ਕੈਪਟਨ ਵਲੋਂ ਸੁਲਤਾਨਪੁਰ ਲੋਧੀ ਵਿਖੇ 96 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਤਿਹਾਸਕ ਸ਼ਹਿਰ 'ਚ ਹੋਣ ਵਾਲੇ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Capt. Amarinder Singh dedicates development projects worth rs. 96 crore in Sultanpur Lodhi

ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਲੜੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ 96 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਤ ਕੀਤੇ ਗਏ। ਇੱਥੇ ਲੋਕਾਂ ਦੇ ਇਕੱਠ ਦੌਰਾਨ ਇਨਾਂ ਪ੍ਰਾਜੈਕਟਾਂ ਦੇ ਡਿਜੀਟਲੀ ਉਦਘਾਟਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਵਿਖੇ ਪਹਿਲੇ ਸਿੱਖ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਸ ਕਦਮ ਨੂੰ ਆਪਣੀ ਸਰਕਾਰ ਦਾ ਇਕ ਨਿਮਾਣਾ ਯੋਗਦਾਨ ਦੱਸਿਆ। ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਵਰੇ ਬਤੀਤ ਕੀਤੇ ਅਤੇ ਇਸੇ ਜਗਾ ਉਨਾਂ ਨੂੰ ਅਧਿਆਤਮਕ ਗਿਆਨ ਦਾ ਚਾਨਣ ਹੋਇਆ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਪਵਿੱਤਰ ਸ਼ਹਿਰ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਪਵਿੱਤਰ ਮੌਕੇ ਨਤਮਸਤਕ ਹੋਣ ਲਈ ਵਿਸ਼ਵ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਪ੍ਰਦਾਨ ਕਰਨਗੇ। ਉਨਾਂ ਨੇ ਇਸ ਇਤਿਹਾਸਕ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਯਾਦ ਕੀਤਾ ਕਿ ਉਨਾਂ ਦੇ ਪਿਤਾ ਵੱਲੋਂ 50 ਸਾਲ ਪਹਿਲਾਂ ਪਹਿਲੇ ਸਿੱਖ ਗੁਰੂ ਦੀ ਯਾਦ ਵਿੱਚ ਅੱਖਾਂ ਦੇ ਚੈਕਅੱਪ ਲਈ ਵਿਸ਼ਾਲ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਅਤੇ ਹੁਣ ਉਨਾਂ ਨੂੰ ਇਸ ਪਵਿੱਤਰ ਮੌਕੇ ਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਸਿੱਖ ਧਰਮ ਜੋ ਕਿ ਕੁਝ ਸਦੀਆਂ ਪਹਿਲਾਂ ਹੋਂਦ ਵਿੱਚ ਆਇਆ, ਨੇ ਵਿਸ਼ਵ ਭਰ ਦੇ ਵੱਖ ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। 

ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਨਿਮਰ ਸਰਧਾਂਜਲੀ ਵਜੋਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਸ਼ਾਮ ਨੂੰ ਦੀਵੇ ਬਾਲਣ ਦਾ ਸੱਦਾ ਦਿੱਤਾ ਜਿਨਾਂ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਮੁੱਖ ਸਮਾਗਮ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ। ਅੱਜ ਸਮਰਪਤ ਕੀਤੇ ਗਏ ਪ੍ਰਾਜੈਕਟਾਂ ਵਿੱਚ ਪਵਿੱਤਰ ਵੇਈਂ ’ਤੇ 9.30 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ 3 ਉੱਚ ਪੱਧਰੀ ਪੁਲ ਅਤੇ 30.72 ਕਰੋੜ ਰੁਪਏ ਦੀ ਲਾਗਤ ਨਾਲ 6 ਸੜਕਾਂ ਦੀ  ਮੁਰੰਮਤ ਅਤੇ ਚੌੜਾ ਕਰਨਾ ਸ਼ਾਮਲ ਹੈ। ਮੁੱਖ ਸਮਾਗਮ ਦੌਰਾਨ ਵਾਹਨਾਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀਆਂ 13 ਸੜਕਾਂ ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਵੀ ਮੁਕੰਮਲ ਕੀਤਾ ਗਿਆ ਹੈ। 

ਮੁੱਖ ਮੰਤਰੀ ਨੇ ਸ਼ਰਧਾਲੂਆਂ ਲਈ ਪਵਿੱਤਰ ਕਾਲੀ ਵੇਈਂ ’ਤੇ 1.38 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ 2 ਫੁੱਟ ਓਵਰਬਿ੍ਰਜਾਂ ਦਾ ਉਦਘਾਟਨ ਕਰਨ ਦੇ ਨਾਲ-ਨਾਲ ਪਵਿੱਤਰ ਕਾਲੀ ਵੇਈਂ ’ਤੇ ਵੀ.ਵੀ.ਆਈ.ਪੀਜ਼ ਦੇ ਆਉਣ-ਜਾਣ ਲਈ 2 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ 2 ਪਨਟੂਨ ਪੁਲ ਵੀ ਸਮਰਪਿਤ ਕੀਤੇ। 2.39 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਰੈਸਟ ਹਾਊਸ (ਆਰਾਮ ਘਰ) ਵੀ ਉਸਾਰਿਆ ਗਿਆ ਹੈ।

ਪਵਿੱਤਰ ਕਾਲੀ ਵੇਈਂ ਵਿਚ ਸ਼ਰਧਾਲੂਆਂ ਨੂੰ ਇਸ਼ਨਾਨ ਕਰਨ ਦੀ ਸਹੂਲਤ ਪ੍ਰਦਾਨ ਕਰਨ ਦੇ ਨਜ਼ਰੀਏ ਤੋਂ ਸੂਬਾ ਸਰਕਾਰ ਵੱਲੋਂ ਵੇਈਂ ਦੀ ਲਾਇਨਿੰਗ, ਸਫ਼ਾਈ ਅਤੇ ਵਾੜ ਕਰਨ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਵੇਈਂ ਦੇ ਖੱਬੇ ਅਤੇ ਸੱਜੇ ਪਾਸੇ ਦੇ ਕਿਨਾਰਿਆਂ ਨੂੰ 10.81 ਕਰੋੜ ਰੁਪਏ ਦੀ ਲਾਗਤ ਨਾਲ ਪੱਥਰਾਂ ਨਾਲ  ਮਜ਼ਬੂਤੀ ਦੇਣ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ।

ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਇਓ ਡਾਇਵਰਸਿਟੀ ਪਾਰਕ ਅਤੇ ਬੀੜ ਸ਼ਿਕਾਰਗੜ ਵਿਖੇ ਕਾਂਜਲੀ ਰੋੜ ਕਪੂਰਥਲਾ ’ਤੇ 2.59 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਰੱਖਿਆ ਜੰਗਲ (ਕੰਜਰਵੇਸ਼ਨ ਫੌਰੈਸਟ)  ਦਾ ਉਦਘਾਟਨ ਵੀ ਕੀਤਾ। ਵਿਸ਼ਾਲ ਸਮਾਗਮ ਦੌਰਾਨ ਬਿਜਲੀ ਦੀ ਨਿਰਧਾਰਤ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਆਪਣੀ ਤਰਾਂ ਦਾ ਪਹਿਲਾ ਭੂਮੀਗਤ ਤਾਰਬੰਦੀ ਨਾਲ ਲੈਸ 66 ਕੇ.ਵੀ. ਸਬ ਸਟੇਸ਼ਨ ਸਮਰਪਿਤ ਕੀਤਾ। ਉਨਾਂ ਨੇ 5.97 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਅਪਗੇ੍ਰਡਡ ਬੱਸ ਅੱਡੇ ਦਾ ਉਦਘਾਟਨ ਵੀ ਕੀਤਾ। 

ਇਸ ਤੋਂ ਪਹਿਲਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੇ ਸੰਭਾਵਿਤ 35000 ਸ਼ਰਧਾਲੂਆਂ ਦੇ ਠਹਿਰਨ ਲਈ 53 ਕਰੋੜ ਰੁਪਏ ਦੀ ਲਾਗਤ ਨਾਲ 3 ਟੈਂਟ ਸਿਟੀਆਂ ਸਥਾਪਤ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ 542 ਏਕੜ ਜਗਾ ’ਤੇ ਤਿਆਰ ਕੀਤੀਆਂ ਜਾ ਰਹੀਆਂ 18 ਪਾਰਕਿੰਗ ਥਾਵਾਂ ਦੇ ਕੰਮ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਪਵਿੱਤਰ ਸ਼ਹਿਰ ਵਿਖੇ ਜਨ ਸੁਵਿਧਾਵਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। 

ਮੁੱਖ ਮੰਤਰੀ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਸਟੇਟ ਟਰਾਂਸਪੋਰਟ ਵਿਭਾਗ ਨੂੰ ਵਿਸ਼ੇਸ਼ ਬੱਸਾਂ ਚਲਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਅਤੇ ਉਨਾਂ ਨੂੰ ਇੰਟਰਸਿਟੀ ਮਿੰਨੀ ਬੱਸਾਂ ਅਤੇ ਈ-ਰਿਕਸ਼ਿਆਂ ਦੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਕਿਹਾ। ਅੱਜ ਉਦਘਾਟਨ/ਸਮਰਪਿਤ ਕੀਤੇ ਗਏ ਪ੍ਰਾਜੈਕਟ ਤੋਂ ਇਲਾਵਾ ਕਈ ਹੋਰ ਵੱਡੇ ਪ੍ਰਾਜੈਕਟ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ ਜਿਨਾਂ ਵਿੱਚ 319 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨਵੈਂਸ਼ਨ, ਇਨਕਿਊਬੇਸ਼ਨ ਐਂਡ ਟਰੇਨਿੰਗ ਦੀ ਸਥਾਪਨਾ, ਲੜਕੀਆਂ ਲਈ ਬੇਬੇ ਨਾਨਕੀ ਕਾਲਜ ਦੀ ਸਥਾਪਨਾ ਅਤੇ 20 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਦਾ ਨਿਰਮਾਣ ਕਰਨਾ ਸ਼ਾਮਲ ਹੈ। 

ਸੂਬਾ ਸਰਕਾਰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਇਸ ਖੇਤਰ ਦੇ ਵਿਕਾਸ ਦੇ ਹਿੱਸੇ ਵਜੋਂ ਬੁਨਿਆਦੀ ਢਾਂਚੇ ਦੇ ਕੰਮਾਂ ’ਤੇ 235 ਕਰੋੜ ਰੁਪਏ, ਇੰਸਟੀਚਿਊਟ ਆਫ਼ ਇੰਟਰ-ਫੇਥ ਸਟੱਡੀਜ਼ ਦੀ ਸਥਾਪਨਾ ’ਤੇ 480 ਕਰੋੜ ਰੁਪਏ ਅਤੇ 300 ਕਰੋੜ ਰੁਪਏ  ‘ਪਿੰਡ ਬਾਬੇ ਨਾਨਕ ਦਾ’ ਲਈ ਖਰਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੁਲਤਾਨਪੁਰ ਲੋਧੀ ਦੇ ਪਵਿੱਤਰ ਸ਼ਹਿਰ ਨੂੰ ਨਜ਼ਰਅੰਦਾਜ਼ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਥੋੜੇ ਹੀ ਸਮੇਂ ਅੰਦਰ ਇਸ ਸ਼ਹਿਰ ਵਿਚ ਬੇਮਿਸਾਲ ਵਿਕਾਸ ਹੋਇਆ ਹੈ। ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ’ਤੇ ਆਪਣੇ ਕਾਰਜਕਾਲ ਦੌਰਾਨ  ਖੇਤੀਬਾੜੀ ਅਤੇ ਉਦਯੋਗਿਕ ਖੇਤਰ ਸਮੇਤ ਸੂਬੇ ਦੇ ਸਾਰੇ ਖੇਤਰਾਂ ਨੂੰ ਤਬਾਹ ਕਰਨ ਦਾ ਦੋਸ਼ ਲਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਡੀ.ਜੀ.ਪੀ. ਦਿਨਕਰ ਗੁਪਤਾ, ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਬੀਰ ਸਿੰਘ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਜਸਪ੍ਰੀਤ ਤਲਵਾਰ, ਡਵੀਜਨਲ ਕਮਿਸ਼ਨਰ ਬੀ. ਪੁਰੂਸ਼ਾਰਥਾ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਗੁਰਪ੍ਰੀਤ ਸਿੰਘ ਸੋਨੂੰ ਢੇਸੀ ਮੌਜੂਦ ਸਨ।