ਹੁਣ ਵਟਸਐਪ ਰਾਹੀਂ ਮਿਲੇਗੀ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ: ਹਰਜੋਤ ਬੈਂਸ

ਏਜੰਸੀ

ਖ਼ਬਰਾਂ, ਪੰਜਾਬ

ਵਿਭਾਗ ਤੋਂ ਪ੍ਰਵਾਨਗੀ ਲੈਣ ਲਈ ਵਟਸਐਪ ਨੰਬਰ 99140-09095 ਜਾਰੀ

Now permission of excavation upto three feet is just a Whatsapp message away: Harjot Bains

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਦੀ ਪ੍ਰੀਕਿਰਿਆ ਨੂੰ ਹੋਰ ਸੁਖਾਲਾ ਬਣਾ ਦਿੱਤਾ ਹੈ। ਮਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਰਾਜ ਵਿੱਚ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਲਈ ਜਾ ਸਕੇਗੀ। ਇਹ ਜਾਣਕਾਰੀ ਪੰਜਾਬ ਰਾਜ ਦੇ ਖਣਨ ਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਬੈਂਸ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਤਤਕਾਲੀਨ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ‘ਸੈਂਡ ਐਂਡ ਗਰੇਵਲ ਮਾਨਿਇੰਗ ਪਾਲਿਸੀ-2021’ ਤਹਿਤ 2 ਏਕੜ ਤੱਕ ਦੇ ਖੇਤਰ ਵਿੱਚ 3 ਫੁੱਟ ਤੱਕ ਹੱਥੀਂ ਮਿੱਟੀ ਕੱਢਣ ਵਿੱਚ ਪ੍ਰਵਾਨਗੀ ਦਿੱਤੀ ਗਈ ਸੀ। ਜਿਸ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਦਫ਼ਤਰੀ ਚੱਕਰ ਵੀ ਲਗਾਉਣੇ ਪੈਂਦੇ ਸਨ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਮਸ਼ੀਨ ਦੀ ਵਰਤੋਂ ਕਰਦਾ ਸੀ, ਤਾਂ ਉਸ ਖ਼ਿਲਾਫ਼ ਮਾਈਨਿੰਗ ਦਾ ਪਰਚਾ ਦਰਜ ਹੋ ਜਾਂਦਾ ਸੀ।

ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਔਕੜ ਭਰੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਉਣ ਲਈ ਹੁਣ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਦੇਣ ਦਾ ਦਫ਼ਤਰੀ ਹੁਕਮ ਜਾਰੀ ਕੀਤਾ ਗਿਆ ਹੈ। ਇਸ ਹੁਕਮ ਰਾਹੀਂ ਜਿਸ ਕਿਸੇ ਨੇ ਵੀ 2 ਏਕੜ ਤੱਕ ਦੇ ਰਕਬੇ ਵਿੱਚੋਂ 3 ਫੁੱਟ ਤੱਕ ਮਿੱਟੀ ਦੀ ਪੁਟਾਈ ਸਬੰਧੀ ਪ੍ਰਵਾਨਗੀ ਵਟਸਐਪ ਮੈਸਜ਼ ਰਾਹੀਂ ਮਿਲੇਗੀ।

ਪ੍ਰਵਾਨਗੀ ਲੈਣ ਲਈ ਬੇਨਤੀ ਕਰਤਾ ਨੂੰ ਆਪਣਾ ਨਾਮ/ ਪਿਤਾ ਦਾ ਨਾਮ, ਪਿੰਡ ਦਾ ਨਾਮ, ਪਿੰਡ ਦੇ ਸਰਪੰਚ ਦਾ ਨਾਮ, ਤਹਿਸੀਲ/ ਜ਼ਿਲ੍ਹੇ ਦਾ ਨਾਮ, ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਜਿਸ ਥਾਂ ਦੀ ਖੁਦਾਈ ਕੀਤੀ ਜਾਣੀ , ਉਸ ਦੀ ਮਾਲ ਰਿਕਾਰਡ ਅਨੁਸਾਰ ਨੰਬਰ ਹਦਬਸਤ ਵਟਸਐਪ ਨੰਬਰ 99140-09095 ‘ਤੇ ਭੇਜੇਗਾ। ਇਸ ਨਾਲ ਆਮ ਲੋਕਾਂ ਅਤੇ ਜਿੰਮੀਦਾਰਾਂ ਨੂੰ ਆਪਣੇ ਘਰਾਂ ਜਾਂ ਹੋਰ ਕੰਮਾਂ ਲਈ ਖੇਤਾਂ ਵਿੱਚੋਂ ਮਿੱਟੀ ਲੈ ਜਾਣਾ ਆਸਾਨ ਹੋ ਜਾਵੇਗਾ। ਬੈਂਸ ਨੇ ਦੱਸਿਆ ਕਿ ਸੂਚਨਾ ਮੁਕੰਮਲ ਤੇ ਸਹੀ ਹੋਣ ਦੀ ਸੂਰਤ ਵਿੱਚ ਨੋਡਲ ਅਫ਼ਸਰ ਬੇਨਤੀ ਕਰਤਾ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਵਟਸਟਐਪ ਜਾਂ ਟੈਕਸਟ ਮੈਸੇਜ ਰਾਹੀਂ ਜਾਰੀ ਕਰੇਗਾ।

ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਗਲਤ ਤੱਥ ਦੇ ਕੇ ਪੁਟਾਈ ਸੰਬਧੀ ਪ੍ਰਵਾਨਗੀ ਲਵੇਗਾ ਅਤੇ ਵਿਭਾਗੀ ਜਾਂਚ ਦੌਰਾਨ ਵੱਧ ਖੁਦਾਈ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।