ਉਗਰਾਹਾਂ ਜਥੇਬੰਦੀਆਂ ਵਲੋਂ ਨਿਜੀ ਥਰਮਲਾਂ ਦੇ ਘਿਰਾਉ ਜਾਰੀ ਰੱਖਣ ਦਾ ਐਲਾਨ

ਏਜੰਸੀ

ਖ਼ਬਰਾਂ, ਪੰਜਾਬ

ਉਗਰਾਹਾਂ ਜਥੇਬੰਦੀਆਂ ਵਲੋਂ ਨਿਜੀ ਥਰਮਲਾਂ ਦੇ ਘਿਰਾਉ ਜਾਰੀ ਰੱਖਣ ਦਾ ਐਲਾਨ

image

ਬਠਿੰਡਾ, 30 ਅਕਤੂਬਰ (ਸੁਖਜਿੰਦਰ ਮਾਨ) : ਕੇਂਦਰੀ ਖੇਤੀ ਬਿਲਾਂ ਵਿਰੁਧ ਸੂਬੇ ਅੰਦਰ ਵੱਡਾ ਸੰਘਰਸ਼ ਚਲਾ ਰਹੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਨਿੱਜੀ ਥਰਮਲਾਂ ਦੇ ਘਿਰਾਉ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਬੀਤੇ ਕੱਲ ਪੰਜਾਬ ਸਰਕਾਰ ਦੇ ਤਿੰਨ ਵਜ਼ੀਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਮੀਟਿੰਗ ਵਿਚ ਕੇਂਦਰ ਵਲੋਂ ਪਰਾਲੀ ਸਾੜਣ ਸਬੰਧੀ ਜਾਰੀ ਕੀਤੇ ਆਰਡੀਨੈਂਸ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ ਗਈ।
  ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿਲ 2020 ਰੱਦ ਕਰਾਉਣ ਲਈ ਭਾਜਪਾ ਆਗੂਆਂ ਦੇ ਘਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਟੌਲ ਪਲਾਜ਼ਿਆਂ, ਪੈਟ੍ਰੋਲ ਪੰਪਾਂ, ਸ਼ਾਪਿੰਗ ਮਾਲਜ਼, ਸਾਇਲੋ ਗੋਦਾਮਾਂ ਅਤੇ ਨਿੱਜੀ ਥਰਮਲ ਪਲਾਂਟਾਂ ਦੀਆਂ ਅੰਦਰੂਨੀ ਰੇਲਵੇ ਲਾਈਨਾਂ 'ਤੇ ਧਰਨੇ ਫਿਲਹਾਲ ਲਗਾਤਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
  ਇਸਤੋਂ ਇਲਾਵਾ ਪ੍ਰਦੂਸ਼ਣ ਦੀ ਆੜ ਹੇਠ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 5 ਸਾਲ ਦੀ ਕੈਦ ਅਤੇ ਇਕ ਕਰੋੜ ਰੁਪਏ ਜੁਰਮਾਨੇ ਵਾਲੇ ਜਾਰੀ ਕੀਤੇ ਆਰਡੀਨੈਂਸ ਨੂੰ ਵੀ ਕਿਸਾਨਾਂ ਵਿਰੁਧ ਬਦਲਾਖੋਰੀ ਵਾਲਾ ਨਾਦਰਸ਼ਾਹੀ ਫੁਰਮਾਨ ਦਸਦਿਆਂ ਇਸਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਕੇਂਦਰ ਸਰਕਾਰ ਵਿਰੁਧ ਮੌਜੂਦਾ  ਕਿਸਾਨ ਘੋਲ ਦੀ ਜਨਤਕ ਦਾਬ ਨੂੰ ਹੋਰ ਵਧਾਉਣ ਲਈ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਵਲੋਂ ਪੰਜਾਬ ਵਿੱਚ  ਮਾਲ ਗੱਡੀਆਂ ਦੀ ਆਵਾਜ਼ਾਈ ਠੱਪ ਕਰਨ ਦੀ ਨਿੰਦਾ ਕਰਦਿਆਂ ਦਾਅਵਾ ਕੀਤਾ ਕਿ ਰਾਜਪੁਰਾ ਤੇ ਬਣਾਂਵਾਲੀ ਵਿਖੇ ਲਾਰਸਨ ਐਂਡ ਟੂਬਰੋ ਤੇ ਵੇਦਾਂਤਾ ਕੰਪਨੀ ਦੇ ਥਰਮਲਾਂ 'ਚ ਦਾਖ਼ਲ ਹੁੰਦੀਆਂ ਅੰਦਰੂਨੀ ਨਿੱਜੀ ਲਾਈਨਾਂ 'ਤੇ ਹੀ ਕਿਸਾਨਾਂ ਦੇ ਧਰਨੇ ਚਲ ਰਹੇ ਹਨ ਤੇ ਇੱਥੇ ਉੱਤਰੀ ਰੇਲਵੇ ਦਾ ਕੋਈ ਟ੍ਰੈਕ ਨਹੀਂ ਰੋਕਿਆ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇੰਨ੍ਹਾਂ ਪ੍ਰਾਈਵੇਟ ਥਰਮਲਾਂ ਨੂੰ ਜਨਤਕ ਕਰਕੇ ਖ਼ੁਦ ਚਲਾਇਆ ਜਾਵੇ। ਕਿਸਾਨ ਆਗੂ ਨੇ ਦੱਸਿਆ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦੇ ਚਹੇਤੇ ਅਡਾਨੀ ਦੇ ਸਾਈਲੋ ਗੁਦਾਮ ਅਤੇ  ਮੋਦੀ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਬਣਦੇ ਵੇਦਾਂਤਾ ਤੇ ਲਾਰਸਨ ਐਂਡ ਟੂਬਰੋ ਦੇ ਥਰਮਲ ਪਲਾਂਟਾਂ ਨੂੰ ਜਾਮ ਕਰਕੇ ਐਨ ਠੀਕ ਟਿਕਾਣੇ 'ਤੇ ਚੋਟ ਮਾਰੀ ਗਈ ਹੈ।
   5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਸਮੇਂ ਉਨ੍ਹਾਂ ਦੀ ਜਥੇਬੰਦੀ ਵਲੋਂ ਅਪਣੇ ਅਜ਼ਾਦ ਐਕਸ਼ਨ ਰਾਹੀਂ 4 ਘੰਟਿਆਂ ਲਈ 23 ਥਾਂਵਾਂ 'ਤੇ ਹਾਈਵੇ ਜਾਮ ਅਤੇ ਦੋਨੋਂ ਨਿੱਜੀ ਥਰਮਲਾਂ ਸਮੇਤ ਅਡਾਨੀ ਸਾਇਲੋ ਸਟੋਰ ਡਗਰੂ 3 ਥਾਂਵਾਂ 'ਤੇ ਅੰਦਰੂਨੀ ਸਪਲਾਈ ਰੇਲ ਲਾਈਨਾਂ 'ਤੇ ਵਿਸ਼ਾਲ ਇਕੱਠ ਕਰ ਕੇ  ਭਰਵਾਂ ਯੋਗਦਾਨ ਪਾਇਆ ਜਾਵੇਗਾ। ਮੀਟਿੰਗ ਵਿਚ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ, ਹਰਵਿੰਦਰ ਕੌਰ ਬਿੰਦੂ, ਜਸਵੀਰ ਸਿੰਘ ਬੁਰਜਸੇਮਾ ਆਦਿ ਆਗੂ ਵੀ ਹਾਜ਼ਰ ਸਨ। ਇਸ ਖ਼ਬਰ ਨਾਲ ਸਬੰਧਿਤ ਫੋਟੋ 30 ਬੀਟੀਆਈ 02 ਨੰਬਰ ਫਾਇਲ ਵਿਚ ਭੇਜੀ ਜਾ ਰਹੀ ਹੈ ।
ਫੋਟੋ: ਇਕਬਾਲ ਸਿੰਘ ਘਘ