ਬਿਰਥ ਆਸ਼ਰਮ 'ਚ ਹੀ ਮਰੀ 6 ਧੀਆਂ-ਪੁੱਤਾਂ ਦੀ ਮਾਂ, ਆਖ਼ਰੀ ਸਮੇਂ ਵੀ ਨਹੀਂ ਮਿਲਿਆ ਔਲਾਦ ਦਾ ਮੋਢਾ
ਸਸਕਾਰ 'ਤੇ ਸਿਰਫ਼ ਮਾਤਾ ਦੀ ਭੈਣ ਆਈ ਜੋ ਆਪਣੀ ਮਰੀ ਪਈ ਭੈਣ ਨੂੰ ਦੇਖ ਕੇ ਭੁੱਬਾਂ ਮਾਰ ਰੋਈ।
ਮੋਗਾ : ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਉਹ ਮਾਂ ਜੋ ਆਪਣੇ ਬੱਚੇ ਨੂੰ ਪਹਿਲਾਂ ਤਾਂ ਨੌਂ ਮਹੀਨੇ ਆਪਣੇ ਢਿੱਡ 'ਚ ਪਾਲਦੀ ਹੈ ਤੇ ਫਿਰ ਜਦੋਂ ਉਹ ਦੁਨੀਆ 'ਚ ਆਉਂਦਾ ਹੈ ਤਾਂ ਫਿਰ ਉਦੋਂ ਉਹ ਪਾਲਦੀ ਹੈ। ਇਕ ਮਾਂ ਦੀ ਮਿਸਾਲ ਮੋਗਾ ਸਥਿਤ ਇਕ ਬਿਰਧ ਆਸ਼ਰਮ ਵਿਚ ਦੇਖਣ ਨੂੰ ਮਿਲੀ ਹੈ, ਜੋ 4 ਧੀਆਂ ਅਤੇ 2 ਪੁੱਤਰਾਂ ਨੂੰ ਜਨਮ ਦੇ ਕੇ ਪਾਲ ਪੋਸ ਕੇ ਵੱਡਾ ਕਰਕੇ ਫ਼ਰਜ਼ ਅਦਾ ਕਰ ਚੁੱਕੀ ਮਾਂ ਨੂੰ ਪੁੱਤਰ ਅਤੇ ਧੀਆਂ ਨੇ ਬੁਢਾਪੇ ਵਿਚ ਠੋਕਰ ਮਾਰ ਦਿੱਤੀ ਤੇ ਉਸ ਨੂੰ ਬਿਰਧ ਆਸ਼ਰਮ ਵਿਚ ਰਹਿਣ ਲਈ ਮਜਬੂਰ ਹੋਣਾ ਪਿਆ।
ਫਿਰੋਜ਼ਪੁਰ ਦੇ ਪਿੰਡ ਲਹਿਰਾ ਤੋਂ ਆਈ ਬਜ਼ੁਰਗ ਮਾਤਾ ਬਲਵੀਰ ਕੌਰ ਜਿਸ ਨੇ ਇਸ ਬਿਰਧ ਆਸ਼ਰਮ ਵਿਚ ਡੇਢ ਸਾਲ ਬੱਚਿਆਂ ਦੀ ਉਡੀਕ ਕੀਤੀ ਤੇ ਇੱਥੇ ਹੀ ਆਖ਼ਰੀ ਸਾਹ ਲਏ ਪਰ ਆਖ਼ਰੀ ਰਸਮਾਂ ਵਿਚ ਨਾ ਚਾਰਾਂ ਧੀਆਂ 'ਚੋਂ ਅਤੇ ਨਾ ਦੋਹਾਂ ਪੁੱਤਾਂ 'ਚੋਂ ਕੋਈ ਉਸ ਦੀਆਂ ਰਸਮਾਂ ਵਿਚ ਪੁੱਜਾ। ਇਸ ਮੌਕੇ ਸਿਰਫ਼ ਮਾਤਾ ਦੀ ਭੈਣ ਆਈ ਜੋ ਆਪਣੀ ਮਰੀ ਪਈ ਭੈਣ ਨੂੰ ਦੇਖ ਕੇ ਭੁੱਬਾਂ ਮਾਰ ਰੋਈ। ਮਾਤਾ ਦੀਆਂ ਅੰਤਮ ਰਸਮਾਂ ਪੰਜਾਬ ਪੁਲਿਸ ਵਿਚ ਤਾਇਨਾਤ ਅਤੇ ਇਸ ਬਿਰਧ ਆਸ਼ਰਮ ਨੂੰ ਚਲਾ ਰਹੇ ਜਸਬੀਰ ਸਿੰਘ ਨੇ ਨਿਭਾਈਆਂ ਅਤੇ ਇਸ ਮਾਂ ਦੇ ਬੱਚਿਆਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਲੱਖ ਲਾਹਨਤ ਅਜਿਹੇ ਪੁੱਤਰ ਧੀਆਂ ਨੂੰ ਜੋ ਆਖ਼ਰੀ ਸਮੇਂ ਵਿਚ ਆਪਣੀ ਮਾਂ ਦੀਆਂ ਅੰਤਮ ਰਸਮਾਂ ਵੀ ਨਿਭਾਅ ਨਹੀਂ ਸਕੇ।
ਉਹਨਾਂ ਨੇ ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਨੂੰ ਸੰਭਾਲਣ ਲਈ ਅੱਗੇ ਆਉਣ ਤਾਂ ਜੋ ਉਨ੍ਹਾਂ ਨੂੰ ਬੁਢਾਪੇ ਵਿਚ ਬਿਰਧ ਆਸ਼ਰਮਾਂ ਦਾ ਸਹਾਰਾ ਨਾ ਲੈਣਾ ਪਵੇ। ਇਸ ਮੌਕੇ ਜਸਬੀਰ ਸਿੰਘ ਨੇ ਕਿਹਾ ਕਿ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਕ ਮਾਂ ਨੇ ਤਾਂ ਬੱਚਿਆਂ ਨੂੰ ਪਾਲ ਕੇ ਵੱਡਾ ਕਰ ਦਿੱਤਾ ਪਰ 6 ਬੱਚੇ ਆਪਣੀ ਇਕ ਮਾਂ ਨੂੰ ਸੰਭਾਲ ਨਹੀਂ ਸਕੇ। ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਂ ਦੀ ਮੌਤ ਤੋਂ ਬਾਅਦ ਕਈ ਵਾਰ ਉਨ੍ਹਾਂ ਦੇ ਧੀਆਂ ਪੁੱਤਰਾਂ ਨੂੰ ਫੋਨ ਕੀਤਾ ਕਿ ਉਹ ਆ ਕੇ ਅੰਤਿਮ ਰਸਮਾਂ ਨਿਭਾਉਣ ਪਰ ਕੋਈ ਨਹੀਂ ਆਇਆ।