ਲਾਕਰ ਦੀ ਤਲਾਸ਼ੀ ਦੇ ਬਾਅਦ ਸਿਸੋਦੀਆ ਨੇ ਕਿਹਾ, 'ਸੀਬੀਆਈ ਨੇ ਮੈਨੂੰ ਕਲੀਨ ਚਿੱਟ ਦੇ ਦਿਤੀ'

ਏਜੰਸੀ

ਖ਼ਬਰਾਂ, ਪੰਜਾਬ

ਲਾਕਰ ਦੀ ਤਲਾਸ਼ੀ ਦੇ ਬਾਅਦ ਸਿਸੋਦੀਆ ਨੇ ਕਿਹਾ, 'ਸੀਬੀਆਈ ਨੇ ਮੈਨੂੰ ਕਲੀਨ ਚਿੱਟ ਦੇ ਦਿਤੀ'

image

ਨਵੀਂ ਦਿੱਲੀ, 30 ਅਗੱਸਤ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ  ਕਿਹਾ ਕਿ ਸੀਬੀਆਈ ਨੂੰ  ਉਨ੍ਹਾਂ ਦੇ ਲਾਕਰ ਦੀ ਤਲਾਸ਼ੀ ਦੌਰਾਨ ਕੁੱਝ ਨਹੀਂ ਮਿਲਿਆ ਅਤੇ ਏਜੰਸੀ ਨੇ ਉਨ੍ਹਾਂ ਨੂੰ  'ਕਲੀਨ ਚਿੱਟ' ਦੇ ਦਿਤੀ ਹੈ | ਸੀਬੀਆਈ ਦੀ ਚਾਰ ਮੈਂਬਰੀ ਇਕ ਟੀਮ ਨੇ ਗਾਜਿਆਬਾਦ ਦੇ ਵਸੁੰਧਰਾ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਵਿਚ ਸਿਸੋਦੀਆ ਦੇ ਬੈਂਕ ਲਾਕਰ ਦੀ ਅੱਜ ਕਰੀਬ 2 ਘੰਟੇ ਤਲਾਸ਼ੀ ਲਈ |
 ਆਪ ਨੇਤਾ ਸਿਸੋਦੀਆ ਉਨ੍ਹਾਂ 15 ਲੋਕਾਂ  ਅਤੇ ਸੰਸਥਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ  ਦਿੱਲੀ ਆਬਕਾਰੀ ਨੀਤੀ 2021-22 ਵਿਚ ਹੋਈ ਕਥਿਤ ਬੇਨਿਯਮੀਆਂ ਦੇ ਸਿਲਸਿਲੇ ਵਿਚ ਦਰਜ ਸੀਬੀਆਈ ਦੀ ਐਫ਼ਆਈਆਰ ਵਿਚ ਨਾਮਜ਼ਦ ਕੀਤਾ ਗਿਆ ਹੈ | 
ਤਲਾਸ਼ੀ ਖ਼ਤਮ ਹੋਣ ਦੇ ਬਾਅਦ ਸਿਸੋਦੀਆ ਨੇ ਪੱਤਰਕਾਰਾਂ ਤੋਂ ਕਿਹਾ ਕਿ ਸੀਬੀਆਈ ਦਬਾਅ ਵਿਚ ਕੰਮ ਕਰ ਰਹੀ ਹੈ | ਸਿਸੋਦੀਆ ਨੇ ਕਿਹਾ, ''ਮੇਰੇ ਘਰ ਦੀ ਤਰ੍ਹਾਂ, ਉਨ੍ਹਾਂ ਨੂੰ  ਮੇਰੇ ਲਾਕਰ ਵਿਚ ਵੀ ਕੁੱਝ ਨਹੀਂ ਮਿਲਿਆ | ਸੀਬੀਆਈ ਨੂੰ  ਮੇਰੀ ਪਤਨੀ ਦੇ ਲਗਭਗ 70-80 ਹਜ਼ਾਰ ਰੁਪਏ ਦੇ ਗਹਿਣੇ ਅਤੇ ਮੇਰੇ ਬੇਟੇ ਦਾ ਇਕ ਛੁਣਛੁਣਾ (ਖਿਡੋਣਾ) ਮਿਲਿਆ ਹੈ | ''ਮੈਨੂੰ ਖ਼ੁਸ਼ੀ ਹੈ ਕਿ ਮੈਨੂੰ ਅੱਜ ਤਲਾਸ਼ੀ ਵਿਚ ਸੀਬੀਆਈ ਤੋਂ 'ਕਲੀਨ ਚਿੱਟ' ਮਿਲੀ | ਉਨ੍ਹਾਂ ਨੂੰ  ਮੇਰੇ ਲਾਕਰ ਜਾਂ ਘਰ ਦੀ ਤਲਾਸ਼ੀ ਵਿਚ ਕੁੱਝ ਵੀ ਅਜਿਹਾ ਨਹੀਂ ਮਿਲਿਆ ਜਿਸ ਨਾਲ ਕਾਨੂੰਨ ਦੀ ਉਲੰਘਣਾ ਹੁੰਦੀ ਹੋਵੇ |'' 
ਸਿਸੋਦੀਆ ਨੇ ਕਿਹਾ, ''ਅੱਜ ਉਨ੍ਹਾਂ ਨੇ ਮੇਰੇ ਲਾਕਰ ਦੀ ਤਲਾਸ਼ੀ ਲੈਣ ਲਈ ਸੀਬੀਆਈ ਨੂੰ  ਭੇਜਿਆ, ਪਰ ਕੁੱਝ ਵੀ ਨਹੀਂ ਮਿਲਿਆ | ਇਹ ਇਸ ਗੱਲ ਦਾ ਸਬੂਤ ਹੈ ਕਿ ਮੈਂ ਅਤੇ ਮੇਰਾ ਪਰਵਾਰ ਪ੍ਰਧਾਨ ਮੰਤਰੀ ਵਲੋਂ ਕਰਾਈ ਗਈ ਸਾਰੀ ਪੁਛਗਿਛ 'ਚ ਬਰੀ ਹੋ ਗਏ ਹਨ | ਮੈਨੂੰ ਸਾਰੇ ਮਾਮਲਿਆਂ ਵਿਚ ਕਲੀਨ ਚਿੱਟ ਮਿਲ ਗਈ ਹੈ |''                (ਏਜੰਸੀ)