ਹੁਣ ਰਸਤਾ ਖੁਲ੍ਹ ਗਿਐ ਅਤੇ ਕਿਸਾਨ ਸੰਸਦ ਵਲ ਕੂਚ ਕਰਨ : ਰਵਨੀਤ ਬਿੱਟੂ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਰਸਤਾ ਖੁਲ੍ਹ ਗਿਐ ਅਤੇ ਕਿਸਾਨ ਸੰਸਦ ਵਲ ਕੂਚ ਕਰਨ : ਰਵਨੀਤ ਬਿੱਟੂ

image

ਕਿਸਾਨ ਮੋਰਚੇ ਦੇ ਆਗੂ ਬੁਰਜ ਗਿੱਲ ਨੇ ਕਿਹਾ, ਸਾਨੂੰ ਅਜਿਹੀ ਸਲਾਹ ਦੀ ਲੋੜ ਨਹੀਂ

ਚੰਡੀਗੜ੍ਹ, 30 ਅਕਤੂਬਰ (ਭੁੱਲਰ) : ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੁਲਿਸ ਵਲੋਂ ਬੈਰੀਕੇਡ ਹਟਾਏ ਜਾਣ ਬਾਅਦ ਦਿੱਲੀ ਵਲ ਰਸਤਾ ਖੁਲ੍ਹਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਸਲਾਹ ਦਿਤੀ ਹੈ ਕਿ ਹੁਣ ਸੰਸਦ ਵਲ ਕੂਚ ਕਰਨਾ ਚਾਹੀਦਾ ਹੈ | ਟਰੈਕਟਰਾਂ ਨੂੰ ਰੇਸ ਦੇ ਕੇ ਅੱਗੇ ਵਧਿਆ ਜਾਵੇ | ਉਨ੍ਹਾਂ ਕਿਹਾ ਕਿ ਅਸੀਂ ਜੰਤਰ-ਮੰਤਰ ਵਿਖੇ ਪਹਿਲਾਂ ਹੀ ਅੰਦੋਲਨ ਕਰ ਰਹੇ ਹਾਂ ਤੇ ਕਿਸਾਨ ਦਿੱਲੀ ਵਲ ਆਉਂਦੇ ਹਨ ਤਾਂ ਅੱਗੇ ਅਸੀਂ ਉਨ੍ਹਾਂ ਨਾਲ ਮਿਲਾਂਗੇ | ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਵੀ ਬਿੱਟੂ ਦੇ ਬਿਆਨ ਦਾ ਜਵਾਬ ਦਿਤਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਸਲਾਹਾਂ ਦੀ ਲੋੜ ਨਹੀਂ ਅਤੇ ਸਾਨੂੰ ਪਤਾ ਹੈ ਕਿ ਕਦੋਂ ਅਤੇ ਕਿਸ ਸਮੇਂ ਕਿਹੜਾ ਐਕਸ਼ਨ ਲੈਣਾ ਹੈ | ਜੰਤਰ ਮੰਤਰ 'ਤੇ ਬਿੱਟੂ ਦੇ ਅੰਦੋਲਨ ਨੂੰ ਡਰਾਮੇਬਾਜ਼ੀ ਦਸਦਿਆਂ ਕਿਸਾਨ ਆਗੂ ਨੇ ਉਲਟਾ ਉਨ੍ਹਾਂ ਨੂੰ ਹੀ ਸਲਾਹ ਦਿਤੀ ਹੈ ਕਿ ਅਪਣੀਆਂ ਦਲੀਲਾਂ ਅਪਣੇ ਕੋਲ ਹੀ ਰੱਖੋ | ਅਸੀਂ 11 ਮਹੀਨੇ ਤੋਂ ਅੰਦੋਲਨ ਕਰ ਰਹੇ ਹਾਂ ਤੇ ਅਸੀਂ ਦੇਖਾਂਗੇ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਜਾਂ ਸੰਸਦ ਵਲ ਕਦੋਂ ਜਾਣਾ ਹੈ |