ਚੰਡੀਗੜ੍ਹ (ਭੁੱਲਰ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਹਾਈਕਮਾਨ ਨਾਲ ਸੁਲਾਹ ਸਫ਼ਾਈ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਸੰਪਰਕ ਵਿਚ ਹੋਣ ਦੀਆਂ ਮੀਡੀਆ ਦੇ ਇਕ ਹਿੱਸੇ ਵਿਚ ਚਲ ਰਹੀਆਂ ਖ਼ਬਰਾਂ ’ਤੇ ਵਿਰਾਮ ਲਗਾਉਂਦਿਆਂ ਕਿਹਾ ਹੈ ਕਿ ਅਜਿਹਾ ਕੁੱਝ ਵੀ ਨਹੀਂ ਹੋ ਰਿਹਾ। ਅਪਣੇ ਟਵਿੱਟਰ ਹੈਂਡਲ ਉਪਰ ਸਪੱਸ਼ਟ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਨਾਲ ਕੋਈ ਵੀ ਗੱਲਬਾਤ ਨਹੀਂ ਚਲ ਰਹੀ ਅਤੇ ਉਨ੍ਹਾਂ ਦਾ ਹੁਣ ਕਾਂਗਰਸ ਵਿਚ ਰਹਿਣ ਦਾ ਕੋਈ ਇਰਾਦਾ ਨਹੀਂ ਹੈ। ਸੁਲਾਹ ਸਫ਼ਾਈ ਦਾ ਸਮਾਂ ਹੁਣ ਲੰਘ ਚੁੱਕਾ ਹੈ ਅਤੇ ਵਖਰਾ ਰਾਹ ਅਖ਼ਤਿਆਰ ਕਰਨ ਦਾ ਫ਼ੈਸਲਾ ਬੜਾ ਸੋਚ ਸਮਝ ਕੇ ਹੀ ਲਿਆ ਗਿਆ ਹੈ।
ਲਏ ਜਾ ਚੁੱਕੇ ਫ਼ੈਸਲੇ ਵਿਚ ਕਿਸੇ ਤਬਦੀਲੀ ਦਾ ਸਵਾਲ ਹੀ ਨਹੀਂ ਅਤੇ ਇਹ ਅੰਤਮ ਫ਼ੈਸਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੋਨੀਆ ਗਾਂਧੀ ਵਲੋਂ ਮਿਲੇ ਸਮਰਥਨ ਲਈ ਧਨਵਾਦੀ ਹਨ ਪਰ ਹੁਣ ਕਾਂਗਰਸ ਵਿਚ ਨਹੀਂ ਰਹਿ ਸਕਦੇ। ਉਨ੍ਹਾਂ ਇਹ ਗੱਲ ਵੀ ਦੁਹਰਾਈ ਕਿ ਅਪਣੀ ਨਵੀਂ ਪਾਰਟੀ ਦਾ ਛੇਤੀ ਗਠਨ ਕਰਾਂਗਾ ਅਤੇ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੋਣ ਬਾਅਦ ਭਾਜਪਾ ਤੇ ਅਕਾਲੀ ਦਲ ਦੇ ਢੀਂਡਸਾ ਗਰੁਪ ਨਾਲ ਸੀਟਾਂ ਦੇ ਲੈਣ ਦੇਣ ਵੀ ਗੱਲ ਵੀ ਸ਼ੁਰੂ ਕਰਾਂਗਾ। ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਹਿਤ ਵਿਚ ਮਜ਼ਬੂਤ ਫ਼ਰੰਟ ਬਣਾਉਣ ਦਾ ਯਤਨ ਕਰਾਂਗਾ।