ਪਰਾਲੀ ਸਾੜਨ ਦਾ ਮਾਮਲਾ: ਕੁਝ ਦਿਨ ਪਹਿਲਾਂ ਸਨਮਾਨਿਤ ਹੋਏ ਖੇਤੀਬਾੜੀ ਅਫ਼ਸਰ ਨੂੰ ਵੀ ਕੀਤਾ ਮੁਅੱਤਲ 

ਏਜੰਸੀ  | Harman Singh

ਖ਼ਬਰਾਂ, ਪੰਜਾਬ

ਵੱਧ ਪਰਾਲੀ ਸਾੜਨ ਵਾਲੇ ਇਲਾਕਿਆਂ ਦੇ ਖੇਤੀਬਾੜੀ ਅਫ਼ਸਰਾਂ ਵਿਰੁੱਧ ਹੋਈ ਕਾਰਵਾਈ 

Punjab News

ਕਿਸੇ ਵੀ ਜ਼ਿਲ੍ਹੇ ਵਿਚ ਵਰਤੀ ਗਈ ਲਾਪਰਵਾਹੀ ਤਾਂ ਹੋਵੇਗੀ ਸਖ਼ਤ ਕਾਰਵਾਈ - ਕੁਲਦੀਪ ਸਿੰਘ ਧਾਲੀਵਾਲ 

ਮੁਹਾਲੀ : ਪਰਾਲੀ ਸਾੜਨ ਵਾਲੇ ਇਲਾਕਿਆਂ ਵਿਚ ਕਿਸਾਨਾਂ ਨਾਲ ਭਾਵੇਂ ਨਰਮਾਈ ਨਾਲ ਪੇਸ਼ ਆਇਆ ਜਾ ਰਿਹਾ ਹੈ ਪਰ ਇਲਾਕਿਆਂ ਦੇ ਸਬੰਧਿਤ ਖੇਤੀਬਾੜੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਣ ’ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚਾਰ ਖੇਤੀਬਾੜੀ ਅਧਿਕਾਰੀਆਂ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਹਰਬੰਸ ਸਿੰਘ, ਖੇਤੀਬਾੜੀ ਅਫ਼ਸਰ ਸਮਾਣਾ-ਪਟਿਆਲਾ ਸਤੀਸ਼ ਕੁਮਾਰ, ਖੇਤੀਬਾੜੀ ਅਫ਼ਸਰ ਚੋਹਲਾ ਸਾਹਿਬ ਤਰਨ ਤਾਰਨ ਹਰਪਾਲ ਸਿੰਘ, ਖੇਤੀਬਾੜੀ ਅਫ਼ਸਰ ਪੱਟੀ, ਤਰਨ ਤਾਰਨ ਭੁਪਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਵਿਚੋਂ ਪੱਟੀ ਦੇ ਖੇਤੀਬਾੜੀ ਅਧਿਕਾਰੀ ਭੁਪਿੰਦਰ ਸਿੰਘ ਨੂੰ ਦੋ ਦਿਨ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪੱਟੀ ਵਿਚ ਕੀਤੇ ਬਿਹਤਰ ਕੰਮਾਂ ਲਈ ਸਨਮਾਨਿਤ ਕੀਤਾ ਗਿਆ ਸੀ।

ਦੱਸ ਦੇਈਏ ਕਿ ਮੁਅੱਤਲ ਕੀਤੇ ਖੇਤੀਬਾੜੀ ਅਫ਼ਸਰ ਦੇ ਅਧੀਨ ਜ਼ਿਲ੍ਹੇ ਦੇ ਤਿੰਨ ਬਲਾਕ ਆਉਂਦੇ ਹਨ। ਇਨ੍ਹਾਂ ਵਿਚੋਂ ਭਿੱਖੀਵਿੰਡ ਅਤੇ ਵਲਟੋਹਾ ਵਿਚ ਮਾਮਲੇ ਵਧੇ ਹਨ। ਭੁਪਿੰਦਰ ਸਿੰਘ ਨੇ ਵੀ ਇਸ ਫੈਸਲੇ 'ਤੇ ਹੈਰਾਨੀ ਜਤਾਈ ਹੈ। ਉਧਰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸਰਕਾਰ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਜ਼ੀਰੋ ਟਾਲਰੈਂਸ ਦੀ ਨੀਤੀ ਆਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ ਮਾਮਲੇ ਵਿਚ ਲਾਪਰਵਾਹੀ ਵਰਤੀ ਗਈ ਤਾਂ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਐਤਵਾਰ ਨੂੰ ਸੂਬੇ ਵਿਚ 1761 ਜਗ੍ਹਾ ਪਰਾਲੀ ਸਾਡੀ ਗਈ ਜਦਕਿ ਸ਼ਨੀਵਾਰ ਨੂੰ ਇਹ ਅੰਕੜਾ 1898 ਸੀ।