Vikramjit Singh Sahney News: ਵਿਕਰਮਜੀਤ ਸਾਹਨੀ ਵਲੋਂ ਵਿਰਾਸਤੀ ਸ਼ਹਿਰ ਅੰਮ੍ਰਿਤਸਰ ਦੇ ਸੁੰਦਰੀਕਰਨ ਲਈ 1 ਕਰੋੜ ਰੁਪਏ ਦੇਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਹਨੀ ਨੇ ਸ੍ਰੀ ਹਰਮਿੰਦਰ ਸਾਹਿਬ ਦੇ ਵਿਰਾਸਤੀ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਸਾਫ਼-ਸਫ਼ਾਈ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

Vikramjit Singh Sahney

Vikramjit Singh Sahney News: ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸ੍ਰੀ ਹਰਮਿੰਦਰ ਸਾਹਿਬ ਦੇ ਵਿਰਾਸਤੀ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਸਾਫ਼-ਸਫ਼ਾਈ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਸਾਹਨੀ ਨੇ ਕਿਹਾ ਕਿ 40,000 ਨੌਜਵਾਨਾਂ ਨੂੰ ਨਸ਼ਿਆਂ ਵਿਰੁਧ ਪ੍ਰਣ ਲੈਣ ਲਈ ਸ੍ਰੀ ਦਰਬਾਰ ਸਾਹਿਬ ਦੀ ਹਾਲ ਹੀ ਵਿਚ ਅਪਣੀ ਫੇਰੀ ਦੌਰਾਨ ਉਨ੍ਹਾਂ ਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਸ੍ਰੀ ਹਰਮਿੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਹੀਂ ਕੀਤੀ ਗਈ ਅਤੇ ਹੈਰੀਟੇਜ ਵਾਕ ਵਾਲੀ ਸੜਕ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। .

ਸਾਹਨੀ ਨੇ ਦਸਿਆ ਕਿ ਉਹ ਇਕ ਰੋਡ ਸਵੀਪਰ ਮਸ਼ੀਨ ਵਾਲਾ ਟਰੱਕ ਮੁਹੱਈਆ ਕਰਵਾਉਣਗੇ ਜੋ ਵਿਰਾਸਤੀ ਗਲੀ ਦੀ ਵਾਰ-ਵਾਰ ਚੰਗੀ ਤਰਾਂ ਸਫ਼ਾਈ ਕਰੇਗਾ। ਇਸ ਦੇ ਨਾਲ ਹੀ ਉਹ ਗਲੀ ਦੇ ਸੁੰਦਰੀਕਰਨ ਲਈ ਲਗਭਗ 50 ਲੱਖ ਰੁਪਏ ਦੀ ਗ੍ਰਾਂਟ ਪ੍ਰਦਾਨ ਕਰਨਗੇ, ਜਿਸ ਵਿਚ ਵਧੀਆ ਰੌਸ਼ਨੀ, ਲੇਨ ਦੇ ਦੋਵੇਂ ਪਾਸੇ ਹਰਿਆਲੀ ਅਤੇ ਅਪਾਹਜ ਲੋਕਾਂ ਲਈ ਸੁਚਾਰੂ ਆਵਾਜਾਈ ਵਾਸਤੇ ਸਹੂਲਤਾਂ ਸ਼ਾਮਲ ਹਨ।

ਸਾਹਨੀ ਨੇ ਕਿਹਾ ਕਿ ਲੋਕ ਨੁਮਾਇੰਦੇ ਹੋਣ ਦੇ ਨਾਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਅਪਣੇ ਸੱਭਿਆਚਾਰ ਅਤੇ ਵਿਰਸੇ ਦੀ ਸਾਂਭ ਸੰਭਾਲ ਅਤੇ ਸੁੰਦਰੀਕਰਨ ਨੂੰ ਯਕੀਨੀ ਬਣਾਈਏ ਕਿਉਂਕਿ ਦਰਬਾਰ ਸਾਹਿਬ ਸਿਰਫ਼ ਪੰਜਾਬ ਦੀ ਵਿਰਾਸਤ ਹੀ ਨਹੀਂ ਹੈ, ਸਗੋਂ ਇਹ ਇਕ ਵਿਸ਼ਵ ਵਿਰਾਸਤੀ ਸਥਾਨ ਹੈ ਜੋ ਕਿ ਦੇਸ਼ ਦੇ ਸੱਭ ਤੋਂ ਮਹੱਤਵਪੂਰਨ ਸੈਰ-ਸਪਾਟਾ ਸਥਾਨਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਨੂੰ ਸੰਭਾਲਣਾ ਸਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਪੰਨਿਆਂ ਦੀ ਰਾਖੀ ਕਰਨ ਦੇ ਬਰਾਬਰ ਹੈ। ਸਾਹਨੀ ਨੇ ਕਿਹਾ ਕਿ ਮੈਂ ਸਿੱਖ ਵਿਰਸੇ ਦੇ ਖਜ਼ਾਨੇ ਨੂੰ ਸੰਭਾਲਣ ਲਈ ਵਚਨਬੱਧ ਹਾਂ।