Haryana Police Constable: 5000 ਰੁਪਏ ਰਿਸ਼ਵਤ ਲੈਂਦੀ ਫੜੀ ਗਈ ਹਰਿਆਣਾ ਦੀ ਮਹਿਲਾ ਹੈੱਡ ਕਾਂਸਟੇਬਲ ਨੂੰ ਚਾਰ ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਪੰਜਾਬ

7 ਸਾਲ ਪੁਰਾਣੇ ਮਾਮਲੇ ਵਿਚ ਹੋਈ ਸਜ਼ਾ 

File Photo

Haryana Police Constable:  ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਹਰਿਆਣਾ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਰਿਤੂ ਬਾਲਾ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ 4 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ 'ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਰਿਤੂ ਨੂੰ 7 ਸਾਲ ਪਹਿਲਾਂ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।

ਬੀਤੇ ਵੀਰਵਾਰ ਨੂੰ ਸੀਬੀਆਈ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ ਹਿਰਾਸਤ ਵਿਚ ਲੈਣ ਦੇ ਹੁਕਮ ਜਾਰੀ ਕੀਤੇ ਸਨ। ਸੀਬੀਆਈ ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਬਹਿਸ ਦੌਰਾਨ ਕਿਹਾ ਕਿ ਮੁਲਜ਼ਮ ਔਰਤ ਸਰਕਾਰੀ ਮੁਲਾਜ਼ਮ ਸੀ। ਉਸ ਦੀ ਡਿਊਟੀ ਮਹਿਲਾ ਹੈਲਪ ਡੈਸਕ 'ਤੇ ਸੀ। ਉਸ ਦਾ ਕੰਮ ਔਰਤਾਂ ਦੀਆਂ ਸਮੱਸਿਆਵਾਂ ਸੁਣਨਾ ਸੀ ਪਰ ਉਹ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਰਿਸ਼ਵਤ ਲੈਂਦੀ ਸੀ। 

ਸੀਬੀਆਈ ਨੇ ਸਤੰਬਰ 2016 ਵਿਚ ਰਿਤੂ ਬਾਲਾ ਨੂੰ ਹਾਊਸਿੰਗ ਬੋਰਡ ਲਾਈਟ ਪੁਆਇੰਟ, ਮਨੀਮਾਜਰਾ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਹ ਕਾਲਕਾ ਥਾਣੇ ਵਿਚ ਤਾਇਨਾਤ ਸੀ। ਪਿੰਜੌਰ ਦੇ ਅਮਰਜੀਤ ਨੇ ਰਿਤੂ ਬਾਲਾ ਖ਼ਿਲਾਫ਼ ਰਿਸ਼ਵਤ ਮੰਗਣ ਦੀ ਸ਼ਿਕਾਇਤ ਸੀਬੀਆਈ ਨੂੰ ਦਿੱਤੀ ਸੀ। ਅਮਰਜੀਤ ਨੇ ਦੱਸਿਆ ਸੀ ਕਿ ਇੱਕ ਲੜਕੀ ਨੇ ਕਾਲਕਾ ਥਾਣੇ ਵਿਚ ਉਸ ਅਤੇ ਉਸ ਦੀ ਪਤਨੀ ਖ਼ਿਲਾਫ਼ ਝੂਠੀ ਸ਼ਿਕਾਇਤ ਦਿੱਤੀ ਸੀ।

ਇਸ ਦੀ ਜਾਂਚ ਹੈੱਡ ਕਾਂਸਟੇਬਲ ਰਿਤੂ ਬਾਲਾ ਕਰ ਰਹੀ ਸੀ ਅਤੇ ਉਸ ਨੇ ਮਾਮਲੇ ਨੂੰ ਰਫਾ ਦਫਾ ਕਰਨ ਲਈ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਹ ਰਿਸ਼ਵਤ ਨਹੀਂ ਦੇਣਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਸੀਬੀਆਈ ਨੂੰ ਸੂਚਨਾ ਦੇ ਦਿੱਤੀ ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਹੁਣ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ।