ਅਮਰੀਕੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫ਼ੈਸਰ ’ਚ ਮੁਕੱਦਮੇ ਦਾ ਨਿਪਟਾਰਾ
ਅਮਰੀਕੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫ਼ੈਸਰ ’ਚ ਮੁਕੱਦਮੇ ਦਾ ਨਿਪਟਾਰਾ
ਵਾਸ਼ਿੰਗਟਨ, 30 ਦਸੰਬਰ : ਅਮਰੀਕਾ ਦੀ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਪ੍ਰੋਫੈਸਰ ਦੇ ਵਿਚ ਉਸ ਮਾਮਲੇ ਵਿਚ ਗੁਪਤ ਸਮਝੌਤਾ ਹੋ ਗਿਆ ਹੈ ਜਿਸ ਵਿਚ ਪ੍ਰੋਫੈਸਰ ’ਤੇ ਇਕ ਵਿਦਿਆਰਥੀ ਦੀ ਖੋਜ ਨੂੰ ਚੋਰੀ ਕਰਨ ਅਤੇ ਉਸ ਨੂੰ ਇਕ ਦਵਾਈ ਕੰਪਨੀ ਨੂੰ ਵੇਚਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਨਾਲ ਯੂਨੀਵਰਸਿਟੀ ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਸੀ।
ਮੀਡੀਆ ਖਬਰਾਂ ਮੁਤਾਬਕ, ‘ਯੂਨੀਵਰਸਿਟੀ ਆਫ ਮਿਸੌਰੀ ਸਿਸਟਮ’ ਅਤੇ ਫਾਰਮੇਸੀ ਦੇ ਸਾਬਕਾ ਪ੍ਰੋਫੈਸਰ ਅਸ਼ੀਮ ਮਿਤਰਾ ਦੇ ਵਿਚ ਦੋ ਸਾਲ ਪੁਰਾਣੇ ਮੁਕੱਦਮੇ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ‘ਕੰਸਾਸ ਸਿਟੀ ਸਟਾਰ’ ਦੀ ਇਕ ਖਬਰ ਦੇ ਮੁਤਾਬਕ, ਉਸ ਖੋਜ ਨੇ ‘ਡ੍ਰਾਈ-ਆਈ’ ਦੇ ਇਲਾਜ ਦੇ ਲਈ ਇਕ ਦਵਾਈ ਬਣਾਉਣ ਵਿਚ ਮਦਦ ਕੀਤੀ, ਜੋ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ। ਖ਼ਬਰ ਮੁਤਾਬਕ, ਯੂਨੀਵਰਸਿਟੀ ਨੇ ਦੋਸ਼ ਲਗਾਇਆ ਕਿ ਦਵਾਈ ਦਾ ਪੇਟੇਂਟ ਸਕੂਲ ਦੇ ਨਾਮ ’ਤੇ ਸੀ, ਪ੍ਰੋਫੈਸਰ ਮਿਤਰਾ ਦੇ ਨਹੀਂ। ਮੁਕੱਦਮੇ ਵਿਚ ਦੋਸ਼ ਲਗਾਇਆ ਗਿਆ ਕਿ ਮਿਤਰਾ ਨੇ ਇਸ ਨੂੰ 15 ਲੱਖ ਡਾਲਰ ਵਿਚ ਵੇਚਿਆ ਅਤੇ ਇਸ ਦੀ ‘ਰੋਇਲਟੀ’ ਨਾਲ ਇਕ ਕਰੋੜ ਡਾਲਰ ਤਕ ਕਮਾਏ ਜਾ ਸਕਦੇ ਹਨ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਸ ਦਵਾਈ ਦੀ ਕੀਮਤ ਇਕ ਅਰਬ ਡਾਲਰ ਤਕ ਹੋ ਸਕਦੀ ਹੈ।
ਯੂਨੀਵਰਸਿਟੀ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਮਿਤਰਾ ਦੇ ਨਾਲ ਅਪਣੇ ਮੁਕੱਦਮੇ ਦਾ ਨਿਪਟਾਰਾ ਕਰ ਲਿਆ ਹੈ। ਬਿਆਨ ਵਿਚ ਕਿਹਾ ਗਿਆ,‘‘ਯੂਨੀਵਰਸਿਟੀ ਨੇ ਖੋਜ ਦੇ ਬਾਰੇ ਵਿਚ ਅਪਣੇ ਦਾਅਵਿਆਂ ਨੂੰ ਵਾਪਸ ਲੈ ਲਿਆ ਅਤੇ ਖ਼ਾਰਿਜ ਕਰ ਦਿਤਾ। ਇਸ ਦੇ ਨਾਲ ਹੀ ਸਵੀਕਾਰ ਕੀਤਾ ਹੈ ਕਿ ਖੋਜ ਨੂੰ ਸਹੀ ਢੰਗ ਨਾਲ ਨਾਂ ਦਿਤਾ ਗਿਆ ਹੈ ਅਤੇ ਪੇਟੇਂਟ ਜਾਂ ਪੇਟੇਂਟ ਅਰਜੀਆਂ ’ਤੇ ਕਿਸੇ ਵੀ ਵਾਧੂ ਦਲਾਂ ਨੂੰ ਖੋਜੀ ਦੇ ਰੂਪ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ।’’ ਖਬਰ ਦੇ ਮੁਤਾਬਕ ਦੋਹਾਂ ਪੱਖਾਂ ਵਿਚ ਹੋਏ ਸਮਝੌਤੇ ਦੀਆਂ ਸ਼ਰਤਾਂ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। (ਪੀਟੀਆਈ)