤ ਰਾਹੀਂ ਹੀ ਹੱਲ ਹੋਣਾ ਹੈ ਪਰ ਕਿਸਾਨ ਆਗੂ ਪਹਿਲਾਂ ਖੇਤੀ ਕਾਨੂੰਨ ਰੱਦ ਕਰਨ ਦੀ ਸ਼ਰਤ ਰੱਖ ਰਹੇ ਹਨ | ਖੱਟਰ ਨੇ ਹਰਿਆਣਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ  ਵਿਸਥਾਰ ਵਿਚ ਗਿਣਾਉਂਦਿਆਂ ਕਿਹਾ ਕਿ ਸੂਬੇ ਵਿਚ ਭਿ੍ਸ਼ਟਾਚਾਰ ਦਾ ਘਟਣਾ ਤੇ ਨੌਕਰੀਆਂ ਮੈਰਿਟ 'ਤੇ ਮਿਲਣਾ ਵੱਡੀ ਪ੍ਰਾਪਤੀ ਹੈ | ਵਧੀਆ ਯੋਜਨਾਵਾਂ ਬਣਾਈਆਂ ਹਨ ਅਤੇ ਆਰਥਕ ਹਾਲਾਤ ਬੇਹਤਰ ਹੈ | ਉਨ੍ਹਾਂ ਹਰਿਆਣਾ ਮੁਕਾਬਲੇ ਪੰਜਾਬ ਦੀ ਆਰਥਕ ਹਾਲਤ ਨੂੰ  ਬਹੁਤ ਭਿਆਨਕ ਦਸਿਆ | 

ਡੱਬੀ

ਚਾਰ ਘੰਟੇ ਪੁਲਿਸ ਛਾਉਣੀ ਬਣਿਆ ਰਿਹਾ ਪ੍ਰੈਸ ਕਲੱਬ ਖੇਤਰ
ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰੈਸ ਕਾਨਫ਼ਰੰਸ ਕਾਰਨ ਚਾਰ ਘੰਅੇ ਲਗਾਤਾਰ ਪ੍ਰੈਸ ਕਲੱਬ ਤੇ ਇਸ ਦੇ ਆਸ-ਪਾਸ ਦਾ ਖੇਤਰ ਪੁਲਿਸ ਛਾਉਣੀ ਬਣਿਆ ਰਿਹਾ | ਕਿਸਾਨਾਂ ਦੇ ਵਿਰੋਧ ਦੇ ਡਰੋਂ ਭਾਰੀ ਨਾਕਾਬੰਦੀਆਂ ਤੇ ਆਲੇ ਦੁਆਲੇ ਦੀ ਘੇਰਾਬੰਦੀ ਕਾਰਨ ਪੱਤਰਕਾਰਾਂ ਨੂੰ  ਵੀ ਅਪਣੇ ਵਾਹਨ ਦੂਰ ਖੜੇ ਕਰ ਕੇ 2-2 ਕਿਲੋਮੀਟਰ ਤਕ ਪੈਦਲ ਚਲ ਕੇ ਪ੍ਰੈਸ ਕਲੱਬ ਪਹੁੰਚਣਾ ਪਿਆ | ਹਰਿਆਣਾ ਸਰਕਾਰ ਦੀ ਪ੍ਰਵਾਨਗੀ ਬਿਨਾਂ ਪ੍ਰੈਸ ਕਲੱਬ ਵਿਚ ਮੀਡੀਆ ਦੀ ਐਂਟਰੀ ਵੀ ਬਹੁਤ ਸਖ਼ਤ ਸੀ ਅਤੇ ਅਨੇਕਾਂ ਪੱਤਰਕਾਰਾਂ ਨੂੰ  ਬਾਹਰ ਹੀ ਰਹਿਣਾ ਪਿਆ | ਕਈ ਸੈਕਟਰਾਂ ਵਿਚ ਆਵਾਜਾਈ ਪ੍ਰਭਾਵਤ ਹੋਣ ਨਾਲ ਆਮ ਲੋਕ ਵੀ ਪ੍ਰੇਸ਼ਾਨ ਹੋਏ |