ਪੰਜਾਬ ’ਚ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦਾ ਸਿਲਸਿਲਾ ਜਾਰੀ !

ਏਜੰਸੀ

ਖ਼ਬਰਾਂ, ਪੰਜਾਬ

ਕੁਦਰਤੀ ਮਾਰ ਨਾ ਝੱਲਦੇ ਹੋਏ ਕਿੰਨੇ ਹੀ ਕਿਸਾਨ ਤੇ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ

farmer-labourer suicides continues in Punjab

ਮੁਹਾਲੀ: ਪੰਜਾਬ ’ਚ ਕਿਸਾਨ ਤੇ ਮਜ਼ਦੂਰ ਲਗਾਤਾਰ ਖ਼ੁਦਕੁਸ਼ੀਆਂ ਵੱਲ ਵੱਧ ਰਹੇ ਹਨ। ਪਿਛਲੇ ਪੰਜ ਮਹੀਨਿਆਂ ਦੌਰਾਨ ਪੰਜਾਬ ’ਚ ਕਰੀਬ ਸਵਾ ਸੌ ਕਿਸਾਨਾਂ ਤੇ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ। ਖ਼ੁਦਕੁਸ਼ੀ ਦਾ ਸਿਲਸਿਲਾ ਕਦੋਂ ਰੁਕੇਗਾ? ਇਸ ਸਵਾਲ ਦਾ ਜਵਾਬ ਸਮੁੱਚੀ ਕਿਸਾਨੀ ਤਲਾਸ਼ ਰਹੀ ਹੈ। ਇੱਕ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ 1 ਜਨਵਰੀ 2022 ਤੋਂ 30 ਅਗਸਤ ਤੱਕ 163 ਕਿਸਾਨ ਅਤੇ ਮਜ਼ਦੂਰ ਖ਼ੁਦਕੁਸ਼ੀ ਦੇ ਰਾਹ ਪਏ ਹਨ। ਇਸੇ ਸਾਲ ਦੇ ਅਪਰੈਲ ਮਹੀਨੇ ਵਿਚ 35, ਮਈ ਮਹੀਨੇ ਵਿਚ 24, ਜੂਨ ਵਿਚ 16, ਜੁਲਾਈ ਵਿਚ 22 ਅਤੇ ਅਗਸਤ ਮਹੀਨੇ ਵਿਚ 20 ਖ਼ੁਦਕੁਸ਼ੀਆਂ ਹੋਈਆਂ ਹਨ। ਖ਼ੁਦਕੁਸ਼ੀ ਕਰਨ ਵਾਲਿਆਂ ਵਿਚ ਕਿਸਾਨ, ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਸ਼ਾਮਲ ਹਨ।

ਐਤਕੀਂ ਨਰਮਾ ਪੱਟੀ ’ਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੇ ਕਿਸਾਨਾਂ ਦੇ ਘਰਾਂ ’ਚ ਸੱਥਰ ਵਿਛਾਏ ਹਨ। ਪੰਜਾਬ ਦੇ ਕਈ ਇਲਾਕਿਆਂ ’ਚ ਮੀਂਹ ਨੇ ਕਿਸਾਨਾਂ ਦੀ ਫ਼ਸਲ ਤਬਾਹ ਕਰ ਦਿੱਤੀ ਹੈ, ਜਦਕਿ ਕਈ ਥਾਵਾਂ ’ਤੇ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਨੇ ਫ਼ਸਲਾਂ ਨੂੰ ਨਸ਼ਟ ਕੀਤਾ ਹੈ। ਕੁੱਝ ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲਈ ਹੋਈ ਸੀ ਤੇ ਕੁੱਝ ਕਿਸਾਨ ਕਰਜ਼ਾ ਚੁੱਕ ਕੇ ਖੇਤੀ ਕਰ ਰਹੇ ਸਨ, ਕੁਦਰਤੀ ਮਾਰ ਨਾ ਝੱਲਦੇ ਹੋਏ ਕਿੰਨੇ ਹੀ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀ ਕਰ ਗਏ। ਆਪਣੇ ਰੋਂਦੇ ਕੁਰਲਾਉਂਦੇ ਬੱਚਿਆਂ, ਪਤਨੀ ਤੇ ਮਾਂ-ਪਿਓ ਨੂੰ ਪਿੱਛੇ ਛੱਡ ਗਏ। 

ਪੰਜਾਬ ਵਿਚ ‘ਸਲਫਾਸ’ ਘਰਾਂ ਵਿਚ ਸੱਥਰ ਵਿਛਾ ਰਹੀ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਅਨੁਸਾਰ ਸਾਲ 2021 ਦੌਰਾਨ ਪੰਜਾਬ ਦੇ 497 ਲੋਕਾਂ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕੀਤੀ ਹੈ। ਬਹੁਤੇ ਕਿਸਾਨਾਂ ਨੇ ਸਲਫਾਸ ਨਾਲ ਜ਼ਿੰਦਗੀ ਖ਼ਤਮ ਕਰ ਲਈ ਹੈ। ਕੀਟਨਾਸ਼ਕਾਂ ਦਾ ਛਿੜਕਾਅ ਸੁੰਡੀ ਨੂੰ ਮਾਰ ਨਹੀਂ ਰਿਹਾ ਜਦੋਂ ਕਿ ਇਹ ਜ਼ਹਿਰ ਮਨੁੱਖੀ ਜਾਨਾਂ ਦਾ ਅੰਤ ਕਰ ਰਿਹਾ ਹੈ। ਸਭ ਤੋਂ ਵੱਧ ਪੰਜਾਬ ਵਿਚ 1396 ਲੋਕਾਂ ਨੇ ਫਾਹਾ ਲੈ ਕੇ ਆਪਣੇ ਜੀਵਨ ਦਾ ਅੰਤ ਕੀਤਾ ਹੈ ਜਦੋਂ ਕਿ 253 ਵਿਅਕਤੀਆਂ ਨੇ ਰੇਲ ਮਾਰਗਾਂ ’ਤੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਿਹਾ ਹੈ।

ਕਿਸਾਨ ਖ਼ੁਦਕੁਸ਼ੀਆਂ ਸਮਾਜ ਦੇ ਮੱਥੇ ’ਤੇ ਕਲੰਕ ਹਨ। ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ, ਇਸ ਲਈ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗਣਾ ਚਾਹੀਦਾ ਹੈ।