2 ਨਸ਼ਾ ਤਸਕਰਾਂ ਨੂੰ 10-10 ਰੁੱਖ ਲਗਾਉਣ ਦੀ ਸ਼ਰਤ 'ਤੇ ਮਿਲੀ ਜ਼ਮਾਨਤ, SHO ਨੂੰ ਰਿਪੋਰਟ ਪੇਸ਼ ਕਰਨ ਦੇ ਹੁਕਮ 

ਏਜੰਸੀ

ਖ਼ਬਰਾਂ, ਪੰਜਾਬ

ਦੋਵਾਂ ਖ਼ਿਲਾਫ਼ ਇਸ ਸਾਲ 11 ਅਪਰੈਲ ਨੂੰ ਹੈਰੋਇਨ ਬਰਾਮਦ ਕਰਨ ਸਬੰਧੀ ਥਾਣਾ ਸਦਰ ਪਠਾਨਕੋਟ ਅਧੀਨ ਪੈਂਦੇ ਥਾਣਾ ਸਦਰ ਵਿਚ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ।

File Photo

ਪਠਾਨਕੋਟ -  ਪਠਾਨਕੋਟ ਦੀ ਵਿਸ਼ੇਸ਼ ਅਦਾਲਤ ਦੇ ਇਕ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਕਿਵੇਂ ਜੱਜ ਅਤੇ ਅਦਾਲਤਾਂ ਵੀ ਵਾਤਾਵਰਣ ਪ੍ਰਤੀ ਚਿੰਤਤ ਹਨ। ਵਿਸ਼ੇਸ਼ ਅਦਾਲਤ ਨੇ ਹੈਰੋਇਨ ਤਸਕਰੀ ਮਾਮਲੇ ਦੇ ਦੋ ਦੋਸ਼ੀਆਂ ਨੂੰ ਇਸ ਸ਼ਰਤ 'ਤੇ ਅੰਤਰਿਮ ਜ਼ਮਾਨਤ (ਜ਼ਮਾਨਤ ਸੁਰੱਖਿਆ) ਦਿੱਤੀ ਹੈ ਕਿ ਉਹ ਦੋਵੇਂ 10-10 ਰੁੱਖ ਲਗਾਉਣਗੇ ਅਤੇ ਐਫਆਈਆਰ ਦਰਜ ਕਰਨ ਵਾਲੇ ਥਾਣੇ ਦਾ ਐਸਐਚਓ ਦਰੱਖਤ ਲਗਾਉਣ ਦੀ ਰਿਪੋਰਟ ਪੇਸ਼ ਕਰੇਗਾ। 

ਇਹ ਦਿਲਚਸਪ ਫ਼ੈਸਲਾ ਵਿਸ਼ੇਸ਼ ਅਦਾਲਤ ਦੇ ਜੱਜ ਜਤਿੰਦਰਪਾਲ ਸਿੰਘ ਖੁਰਮੀ ਨੇ ਦਿੱਤਾ ਹੈ। ਘਰੋਟਾ ਦੇ ਨਾਜੋਚੱਕ ਵਾਸੀ ਸੁਨੀਲ ਸਿੰਘ ਅਤੇ ਵਿਨੈ ਪਾਲ ਸਿੰਘ ਨੇ ਵਿਸ਼ੇਸ਼ ਅਦਾਲਤ ਵਿੱਚ ਅੰਤਰਿਮ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਇਨ੍ਹਾਂ ਦੋਵਾਂ ਖ਼ਿਲਾਫ਼ ਇਸ ਸਾਲ 11 ਅਪਰੈਲ ਨੂੰ ਹੈਰੋਇਨ ਬਰਾਮਦ ਕਰਨ ਸਬੰਧੀ ਥਾਣਾ ਸਦਰ ਪਠਾਨਕੋਟ ਅਧੀਨ ਪੈਂਦੇ ਥਾਣਾ ਸਦਰ ਵਿਚ ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਲਜ਼ਾਮ ਲਗਾਇਆ ਗਿਆ ਹੈ ਕਿ ਪੁਲਿਸ ਨੇ 10 ਗ੍ਰਾਮ ਹੈਰੋਇਨ ਬਰਾਮਦ ਕਰ ਲਈ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਬਾਅਦ ਵਿਚ 10 ਅਕਤੂਬਰ ਨੂੰ ਪੁਲਿਸ ਨੇ ਦੋਵਾਂ ਖ਼ਿਲਾਫ਼ ਚੋਰੀ ਦੀ ਧਾਰਾ 411,482 ਜੋੜ ਕੇ ਚਲਾਨ ਪੇਸ਼ ਕੀਤਾ। ਇਸ ਮਾਮਲੇ ਵਿਚ ਦੋਵਾਂ ਮੁਲਜ਼ਮਾਂ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਦੀ ਅਰਜ਼ੀ ’ਤੇ ਜੱਜ ਜਤਿੰਦਰਪਾਲ ਸਿੰਘ ਖੁਰਮੀ ਦੀ ਅਦਾਲਤ ਨੇ ਇਸ ਸ਼ਰਤ ’ਤੇ ਜ਼ਮਾਨਤ ਦੇਣ ਦਾ ਫ਼ੈਸਲਾ ਕੀਤਾ ਕਿ ਸੁਨੀਲ ਸਿੰਘ ਅਤੇ ਵਿਨੈ ਪਾਲ ਸਿੰਘ 10-10 ਰੁੱਖ ਲਗਾਉਣਗੇ, ਜਿਸ ਨੂੰ ਅਮਲੀ ਜਾਮਾ ਥਾਣਾ ਸਦਰ ਦੇ ਐਸ.ਐਚ.ਓ. ਦੀ ਨਿਗਰਾਨੀ ਹੇਠ ਪਹਿਨਾਇਆ ਜਾਵੇਗਾ ਅਤੇ ਐਸ.ਐਚ.ਓ ਕੇਸ ਦਾ ਚਲਾਨ ਪੇਸ਼ ਕਰਦੇ ਹੋਏ ਅਦਾਲਤ ਵਿੱਚ ਆਪਣੀ ਰਿਪੋਰਟ ਪੇਸ਼ ਕਰਨਗੇ।