Gidderbaha News: ਆੜ੍ਹਤੀਏ ਨੇ ਪੈਸੇ ਦੇ ਲੈਣ ਦੇਣ ਕਰਕੇ ਕਿਸਾਨ ਤੇ ਉਸ ਦੀ ਮਾਤਾ ਨੂੰ ਸੰਗਲਾਂ ਨਾਲ ਬੰਨ੍ਹਿਆ
Gidderbaha News: ਪੀੜਤ ਕਿਸਾਨ ਦੀ ਪਤਨੀ ਵੀ ਆੜ੍ਹਤੀਏ ਨਾਲ ਮਿਲੀ ਹੋਈ
ਗਿੱਦੜਬਾਹਾ :ਸ਼ੋਸ਼ਲ ਮੀਡੀਆ 'ਤੇ ਲੋਹੇ ਦੇ ਸੰਗਲਾਂ ਨਾਲ ਬੰਨ੍ਹੇ ਮਾਂ-ਪੁੱਤ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ। ਇਹ ਵੀਡੀਉ ਹਲਕਾ ਗਿੱਦੜਬਾਹਾ ਦੇ ਪਿੰਡ ਮਧੀਰ ਦੀ ਦੱਸੀ ਜਾ ਰਹੀ ਹੈ, ਜਦੋਂਕਿ ਥਾਣਾ ਕੋਟਭਾਈ ਪੁਲਿਸ ਵਲੋਂ ਵਾਇਰਲ ਵੀਡੀਉ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਸੰਗਲਾਂ ਨਾਲ ਬੰਨ੍ਹੇ ਮਾਂ-ਪੁੱਤ ਦੇ ਸੰਗਲਾਂ ਨੂੰ ਖੋਲ੍ਹ ਦਿਤਾ ਗਿਆ ਹੈ ਅਤੇ ਨਾਲ ਹੀ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿਤੀ ਹੈ।
ਉੱਧਰ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਲਾਂ ਨਾਲ ਬੰਨ੍ਹੇ ਗਏ ਕਿਸਾਨ ਤੇ ਉਸ ਦੇ ਆੜ੍ਹਤੀਏ ਦਰਮਿਆਨ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਦਸਿਆ ਜਾ ਰਿਹਾ ਹੈ, ਜਦੋਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੀੜਤ ਕਿਸਾਨ ਦੀ ਪਤਨੀ ਵੀ ਆੜ੍ਹਤੀ ਨਾਲ ਮਿਲੀ ਹੋਈ ਹੈ। ਵੀਡੀਉ ਵਿਚ ਦਿਖਾਇਆ ਗਿਆ ਹੈ ਕਿ ਮਾਂ-ਪੁੱਤ ਇਕ ਘਰ ਵਿਚ ਸੰਗਲਾਂ ਨਾਲ ਬੰਨ੍ਹੇ ਹੋਏ ਹਨ ਅਤੇ ਆਲੇ ਦੁਆਲੇ ਕਈ ਲੋਕ ਮੌਜੂਦ ਹਨ।
ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਆੜ੍ਹਤੀਏ ਨੇ ਉਕਤ ਕਿਸਾਨ ਤੋਂ ਕੁਝ ਪੈਸੇ ਲੈਣੇ ਸਨ ਤੇ ਇਸ ਲੈਣ-ਦੇਣ ਦੇ ਮਾਮਲੇ ਵਿਚ ਹੀ ਪੀੜਤ ਵਿਅਕਤੀ ਦੀ ਪਤਨੀ ਵਲੋਂ ਬੀਤੇ ਕਈ ਦਿਨਾਂ ਤੋਂ ਉਸ ਨੂੰ ਅਤੇ ਉਸ ਦੀ ਮਾਤਾ ਨੂੰ ਸੰਗਲਾਂ ਨਾਲ ਬੰਨ੍ਹਿਆ ਗਿਆ ਹੈ। ਉੱਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਜਸਵੀਰ ਸਿੰਘ ਨੇ ਦਸਿਆ ਕਿ ਵਾਇਰਲ ਵੀਡੀਉ ਦੇ ਆਧਾਰ ’ਤੇ ਜਦੋਂ ਪੁਲਿਸ ਸਬੰਧਤ ਵਿਅਕਤੀ ਦੇ ਘਰ ਗਈ ਤਾਂ ਉਸ ਸਮੇਂ ਪੀੜਤ ਕਿਸਾਨ ਨਿਰਮਲ ਸਿੰਘ ਅਤੇ ਉਸ ਦੀ ਮਾਤਾ ਸੰਗਲਾਂ ਨਾਲ ਬੰਨ੍ਹੇ ਮਿਲੇ, ਜਿਨ੍ਹਾਂ ਨੂੰ ਪੁਲਿਸ ਨੇ ਤੁਰਤ ਆਜ਼ਾਦ ਕਰਵਾਇਆ।
ਉਨ੍ਹਾਂ ਦਸਿਆ ਕਿ ਨਿਰਮਲ ਸਿੰਘ ਦੀ ਪਤਨੀ ਤੋਂ ਮੁਢਲੀ ਪੁੱਛਗਿਛ ਦੌਰਾਨ ਉਸ ਨੇ ਦਸਿਆ ਕਿ ਉਸ ਦਾ ਪਤੀ ਰੋਜ਼ਾਨਾ ਸ਼ਰਾਬ ਦੇ ਨਸ਼ੇ ਵਿਚ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਸ ਨੂੰ ਸੰਗਲਾਂ ਨਾਲ ਬੰਨ੍ਹਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਨੂੰ ਥਾਣਾ ਕੋਟਭਾਈ ਵਿਖੇ ਬੁਲਾ ਕੇ ਉਨ੍ਹਾਂ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਗਿੱਦੜਬਾਹਾ ਤੋਂ ਅੰਮ੍ਰਿਤ ਗੋਇਲ ਦੀ ਰਿਪੋਰਟ