Fazilka News: ਸਰਕਾਰੀ ਸਕੂਲ 'ਚ ਬੱਚਿਆਂ ਤੋਂ ਕਰਵਾਈ ਜਾ ਰਹੀ ਮਜ਼ਦੂਰੀ, ਫਾਜ਼ਿਲਕਾ 'ਚ ਇੱਟਾਂ ਚੁੱਕਦੇ ਦਿਖਾਈ ਦਿੱਤੇ ਬੱਚੇ

ਏਜੰਸੀ

ਖ਼ਬਰਾਂ, ਪੰਜਾਬ

ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਵੀ ਕਰ ਰਹੇ ਹਨ

File Photo

Fazilka News: ਪੰਜਾਬ ਦੇ ਫਾਜ਼ਿਲਕਾ ਵਿਚ ਸਥਿਤ ਇੱਕ ਸਰਕਾਰੀ ਸਕੂਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਬੱਚੇ ਇੱਟਾਂ ਚੁੱਕਣ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਵਿਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਬੱਚਿਆਂ ਨੂੰ ਇੱਟਾਂ ਚੁੱਕਣ ਲਈ ਅਧਿਆਪਕ ਹੀ ਕਹਿ ਰਹੇ ਹਨ। ਵਾਇਰਲ ਵੀਡੀਓ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈ।

ਜਿਸ ਨੂੰ ਇੱਕ ਵਿਅਕਤੀ ਵੱਲੋਂ ਪੋਸਟ ਕੀਤਾ ਗਿਆ ਹੈ। ਵੀਡੀਓ 'ਚ ਸਕੂਲੀ ਵਰਦੀ 'ਚ ਬੱਚੇ ਇੱਟਾਂ ਚੁੱਕਦੇ ਨਜ਼ਰ ਆ ਰਹੇ ਹਨ। ਮਾਸੂਮ ਦੇ ਹੱਥਾਂ ਵਿਚ 5-5 ਅਤੇ 7-7 ਇੱਟਾਂ ਨਜ਼ਰ ਆ ਰਹੀਆਂ ਹਨ। ਇਸ ਦੌਰਾਨ 2 ਔਰਤਾਂ ਅਤੇ 2 ਹੋਰ ਅਧਿਆਪਕ ਉੱਥੇ ਖੜ੍ਹੇ ਨਜ਼ਰ ਆ ਰਹੇ ਹਨ। ਇੱਕ ਵਿਅਕਤੀ ਵੱਲੋਂ ਆਪਣੇ ਕੈਮਰੇ ਨਾਲ ਖਿੱਚੀਆਂ ਗਈਆਂ ਇਨ੍ਹਾਂ ਤਸਵੀਰਾਂ ਵਿਚ ਸਕੂਲਾਂ ਵਿਚ ਸਵੇਰ ਦੀ ਸਭਾ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਨੂੰ ਇੱਟਾਂ ਚੁੱਕਣ ਲਈ ਕਿਹਾ ਜਾਂਦਾ ਹੈ।

ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਵੀ ਕਰ ਰਹੇ ਹਨ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਕੁੱਝ ਸਮਾਂ ਪਹਿਲਾਂ ਹੀ ਆਇਆ ਹੈ। ਜਿਸ ਤੋਂ ਬਾਅਦ ਇਸ ਵੀਡੀਓ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਕੂਲ ਵਿਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਹਿੱਸਾ ਵੀ ਹੋ ਸਕਦਾ ਹੈ।