ਸੌਦਾ ਸਾਧ ਦੇ ਡੇਰੇ ਵਿਚ ਹਾਜ਼ਰੀ ਭਰਨ ਦੀ ਵੀਡੀਉ ਜਨਤਕ ਹੋਣ ਨਾਲ ਮੰਤਰੀ ਸਰਾਰੀ ਨਵੇਂ ਵਿਵਾਦ ਵਿਚ ਘਿਰੇ

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਦੇ ਡੇਰੇ ਵਿਚ ਹਾਜ਼ਰੀ ਭਰਨ ਦੀ ਵੀਡੀਉ ਜਨਤਕ ਹੋਣ ਨਾਲ ਮੰਤਰੀ ਸਰਾਰੀ ਨਵੇਂ ਵਿਵਾਦ ਵਿਚ ਘਿਰੇ

image


ਚੰਡੀਗੜ੍ਹ, 30 ਅਕਤੂਬਰ (ਗੁਰਉਪਦੇਸ਼ ਭੁੱਲਰ):  ਸੌਦੇਬਾਜ਼ੀ ਦੀ ਗੱਲਬਾਤ ਦੀ ਆਡੀਉ ਸਾਹਮਣੇ ਆਉਣ ਬਾਅਦ ਭਿ੍ਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਹੁਣ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਏ ਹਨ | ਉਨ੍ਹਾਂ ਵਲੋਂ ਪਿਛਲੇ ਦਿਨ ਸੌਦਾ ਸਾਧ ਦੇ ਇਕ ਡੇਰੇ ਵਿਚ ਜਾਣ ਦੀ ਵੀਡੀਉ ਜਨਤਕ ਹੋਣ ਬਾਅਦ ਹੁਣ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਰਾਰੀ ਦੀ ਤੁਰਤ ਮੰਤਰੀ ਮੰਡਲ ਵਿਚੋਂ ਬਰਖ਼ਾਸਤਗੀ ਦੀ ਮੰਗ ਉਠਾ ਦਿਤੀ ਹੈ |
ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਵਾਇਰਲ ਵੀਡੀਉ ਨੂੰ  ਲੈ ਕੇ 'ਆਪ' ਸਰਕਾਰ 'ਤੇ ਨਿਸ਼ਾਨੇ ਸਾਧੇ ਹਨ | ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਸਰਾਰੀ ਦੀ ਜਨਤਕ ਵੀਡੀਉ ਦੀ ਫ਼ੋਟੋ ਜਾਰੀ ਕਰਦਿਆਂ ਟਵੀਟ ਕਰ ਕੇ ਕਿਹਾ ਹੈ ਕਿ ਇਹ ਕਿਹੋ ਜਿਹਾ ਬਦਲਾਅ ਹੈ? ਉਨ੍ਹਾਂ ਕਿਹਾ ਕਿ ਭਗਵੰਤ
ਮਾਨ ਸਰਕਾਰ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਕਰਨ ਦੇ ਦਾਅਵੇ ਕਰਦੀ ਹੈ ਪਰ ਉਸ ਦੇ ਕੈਬਨਿਅ ਮੰਤਰੀ ਦੇ ਸੌਦਾ ਸਾਧ ਦੇ ਡੇਰੇ ਜਾਣ ਦੀ ਸਾਹਮਣੇ ਆਈ ਵੀਡੀਉ ਤੇ ਤਸਵੀਰਾਂ ਨਾਲ ਇਨ੍ਹਾਂ ਦਾਅਵਿਆਂ ਉਪਰ ਸਵਾਲ ਖੜੇ ਹੋ ਗਏ | ਉਨ੍ਹਾਂ ਕਿਹਾ ਕਿ ਮੰਤਰੀ ਸਰਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸੈਦੇਕਾ ਵਿਚ ਡੇਰਾ ਪ੍ਰੇਮੀਆਂ ਤੋਂ ਡੇਰੇ ਅੰਦਰ ਜਾ ਕੇ ਸਨਮਾਨ ਪ੍ਰਾਪਤ ਕਰ ਰਹੇ ਹਨ | ਦੂਜੇ ਪਾਸੇ ਸਰਾਰੀ ਦੀ ਡੇਰੇ ਵਿਚ ਜਾਣ ਦੀ ਵੀਡੀਉ ਸਾਹਮਣੇ ਆ ਜਾਣ ਬਾਅਦ ਸਬੰਧਤ ਡੇਰੇ ਦੇ ਪ੍ਰਬੰਧਕਾਂ ਵਲੋਂ ਸਫ਼ਾਈ ਦਿਤੀ ਜਾ ਰਹੀ ਹੈ ਕਿ ਮੰਤਰੀ ਉਥੋਂ ਦੀ ਜਾ ਰਹੇ ਸਨ ਕਿ ਡੇਰਾ ਪ੍ਰੇਮੀਆਂ ਨੇ ਕੁੱਝ ਮਸਲੇ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਲਈ ਉਨ੍ਹਾਂ ਨੂੰ  ਰੋਕ ਲਿਆ ਪਰ ਸਵਾਲ ਇਹ ਹੈ ਕਿ ਜੋ ਲਿਖਤੀ ਸਨਮਾਨ ਪੱਤਰ ਦਿਤਾ ਜਾ ਰਿਹਾ ਹੈ, ਉਹ ਅਚਨਚੇਤ ਕਿਵੇਂ ਛਪ ਗਿਆ? ਸੌਦਾ ਸਾਧ ਪੈਰੋਲ ਬਾਅਦ ਖ਼ੁਦ ਵੀ ਵਿਵਾਦਾਂ ਵਿਚ ਹਨ ਤੇ ਉਨ੍ਹਾਂ ਦਾ ਕਈ ਪਾਸਿਉਂ ਵਿਰੋਧ ਹੋ ਰਿਹਾ ਹੈ ਅਤੇ ਇਸ ਸਮੇਂ ਹੀ ਸਰਾਰੀ ਦਾ ਸੌਦਾ ਸਾਧ ਦੇ ਕਿਸੇ ਸਥਾਨ 'ਤੇ ਜਾਣ ਨਾਲ ਮਾਮਲਾ ਕਾਫ਼ੀ ਚਰਚਾ ਵਿਚ ਹੈ |
ਮੰਤਰੀ ਫ਼ੌਜਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਲਕੇ ਵਿਚ ਡੇਰਾ ਪੈਂਦਾ ਹੈ, ਇਸ ਲਹੀ ਉਹ ਉਥੇ ਗਏ ਸਨ | ਉਂਜ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ |