ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ, ਸਤੰਬਰ ਮਹੀਨੇ 'ਚ ਪਵੇਗਾ ਰਿਕਾਰਡ ਤੋੜ ਮੀਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਥਾਵਾਂ ’ਤੇ ਹੜ੍ਹ, ਜ਼ਮੀਨ ਖਿਸਕਣ ਦੀ ਚੇਤਾਵਨੀ ਦਿਤੀ ਗਰਮੀ ਵੀ ਘੱਟ ਪਏਗੀ

Big warning from Meteorological Department, record-breaking rains will occur in September

ਨਵੀਂ ਦਿੱਲੀ : ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਕਾਰਨ ਪਹਿਲਾਂ ਹੀ ਕਈ ਆਫ਼ਤਾਂ ਦਾ ਸਾਹਮਣਾ ਕਰ ਰਹੇ ਭਾਰਤ ’ਚ ਸਤੰਬਰ ਦੌਰਾਨ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਐਤਵਾਰ ਨੂੰ ਕਿਹਾ ਕਿ ਸਤੰਬਰ 2025 ਵਿਚ ਮਹੀਨਾਵਾਰ ਔਸਤ ਮੀਂਹ 167.9 ਮਿਲੀਮੀਟਰ ਦੇ ਲੰਮੇ ਸਮੇਂ ਦੇ ਔਸਤ ਦੇ 109 ਫ਼ੀ ਸਦੀ ਤੋਂ ਵੱਧ ਹੋਣ ਦੀ ਉਮੀਦ ਹੈ।

ਪੇਸ਼ਨਗੋਈ ਮੁਤਾਬਕ ਜ਼ਿਆਦਾਤਰ ਇਲਾਕਿਆਂ ਵਿਚ ਆਮ ਤੋਂ ਲੈ ਕੇ ਆਮ ਤੋਂ ਵੱਧ ਮੀਂਹ ਪਵੇਗਾ, ਜਦਕਿ ਉੱਤਰ-ਪੂਰਬ ਅਤੇ ਪੂਰਬ ਦੇ ਕੁੱਝ ਹਿੱਸਿਆਂ, ਦਖਣੀ ਪ੍ਰਾਇਦੀਪ ਭਾਰਤ ਦੇ ਕਈ ਇਲਾਕਿਆਂ ਅਤੇ ਉੱਤਰ-ਪਛਮੀ ਭਾਰਤ ਦੇ ਕੁੱਝ ਹਿੱਸਿਆਂ ’ਚ ਆਮ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

ਆਈ.ਐਮ.ਡੀ. ਦੇ ਡਾਇਰੈਕਟਰ ਜਨਰਲ ਮ੍ਰਿਤਿਊਂਜੈ ਮਹਾਪਾਤਰਾ ਨੇ ਚੇਤਾਵਨੀ ਦਿਤੀ ਹੈ ਕਿ ਭਾਰੀ ਮੀਂਹ ਕਾਰਨ ਸਤੰਬਰ ਦੌਰਾਨ ਉਤਰਾਖੰਡ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਸਕਦੀ ਹਨ ਅਤੇ ਹੜ੍ਹ ਆ ਸਕਦੇ ਹਨ। ਦਖਣੀ ਹਰਿਆਣਾ, ਦਿੱਲੀ ਅਤੇ ਉੱਤਰੀ ਰਾਜਸਥਾਨ ਵਿਚ ਵੀ ਆਮ ਜਨਜੀਵਨ ਪ੍ਰਭਾਵਤ ਹੋ ਸਕਦਾ ਹੈ।

ਉਨ੍ਹਾਂ ਕਿਹਾ, ‘‘ਬਹੁਤ ਸਾਰੀਆਂ ਨਦੀਆਂ ਉਤਰਾਖੰਡ ਤੋਂ ਨਿਕਲਦੀਆਂ ਹਨ। ਇਸ ਲਈ, ਭਾਰੀ ਮੀਂਹ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਨਦੀਆਂ ਵਿਚ ਹੜ੍ਹ ਆ ਜਾਵੇਗਾ ਅਤੇ ਇਹ ਹੇਠਲੇ ਸ਼ਹਿਰਾਂ ਅਤੇ ਕਸਬਿਆਂ ਨੂੰ ਪ੍ਰਭਾਵਤ ਕਰੇਗਾ। ਇਸ ਲਈ ਸਾਨੂੰ ਇਸ ਨੂੰ ਧਿਆਨ ’ਚ ਰਖਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿਚ ਮਹਾਨਦੀ ਨਦੀ ਦੇ ਉੱਪਰਲੇ ਕੈਚਮੈਂਟ ਖੇਤਰਾਂ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਸਤੰਬਰ ਦੌਰਾਨ ਪਛਮੀ-ਮੱਧ, ਉੱਤਰ-ਪਛਮੀ ਅਤੇ ਦਖਣੀ ਭਾਰਤ ਦੇ ਕਈ ਇਲਾਕਿਆਂ ਵਿਚ ਮਹੀਨਾਵਾਰ ਔਸਤ ਵੱਧ ਤੋਂ ਵੱਧ ਤਾਪਮਾਨ ਵੀ ਆਮ ਤੋਂ ਘੱਟ ਰਹਿਣ ਦੀ ਉਮੀਦ ਹੈ।

ਆਈ.ਐਮ.ਡੀ. ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤ ਵਿਚ 1 ਜੂਨ ਤੋਂ 31 ਅਗੱਸਤ ਦੇ ਵਿਚਕਾਰ 743.1 ਮਿਲੀਮੀਟਰ ਮੀਂਹ ਪਿਆ, ਜੋ ਲੰਮੇ ਸਮੇਂ ਦੇ ਔਸਤ 700.7 ਮਿਲੀਮੀਟਰ ਤੋਂ ਲਗਭਗ 6 ਫ਼ੀ ਸਦੀ ਵੱਧ ਹੈ। ਜੂਨ ’ਚ 180 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 9 ਫੀ ਸਦੀ ਜ਼ਿਆਦਾ ਹੈ। ਜੁਲਾਈ ’ਚ 294.1 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ ਲਗਭਗ 5 ਫੀ ਸਦੀ ਜ਼ਿਆਦਾ ਹੈ। ਅਗੱਸਤ ’ਚ 268.1 ਮਿਲੀਮੀਟਰ ਮੀਂਹ ਦਰਜ ਕੀਤੀ ਗਿਆ, ਜੋ ਆਮ ਨਾਲੋਂ 5.2 ਫੀ ਸਦੀ ਜ਼ਿਆਦਾ ਹੈ।