ਸਿਵਲ ਸੇਵਾਵਾਂ ਪ੍ਰੀਖਿਆ ’ਚ ਪੰਜਾਬ ਦੀ ਧੀ ਨੇ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ ਦੀ ਚੇਤਨ ਕੌਰ ਨੇ ਭਾਰਤ ’ਚ 27ਵਾਂ ਰੈਂਕ ਕੀਤਾ ਹਾਸਲ

Punjab's daughter excels in civil services exam

ਮੋਹਾਲੀ: ਜ਼ਿਲ੍ਹੇ ਦੇ ਮਾਮੂਪੁਰ ਪਿੰਡ ਦੀ ਰਹਿਣ ਵਾਲੀ ਚੇਤਨਕਮਲ ਕੌਰ ਬਾਸੀ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਸ ਨੇ ਵੱਕਾਰੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰ ਕੇ ਅਪਣੇ ਪਿੰਡ, ਪਰਵਾਰ ਅਤੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਚੇਤਨ ਕਮਲ ਕੌਰ ਇਸੇ ਪਿੰਡ ਦੇ ਸਾਬਕਾ ਸਰਪੰਚ ਅਤੇ ਜਾਇਦਾਦ ਕਾਰੋਬਾਰੀ ਸੁਰਿੰਦਰ ਸਿੰਘ ਬਾਸੀ ਦੀ ਛੋਟੀ ਧੀ ਹੈ। ਪਰਵਾਰ ਇਸ ਸਮੇਂ ਸੈਕਟਰ 89, ਮੋਹਾਲੀ ਵਿਚ ਰਹਿੰਦਾ ਹੈ ਅਤੇ ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤੁਹਾਨੂੰ ਤਾਂਤਾ  ਲੱਗਿਆ ਰਿਹਾ।

ਸੁਰਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਉਸਦੀ ਧੀ ਨੇ ਘੜੂੰਆਂ ਦੇ ਸੈਕਰਡ ਸੋਲ ਸਕੂਲ ਤੋਂ ਅਪਣੀ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ। ਫਿਰ ਉਸਨੇ ਚੰਡੀਗੜ੍ਹ ਦੇ ਐਮਸੀਐਮ ਡੀਏਵੀ ਕਾਲਜ ਵਿੱਚ ਦਾਖਲਾ ਲਿਆ। ਉਸ ਨੇ ਕਾਲਜ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ। ਅਪਣੀ ਸਿਵਲ ਸੇਵਾਵਾਂ ਦੀ ਪ੍ਰੀਖਿਆ ’ਚ ਚੇਤਨ ਕੌਰ ਨੇ ਉਹ ਗੋਲ ਵਿਸ਼ੇ ਨੂੰ ਅਪਣਾ ਵਿਕਲਪਿਕ ਵਿਸ਼ੇ ਵਜੋਂ ਚੁਣਿਆ ਸੀ ਜਦਕਿ ਬੀਏ ਦੀ ਪੜ੍ਹਾਈ ਵਿੱਚ ਉਸਨੇ ਅਰਥ ਸ਼ਾਸਤਰ ਸਮਾਜ ਸ਼ਾਸਤਰ ਅਤੇ ਹੋਰ ਵਿਸ਼ਿਆਂ ਵਿੱਚ ਗ੍ਰੈਜੂਏਸ਼ਨ ਪਾਸ ਕੀਤੀ। ਉਸ ਨੇ ਆਪਣੀ ਪੂਰੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਰਾਹੀਂ ਪੂਰੀ ਕੀਤੀ ਅਤੇ ਸਿਵਲ ਸੇਵਾਵਾਂ ਵਿੱਚ ਵੀ ਉਸ ਦਾ ਮਾਧਿਅਮ ਅੰਗਰੇਜ਼ੀ ਹੀ ਰਿਹਾ।

ਚੇਤਨਕਕਮਲ ਨੇ ਦੱਸਿਆ ਕਿ ਉਹ ਪੰਜ ਸਾਲਾਂ ਤੋਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਚੇਤਨਾ ਕਮਲ ਕੌਰ ਬਾਸੀ ਨੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਇਹ ਉਪਲਬਧੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਫਲਤਾ ਉਨ੍ਹਾਂ ਦੇ ਮਾਪਿਆਂ ਦੇ ਵਿਸ਼ਵਾਸ, ਉਨ੍ਹਾਂ ਦੇ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਉਨ੍ਹਾਂ ਦੀ ਆਪਣੀ ਮਿਹਨਤ ਕਾਰਨ ਹੋਈ ਹੈ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਮਲਿਕ ਅਤੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਚੇਤਨਾ ਕਮਲ ਕੌਰ ਬਾਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਇਤਿਹਾਸਕ ਪ੍ਰਾਪਤੀ ’ਤੇ ਵਧਾਈ ਦਿਤੀ।