ਐਸ.ਆਈ.ਟੀ ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਐਸ.ਆਈ.ਟੀ ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ

image

ਕਿਹਾ, ਹਾਲੇ ਤਕ ਸੰਮਨ ਹੀ ਨਹੀਂ ਮਿਲੇ ਤੇ ਸਿਰਫ਼ ਸੋਸ਼ਲ ਮੀਡੀਆ ਤੇ ਸੰਮਨ ਦੇਖਿਆ ਹੈ

ਚੰਡੀਗੜ੍ਹ, 30 ਅਗੱਸਤ (ਭੁੱਲਰ) : ਕੋਟਕਪੂਰਾ ਗੋਲੀ ਕਾਂਡ ਦੇ ਸਬੰਧ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਐਸ.ਆਈ.ਟੀ. ਸਾਹਮਣੇ ਪੇਸ਼ ਨਹੀਂ ਹੋਏ | ਸੁਖਬੀਰ ਨੂੰ  ਅੱਜ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੁਲਿਸ ਇੰਸਟੀਚਿਊਟ ਵਿਚ ਐਲ.ਕੇ.ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਵਲੋਂ ਬਰਗਾੜੀ ਬੇਅਦਬੀ ਦੇ ਘਟਨਾਕ੍ਰਮ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੇ ਸਬੰਧ ਵਿਚ ਪੁਛਗਿਛ ਲਈ ਬੁਲਾਇਆ ਗਿਆ |
ਸੁਖਬੀਰ ਅੱਜ ਕਿਸੇ ਹੋਰ ਪੁਰਾਣੇ ਮਾਮਲੇ ਦੇ ਸਬੰਧ ਵਿਚ ਜ਼ੀਰਾ ਦੀ ਕੋਰਟ ਵਿਚ ਪੇਸ਼ ਹੋਣ ਚਲੇ ਗਏ ਅਤੇ ਉਨ੍ਹਾਂ ਚੰਡੀਗੜ੍ਹ ਪੇਸ਼ੀ 'ਤੇ ਨਾ ਜਾਣ ਬਾਰੇ ਕਿਹਾ ਕਿ ਉਨ੍ਹਾਂ ਨੂੰ  ਤਾਂ ਅੱਜ ਤਕ ਸੰਮਨ ਹੀ ਨਹੀਂ ਮਿਲੇ | ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਸੋਸ਼ਲ ਮੀਡੀਆ ਵਿਚ ਸੰਮਨ ਘੁੰਮਦਾ ਦੇਖਿਆ ਅਤੇ ਉਨ੍ਹਾਂ ਨੂੰ  ਜੇ ਸੰਮਨ ਮਿਲੇਗਾ ਤਾਂ ਪੇਸ਼ ਹੋਣ ਲਈ ਤਿਆਰ ਹਨ |
ਦੂਜੇ ਪਾਸੇ ਐਸ.ਆਈ.ਟੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਵਾਰ ਸੁਖਬੀਰ ਬਾਦਲ ਨੂੰ  ਕੋਰੀਅਰ ਰਾਹੀਂ ਸੰਮਨ ਭੇਜੇ ਗਏ ਪਰ ਉਹ ਕਿਸੇ ਨੇ ਰਿਸੀਵ ਹੀ ਨਹੀਂ ਕੀਤੇ | ਕਿਹਾ ਗਿਆ ਕਿ ਉਹ ਵਿਦੇਸ਼ ਵਿਚ ਗਏ ਹੋਏ ਹਨ | ਘਰ ਜਾ ਕੇ ਵੀ ਸੁਖਬੀਰ ਨੂੰ  ਸੰਮਨ ਦੇਣ ਦਾ ਯਤਨ ਕੀਤਾ ਗਿਆ ਪਰ ਉਹ ਨਹੀਂ ਮਿਲੇ | ਹੁਣ ਐਸ.ਆਈ.ਟੀ. ਨੇ 14 ਸਤੰਬਰ ਨੂੰ  ਮੁੜ ਸੁਖਬੀਰ ਬਾਦਲ ਨੂੰ  ਸੱਦਿਆ ਹੈ |
ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਬਾਰੇ ਐਸ.ਆਈ.ਟੀ. ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸੈਣੀ ਤੋਂ ਪੁਛਗਿਛ ਕਰ ਚੁੱਕੀ ਹੈ ਅਤੇ ਉਸ ਸਮੇਂ ਗ੍ਰਹਿ ਮੰਤਰੀ ਹੋਣ ਕਾਰਨ ਸੁਖਬੀਰ ਨੂੰ  ਸੱਦਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿਤਾ ਸੀ |