ਕਰੀਮਾ ਬਲੋਚ ਦੇ ਕਤਲ ਦੇ ਵਿਰੋਧ ’ਚ ਅਮਰੀਕਾ ’ਚ ਕੈਨੇਡੀਅਨ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ
ਕਰੀਮਾ ਬਲੋਚ ਦੇ ਕਤਲ ਦੇ ਵਿਰੋਧ ’ਚ ਅਮਰੀਕਾ ’ਚ ਕੈਨੇਡੀਅਨ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ
ਵਾਸ਼ਿੰਗਟਨ, 30 ਦਸੰਬਰ : ਬਲੋਚ ਭਾਈਚਾਰੇ ਦੀ ਮਸ਼ਹੂਰ ਨੇਤਾ ਕਰੀਮਾ ਬਲੋਚ ਦੀ ਟੋਰਾਂਟੋ ਵਿਚ ਸ਼ੱਕੀ ਹਾਲਤਾਂ ਵਿਚ ਹੋਈ ਮੌਤ ਦੇ ਵਿਰੋਧ ਵਿਚ ਭਾਈਚਾਰੇ ਦੇ ਲੋਕਾਂ ਨੇ ਅਮਰੀਕਾ ਵਿਚ ਕੈਨੇਡੀਆਈ ਦੂਤਾਵਾਸ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦਿਤੇ ਮੈਮੋਰੰਡਮ ਵਿਚ ਬਲੋਚ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ,‘‘ਬਲੋਚਿਸਤਾਨ ਵਿਚ ਵੱਡੇ ਪੱਧਰ ’ਤੇ ਲੋਕ ਪ੍ਰਦਰਸ਼ਨ ਕਰ ਕੇ ਅਪਣੀ ਨੇਤਾ ਕਰੀਮਾ ਮੇਹਰਾਬ ਲਈ ਨਿਆਂ ਮੰਗ ਰਹੇ ਹਨ। ਭਾਈਚਾਰੇ ਦੇ ਲੋਕਾਂ ਵਿਚ ਸੁਰੱਖਿਆ ਦਾ ਅਹਿਸਾਸ ਪੈਦਾ ਕਰਨ ਲਈ ਅਸੀਂ ਮਾਮਲੇ ਵਿਚ ਸੁਤੰਤਰ ਅਤੇ ਨਿਰਪੱਖ ਜਾਂਚ ਚਾਹੁੰਦੇ ਹਾਂ। ਬਲੋਚ ਭਾਈਚਾਰਾ ਅਤੇ ਕਰੀਮਾ ਦੇ ਪ੍ਰਵਾਰ ਨੂੰ ਕੈਨੇਡਾ ਸਰਕਾਰ ਤੋਂ ਨਿਆਂ ਮਿਲਣ ਦੀ ਆਸ ਹੈ।’’
ਵਾਸ਼ਿੰਗਟਨ ਡੀ.ਸੀ. ਵਿਚ ਮੰਗਲਵਾਰ ਨੂੰ ਕੈਨੇਡੀਆਈ ਦੂਤਾਵਾਸ ਦੇ ਬਾਹਰ ਬਲੋਚ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਬਲੋਚਿਸਤਾਨ ਸੂਬਾਈ ਅਸੈਂਬਲੀ ਦੇ ਸਾਬਕਾ ਪ੍ਰਧਾਨ ਵਹੀਦ ਬਲੋਚ ਨੇ ਪੀ.ਟੀ.ਆਈ. ਨੂੰ ਕਿਹਾ ਕਿ ਟੋਰਾਂਟੋ ਵਿਚ ਕਰੀਮਾ ਬਲੋਚ ਦਾ ਕਤਲ ਰਾਜਨੀਤੀ ਤੋਂ ਪ੍ਰੇਰਿਤ ਹੈ। ਉਹਨਾਂ ਦੋਸ਼ ਲਗਾਇਆ ਕਿ ਪਾਕਿਸਤਾਨੀ ਸੈਨਾ ਅਤੇ ਆਈ.ਐੱਸ.ਆਈ. ਨੇ ਉਹਨਾਂ ਦਾ ਕਤਲ ਕੀਤਾ ਹੈ। ਵਹੀਦ ਬਲੋਚ ਨੇ ਕਿਹਾ,‘‘ਕਰੀਮਾ ਬਲੋਚਿਸਤਾਨ ਵਿਚ ਕਮਜੋਰ ਵਰਗ ਦੀ ਆਵਾਜ ਸੀ। ਉਹ ਪਾਕਿਸਤਾਨੀ ਸੈਨਾ ਅਤੇ ਉਸ ਦੀਆਂ ਨੀਤੀਆਂ ਅਤੇ ਕਾਰਵਾਈਆਂ ਦੀ ਸਪਸ਼ੱਟ ਆਲੋਚਕ ਸੀ।’’ ਸਮਾਜਕ ਕਾਰਕੁਨ ਨਬੀ ਬਖਸ਼ ਬਲੋਚ ਨੇ ਕਿਹਾ ਕਿ ਕਰੀਮਾ ਨੂੰ ਪਾਕਿਸਤਾਨੀ ਵਿਚ ਜਾਨ ਦਾ ਖਤਰਾ ਸੀ ਅਤੇ ਉਹਨਾਂ ਨੇ 2015 ਵਿਚ ਕੈਨੇਡਾ ਵਿਚ ਰਾਜਨੀਤਕ ਸ਼ਰਨ ਮੰਗੀ ਸੀ। ਕੈਨੇਡਾ ਵਿਚ ਰਹਿ ਕੇ ਬਲੋਚਿਸਤਾਨ ਦੇ ਲੋਕਾਂ ਲਈ ਲੜ ਰਹੀ ਸੀ।
ਨਬੀ ਬਖਸ਼ ਬਲੋਚ ਨੇ ਕਿਹਾ,‘‘ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਕੈਨੇਡਾ ਵਿਚ ਉਹਨਾਂ ਨੂੰ ਲਗਾਤਾਰ ਧਮਕੀ ਭਰੇ ਸੰਦੇਸ਼ ਭੇਜ ਰਹੀ ਸੀ।ਉਹ ਉਹਨਾਂ ਅਤੇ ਉਹਨਾਂ ਦੇ ਪਰਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦੇ ਸਨ। ਪਾਕਿਸਤਾਨ ਵਿਚ ਉਹਨਾਂ ਦੇ ਪਰਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਦੇ ਰਿਸ਼ਤੇਦਾਰ ਨੂੰ ਗਿ੍ਰਫ਼ਤਾਰ ਕੀਤਾ ਗਿਆ। ਉਹਨਾਂ ਨੂੰ ਹਿਰਾਸਤ ਵਿਚ ਪਰੇਸ਼ਾਨ ਕੀਤਾ ਗਿਆ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਫਾਂਸੀ ਦੇ ਦਿਤੀ ਗਈ।’’ ਉਹਨਾਂ ਨੇ ਦੋਸ਼ ਲਗਾਇਆ,‘‘ਪਾਕਿਸਤਾਨੀ ਸੈਨਾ ਬਲੋਚ ਨੇਤਾਵਾਂ ਦੇ ਕਤਲ ਵਿਚ ਸ਼ਾਮਲ ਹੈ। ਉਹਨਾਂ ਦੀ ਅਚਾਨਕ ਮੌਤ ਨੂੰ ਦੇਖਦੇ ਹੋਏ ਅਸੀਂ ਕਤਲ ਦੇ ਖਦਸ਼ੇ ਤੋਂ ਇਨਕਾਰ ਨਹੀਂ ਕਰ ਸਕਦੇ।’’
(ਪੀਟੀਆਈ)