ਨਵੀਂ ਦਿੱਲੀ, 30 ਅਗੱਸਤ : ਦਖਣੀ ਅਫ਼ਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਮਿਲਿਆ ਹੈ ਜੋ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਅਤੇ ਕੋਵਿਡ ਰੋਕੂ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਵੀ ਝਕਾਨੀ ਦੇ ਸਕਦਾ ਹੈ। ਦਖਣੀ ਅਫ਼ਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਐਂਡ ਸੀਕਵੈਂਸਿੰਗ ਪਲੇਟਫ਼ਾਰਮ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਸੀ-1.2 ਦਾ ਸੱਭ ਤੋਂ ਪਹਿਲਾਂ ਦੇਸ਼ ਨੂੰ ਇਸ ਸਾਲ ਮਈ ਵਿਚ ਪਤਾ ਲਗਿਆ ਸੀ। ਉਨ੍ਹਾਂ ਕਿਹਾ ਕਿ ਉਦੋਂ ਤੋਂ ਲੈ ਕੇ ਪਿਛਲੀ 13 ਅਗੱਸਤ ਤਕ ਇਹ ਰੂਪ ਚੀਨ, ਕਾਂਗੋ, ਮਾਰੀਸ਼ਸ, ਇੰਗਲੈਂਡ, ਨਿਊਜ਼ੀਲੈਂਡ, ਪੁਰਤਗਾਲ ਅਤੇ ਸਵਿਟਜ਼ਰਲੈਂਡ ਵਿਚ ਮਿਲ ਚੁਕਾ ਹੈ।
ਵਿਗਿਆਨੀਆਂ ਨੇ ਕਿਹਾ ਹੈ ਕਿ ਦਖਣੀ ਅਫ਼ਰੀਕਾ ਵਿਚ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਸਾਹਮਣੇ ਆਏ ਵਾਇਰਸ ਦੇ ਉਪ ਰੂਪਾਂ ਵਿਚੋਂ ਇਕ ਸੀ-1 ਦੀ ਤੁਲਨਾ ਵਿਚ ਸੀ-1.2 ਜ਼ਿਆਦਾ ਵਿਕਸਤ ਹੋਇਆ ਹੈ, ਜਿਸ ਨੂੰ ‘ਰੁਚੀ ਦੇ ਰੂਪ’ ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀ-1.2 ਵਿਚ ਹੋਰ ਰੂਪਾਂ- ‘ਚਿੰਤਾ ਦੇ ਰੂਪ ਜਾਂ ਰੁਚੀ ਦੇ ਰੂਪਾਂ’ ਦੀ ਤੁਲਨਾ ਵਿਚ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲੀ ਹੈ। ਵਿਗਿਆਨੀਆਂ ਨੇ ਕਿਹਾ ਕਿ ਸੀ-1.2 ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਤੇ ਇਹ ਕੋਵਿਡ ਰੋਕੂ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਝਕਾਨੀ ਦੇ ਸਕਦਾ ਹੈ। (ਪੀਟੀਆਈ)
image