ਮੁੱਖ ਮੰਤਰੀ ਵੱਲੋਂ ਸ੍ਰੀ ਦੇਵੀ ਤਲਾਬ ਮੰਦਰ ਦੇ ਲੰਗਰ 'ਤੇ ਜੀਐਸਟੀ ਮੁਆਫ਼ ਕਰਨ ਦਾ ਐਲਾਨ
ਸ੍ਰੀ ਦੇਵੀ ਤਲਾਬ ਮੰਦਰ ਵਿਖੇ ਹੋਏ ਨਤਮਸਤਕ
ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਲੰਗਰ 'ਤੇ ਜੀਐੱਸਟੀ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅੱਜ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਨਤਮਸਤਕ ਹੋਏ ਅਤੇ ਅਤੇ ਮਾਂ ਦੁਰਗਾ ਤੋਂ ਸੂਬੇ ਦੀ ਸੇਵਾ ਹੋਰ ਵੀ ਮਿਹਨਤ ਅਤੇ ਲਗਨ ਨਾਲ ਕਰਨ ਲਈ ਅਸ਼ੀਰਵਾਦ ਪ੍ਰਾਪਤ ਕੀਤਾ।
ਮੁੱਖ ਮੰਤਰੀ ਨੇ ਅੱਜ ਸਵੇਰੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਪਹੁੰਚ ਕੇ ਪ੍ਰਮਾਤਮਾ ਪਾਸੋਂ ਪੰਜਾਬ ਦੇ ਲੋਕਾਂ ਦੀ ਸੇਵਾ ਹੋਰ ਵੀ ਸਮਰਪਿਤ ਭਾਵਨਾ ਤੇ ਨਿਮਰਤਾ ਨਾਲ ਕਰਨ ਲਈ ਮਿਹਰਾਂ ਪ੍ਰਾਪਤ ਕੀਤਿਆਂ।ਮੁੱਖ ਮੰਤਰੀ ਚੰਨੀ ਨੇ ਮਾਤਾ ਰਾਣੀ ਜੀ ਦੀ ਬਖਸ਼ਿਸ਼ ਪ੍ਰਾਪਤ ਕਰਦਿਆਂ ਬਿਨਾਂ ਕਿਸੇ ਜਾਤ, ਰੰਗ, ਮਜ਼੍ਹਬ ਤੋਂ ਲੋਕਾਂ ਦੀ ਸੇਵਾ ਕਰਨ ਲਈ ਦੁਆਵਾਂ ਮੰਗੀਆਂ ਤਾਂ ਕਿ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ।
Chief Minister announces GST waiver on langar of Sri Devi Talab Mandir
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਹਰ ਕੀਮਤ ਉੱਤੇ ਬਰਕਰਾਰ ਰੱਖਿਆ ਜਾਵੇਗਾ ਜੋ ਉਹਨਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੋਵੇਗੀ। ਇਸ ਮੌਕੇ ਉਨ੍ਹਾਂ ਨੇ ਮਾਤਾ ਰਾਣੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀਆਂ ਖਾਹਸ਼ਾਂ-ਉਮੰਗਾਂ ਉੱਤੇ ਪੂਰਾ ਉਤਰਨ ਲਈ ਆਪਣੀ ਜ਼ਿੰਮੇਵਾਰੀ ਸੰਜੀਦਗੀ, ਸਮਰਪਤ ਭਾਵਨਾ ਤੇ ਵਚਨਬੱਧਤਾ ਨਾਲ ਨਿਭਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ ਉੱਤੇ ਪਾਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਪਵਿੱਤਰ ਸਥਾਨ ਉੱਤੇ ਆਉਣ ਦਾ ਸੁਭਾਗ ਪ੍ਰਾਪਤ ਹੋਣ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਭਰਿਆ ਅਹਿਸਾਸ ਹੋਇਆ ਹੈ ਕਿਉਂਕਿ ਦੁਨੀਆਂ ਭਰ ਦੇ ਲੱਖਾਂ ਲੋਕ ਇਸ ਥਾਂ ਤੋਂ ਪ੍ਰੇਰਨਾ ਅਤੇ ਅਸ਼ੀਰਵਾਦ ਹਾਸਲ ਕਰਦੇ ਹਨ।
Chief Minister announces GST waiver on langar of Sri Devi Talab Mandir
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਪਵਿੱਤਰ ਸਥਾਨ ਤੇ ਆ ਕੇ ਸੂਬੇ ਅਤੇ ਇੱਥੋਂ ਦੇ ਵਿਕਾਸ ਅਤੇ ਸ਼ਾਂਤੀ ਲਈ ਅਰਦਾਸ ਕਰਨ ਆਏ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਪ੍ਰਮਾਤਮਾ ਦੀ ਮਿਹਰ ਸਦਕਾ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਉੱਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਮੁਖੀ ਨੀਤੀਆਂ ਨੂੰ ਪੂਰਾ ਕਰਨ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿੱਜ ਨੇ ਮੁੱਖ ਮੰਤਰੀ ਨੂੰ ਮਾਤਾ ਰਾਣੀ ਦੀ ਚੁੰਨੀ ਨਾਲ ਸਨਮਾਨਤ ਕੀਤਾ।
ਇਸ ਮੌਕੇ ਹਾਜ਼ਰ ਸਖ਼ਸ਼ੀਅਤਾਂ ਵਿਚ ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ ਅਤੇ ਰਮਿੰਦਰ ਆਂਵਲਾ, ਮੰਦਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ੀਤਲ ਵਿੱਜ ਤੇ ਜਨਰਲ ਸਕੱਤਰ ਰਾਜੇਸ਼ ਵਿੱਜ ਤੇ ਹੋਰ ਵੀ ਹਾਜ਼ਰ ਸਨ। ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕਮਲ ਕਿਸ਼ੋਰ ਯਾਦਵ, ਜਲੰਧਰ ਦੇ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਮਿਊਂਸਪਲ ਕਾਰਪੋਰੇਸ਼ਨ ਜਲੰਧਰ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਤੇ ਹੋਰ ਵੀ ਹਾਜ਼ਰ ਸਨ।