ਕਪੂਰਥਲਾ, 30 ਦਸੰਬਰ (ਪਪ) : ਥਾਣਾ ਫੱਤੂਢੀਂਗਾ 'ਚ ਪੈਂਦੇ ਸ੍ਰੀ ਗੋਇੰਦਵਾਲ ਸਾਹਿਬ ਮਾਰਗ 'ਤੇ ਪਈ ਧੁੰਦ ਕਾਰਨ ਪਿੰਡ ਭਵਾਨੀ ਪੁਰ ਸਥਿਤ ਮੰਦਰ ਨੇੜੇ ਕਾਰ ਤੇ ਟਰੱਕ ਦੀ ਟੱਕਰ ਨਾਲ ਦੋ ਬਾਈਕ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ 22 ਸਾਲਾ ਜਤਿਨ ਥਾਪਾ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਨਾਨਕਪੁਰ ਨੇ ਦਸਿਆ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ ਤੇ ਰੋਜ਼ਾਨਾ ਬਾਈਕ 'ਤੇ ਅਪਣੇ ਦੋਸਤ ਬਲਵਿੰਦਰ ਸਿੰਘ ਪੁੱਤਰ ਸਾਬੀ ਵਾਸੀ ਨਾਨਕਪੁਰ, ਜੋ ਪਲੰਬਰ ਦਾ ਕੰਮ ਕਰਦਾ ਹੈ, ਨਾਲ ਕਪੂਰਥਲਾ ਆਉਂਦਾ ਹੈ | ਬੁੱਧਵਾਰ ਨੂੰ ਅੱਠ ਵਜੇ ਦੇ ਕਰੀਬ ਪਿੰਡ ਤੋਂ ਬਾਈਕ 'ਤੇ ਕਪੂਰਥਲਾ ਆ ਰਹੇ ਸਨ | ਬਾਈਕ ਉਹ ਚਲਾ ਰਿਹਾ ਸੀ | ਜਦੋਂ ਪਿੰਡ ਭਵਾਨੀਪੁਰ ਮੰਦਿਰ ਨੇੜੇ ਪੁੱਜੇ ਤਾਂ ਅੱਗੇ ਜਾ ਰਹੇ ਟਰੱਕ ਚਾਲਕ ਨੇ ਅਚਾਨਕ ਬਰੇਕ ਲਗਾ ਦਿਤੀ | ਉਹ ਬਾਈਕ 'ਤੇ ਕੰਟਰੋਲ ਨਾ ਰੱਖ ਸਕਿਆ ਤੇ ਬਾਈਕ ਟਰੱਕ ਨਾਲ ਜਾ ਟਕਰਾਈ, ਜਿਸ ਕਾਰਨ ਡਿੱਗ ਕੇ ਦੋਵੇਂ ਜ਼ਖ਼ਮੀ ਹੋ ਗਏ | ਕਿਸੇ ਤਰ੍ਹਾਂ ਉਹ ਖ਼ੁਦ ਹੀ ਟਰੱਕ ਦੇ ਹੇਠਾਂ ਤੋਂ ਬਾਹਰ ਆਏ ਤਾਂ ਵੇਖਿਆ ਕਿ ਟਰੱਕ ਦੇ ਅੱਗੇ ਕਾਰ ਜਾ ਰਹੀ ਸੀ | ਉਸ ਨੇ ਅਚਾਨਕ ਬਰੇਕ ਲਗਾਈ | ਬਾਅਦ 'ਚ ਕਾਰ ਨਾਲ ਟਰੱਕ ਜਾ ਟਕਰਾਇਆ ਤੇ ਪਿੱਛੋਂ ਉਹ ਜਾ ਟਕਰਾਏ | ਜ਼ਖ਼ਮੀ ਹਾਲਤ 'ਚ ਰਾਹਗੀਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ | ਡਿਊਟੀ ਡਾਕਟਰ ਮੁਤਾਬਕ ਦੋਵੇਂ ਜ਼ਖ਼ਮੀਆਂ ਨੂੰ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਹਨ | ਇਸ ਪੂਰੇ ਮਾਮਲੇ ਨੂੰ ਲੈ ਕੇ ਥਾਣਾ ਫੱਤੂਢੀਂਗਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
image