ਪੰਜਾਬ ਸਰਕਾਰ ਨੇ 25 ਲੱਖ ਲਾਭਪਾਤਰੀਆਂ ਨੂੰ 1696 ਕਰੋੜ ਦੀ ਵਿੱਤੀ ਸਹਾਇਤਾ ਦਿਤੀ : ਅਰੁਨਾ ਚੌਧਰੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ 25 ਲੱਖ ਲਾਭਪਾਤਰੀਆਂ ਨੂੰ 1696 ਕਰੋੜ ਦੀ ਵਿੱਤੀ ਸਹਾਇਤਾ ਦਿਤੀ : ਅਰੁਨਾ ਚੌਧਰੀ

image

ਚੰਡੀਗੜ੍ਹ, 30 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਅੱਜ ਦਸਿਆ ਕਿ ਮੌਜੂਦਾ ਵਿੱਤੀ ਵਰ੍ਹੇ 2020-21 ਵਿਚ ਨਵੰਬਰ ਮਹੀਨੇ ਤਕ ਕੁੱਲ 25,54,473 ਲਾਭਪਾਤਰੀਆਂ ਨੂੰ 1695.93 ਕਰੋੜ ਰੁਪਏ ਦੀ ਵਿੱਤੀ ਇਮਦਾਦ ਮੁਹਈਆ ਕਰਵਾਈ ਗਈ ਹੈ। ਇਨ੍ਹਾਂ ਵਿਚ ਬੁਢਾਪਾ ਪੈਨਸ਼ਨ, ਵਿਧਵਾ ਤੇ ਨਿਆਸਰਿਤ ਔਰਤਾਂ ਨੂੰ ਵਿੱਤੀ ਸਹਾਇਤਾ, ਆਸਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਅਤੇ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਸ਼ਾਮਲ ਹੈ।
   ਸ਼੍ਰੀਮਤੀ ਚੌਧਰੀ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ, ਜਿਸ ਤਹਿਤ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਹਰੇਕ ਵਰਗ ਨੂੰ ਪੈਨਸ਼ਨਾਂ ਤੇ ਹੋਰ ਵਿੱਤੀ ਸਹਾਇਤਾ ਸਮੇਂ ਸਿਰ ਮੁਹਈਆ ਕੀਤੀ ਜਾਂਦੀ ਹੈ। ਵਿਭਾਗ ਸਾਰੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਸਮਰਪਤ ਭਾਵਨਾ ਨਾਲ ਕੰਮ ਕਰ ਰਿਹਾ ਹੈ, ਜਿਸ ਤਹਿਤ ਮਾਰਚ 2020 ਤੋਂ ਨਵੰਬਰ ਤਕ ਬੁਢਾਪਾ ਪੈਨਸ਼ਨਾਂ ਦੇ 17,21,521 ਲਾਭਪਾਤਰੀਆਂ ਨੂੰ 1141.67 ਕਰੋੜ ਰੁਪਏ ਦਾ ਲਾਭ ਦਿਤਾ ਗਿਆ ਹੈ। ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਤਹਿਤ 4,73,832 ਲਾਭਪਾਤਰੀਆਂ ਨੂੰ 313.32 ਕਰੋੜ ਰੁਪਏ ਮੁਹਈਆ ਕਰਵਾਏ ਗਏ ਹਨ।
   ਕੈਬਨਿਟ ਮੰਤਰੀ ਨੇ ਦਸਿਆ ਕਿ ਆਸਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਤਹਿਤ ਮਾਰਚ ਤੋਂ ਨਵੰਬਰ 2020 ਤਕ 1,56,169 ਲਾਭਪਾਤਰੀਆਂ ਨੂੰ 104.12 ਕਰੋੜ ਰੁਪਏ ਦੀ ਮਾਲੀ ਮਦਦ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਤਹਿਤ 2,02,951 ਲਾਭਪਾਤਰੀਆਂ ਨੂੰ 136.82 ਕਰੋੜ ਰੁਪਏ ਦੀ ਸਹਾਇਤਾ ਦਿਤੀ ਗਈ ਤਾਂ ਕਿ ਉਹ ਮਾਣ-ਸਤਿਕਾਰ ਨਾਲ ਜੀਵਨ ਬਸਰ ਕਰ ਸਕਣ। 


ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਵਿਭਾਗ ਵਲੋਂ ਤੇਜ਼ਾਬ ਹਮਲੇ ਦੀਆਂ ਪੀੜਤ ਔਰਤਾਂ ਨੂੰ ਵੀ ਹਰ ਮਹੀਨੇ ਅੱਠ ਹਜ਼ਾਰ ਰੁਪਏ ਦੀ ਮਾਲੀ ਮਦਦ ਦਿਤੀ ਜਾ ਰਹੀ ਹੈ।

ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ

ਤੇਜ਼ਾਬ ਹਮਲੇ ਦੀਆਂ ਪੀੜਤਾਂ ਨੂੰ ਹਰ ਮਹੀਨੇ ਅੱਠ ਹਜ਼ਾਰ ਰੁਪਏ ਦੀ ਮਾਲੀ ਮਦਦ