ਮੈਂ ਕਦੇ ਕਾਂਗਰਸ ਨਹੀਂ ਛੱਡਾਂਗਾ, ਇਸੇ ਪਾਰਟੀ 'ਚ ਜਿਉਣਾ ਤੇ ਮਰਨਾ ਹੈ- ਬਲਬੀਰ ਸਿੰਘ ਸਿੱਧੂ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਖ਼ਾਸ ਇੰਟਰਵਿਊ
ਚੰਡੀਗੜ੍ਹ: ਮੈਂ ਕਦੇ ਕਾਂਗਰਸ ਨਹੀਂ ਛੱਡਾਂਗਾ, ਮੈਂ ਇਸੇ ਪਾਰਟੀ 'ਚ ਜਿਉਣਾ ਹੈ ਅਤੇ ਇਸੇ ਵਿਚ ਮਰਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਖ਼ਾਸ ਗੱਲਬਾਤ ਦੌਰਾਨ ਕੀਤਾ ਹੈ। ਦਰਅਸਲ ਨੀਤੀ ਆਯੋਗ ਅਤੇ ਵਿਸ਼ਵ ਬੈਂਕ ਵਲੋਂ ਇਸ ਸਾਲ ਜਾਰੀ ਕੀਤੇ ਗਏ ਸਿਹਤ ਇੰਡੈਕਸ 'ਚ ਕੇਰਲ ਨੂੰ ਪਹਿਲਾ ਸਥਾਨ ਮਿਲਿਆ ਹੈ ਅਤੇ ਉੱਤਰ ਪ੍ਰਦੇਸ਼ ਨੂੰ ਸਭ ਤੋਂ ਹੇਠਲਾ ਸਥਾਨ ਮਿਲਿਆ ਹੈ। ਇਸ ਇੰਡੈਕਸ ਵਿਚ ਪੰਜਾਬ ਅੱਠਵੇਂ ਨੰਬਰ ’ਤੇ ਹੈ ਜਦਕਿ ਪਿਛਲੇ ਸਾਲ ਪੰਜਾਬ ਨੌਵੇਂ ਨੰਬਰ ’ਤੇ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਵੱਖ-ਵੱਖ ਪਾਰਟੀਆਂ ਸਿਹਤ ਸਹੂਲਤਾਂ ਵਿਚ ਸੁਧਾਰ ਲਈ ਅਪਣੇ-ਅਪਣੇ ਮਾਡਲ ਪੇਸ਼ ਕਰ ਰਹੀਆਂ ਹਨ। ਇਸ ਬਾਰੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਹਨਾਂ ਦਾ ਹੋਈ ਗੱਲਬਾਤ ਦੇ ਕੁਝ ਅੰਸ਼:
ਸਵਾਲ: ਭਾਵੇਂ ਇਹ ਰਿਪੋਰਟ ਉਦੋਂ ਆਈ ਹੈ ਜਦੋਂ ਤੁਸੀਂ ਇਸ ਵਿਭਾਗ ਨੂੰ ਨਹੀਂ ਸੰਭਾਲ ਰਹੇ ਪਰ ਕਿਸੇ ਵੀ ਚੀਜ਼ ਵਿਚ ਸੁਧਾਰ ਆਉਣ ਲਈ ਸਮਾਂ ਲੱਗਦਾ ਹੈ। ਹੁਣ ਜਦੋਂ ਤੁਹਾਡੇ ਕੰਮ ਨੂੰ ਪ੍ਰਮਾਣਿਕਤਾ ਮਿਲੀ ਹੈ ਤਾਂ ਕਿਵੇਂ ਮਹਿਸੂਸ ਹੋ ਰਿਹਾ ਹੈ?
ਜਵਾਬ: ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਮੇਰੇ ਕੋਲ ਸਵਾ ਦੋ ਸਾਲ ਸਿਹਤ ਵਿਭਾਗ ਰਿਹਾ ਅਤੇ ਇਸ ਦੌਰਾਨ ਦਿਨ ਰਾਤ ਇਕ ਕਰਕੇ ਮੈਂ ਇਸ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਵੱਡੀ ਗੱਲ ਸ਼ੁਰੂਆਤ ਵਿਚ ਸਾਡੇ ਕੋਲ ਡਾਕਟਰਾਂ ਦੀ ਬਹੁਤ ਵੱਡੀ ਕਮੀ ਸੀ। ਅਸੀਂ 600 ਡਾਕਟਰਾਂ ਨੂੰ ਭਰਤੀ ਕੀਤਾ। ਇਸੇ ਤਰ੍ਹਾਂ ਸਿਵਲ ਸਰਜਨਾਂ ਜਾਂ ਹੋਰ ਸਪੈਸ਼ਲਿਸਟ ਡਾਕਟਰਾਂ ਨੂੰ ਭਰਤੀ ਕਰਨ ਲਈ ਸੌਖੀ ਪ੍ਰਕਿਰਿਆ ਨੂੰ ਅਪਣਾਇਆ। ਇਸ ਦੇ ਤਹਿਤ ਵਾਕ-ਇੰਨ-ਇੰਟਰਵਿਊ ਪੈਨਲ ਬਣਾਇਆ ਗਿਆ ਅਤੇ ਇੰਟਰਵਿਊ ਜ਼ਰੀਏ ਉਹਨਾਂ ਦੀ ਭਰਤੀ ਕੀਤੀ ਗਈ। ਅਕਾਲੀ-ਭਾਜਪਾ ਸਰਕਾਰ ਵੇਲੇ ਇਕ ਐਮਬੀਬੀਐਸ ਡਾਕਟਰ ਨੂੰ ਸਿਰਫ਼ 18 ਹਜ਼ਾਰ ਰੁਪਏ ਤਨਖ਼ਾਹ ਮਿਲਦੀ ਸੀ, ਜਿਸ ਕਾਰਨ ਸਾਡੇ ਡਾਕਟਰ ਵਿਦੇਸ਼ਾਂ ਵੱਲ ਜਾ ਰਹੇ ਸੀ ਪਰ ਸਾਡੀ ਸਰਕਾਰ ਨੇ ਇਸ ਨੂੰ ਵਧਾ ਕੇ 45 ਹਜ਼ਾਰ ਕੀਤਾ ਅਤੇ ਇਸ ਤੋਂ ਬਾਅਦ ਇਸ ਨੂੰ ਵਧਾ ਕੇ 53 ਹਜ਼ਾਰ ਕੀਤਾ ਗਿਆ।
ਸਵਾਲ: ਜੇਕਰ ਅਸੀਂ ਨੀਤੀ ਆਯੋਗ ਦੀ ਰਿਪੋਰਟ ਦੇਖੀਏ ਤਾਂ ਕੇਰਲ, ਮਹਾਰਾਸ਼ਟਰ ਅਤੇ ਪੰਜਾਬ ਵਿਚ ਕਾਫੀ ਸੁਧਾਰ ਦੇਖਿਆ ਗਿਆ, ਇਹ ਉਹੀ ਸੂਬੇ ਸਨ ਜਿਨ੍ਹਾਂ ਵਿਚ ਕੋਵਿਡ ਦਾ ਸਭ ਤੋਂ ਜ਼ਿਆਦਾ ਭਾਰ ਸੀ। ਇਹ ਵੀ ਕਿਹਾ ਗਿਆ ਕਿ ਕੇਰਲ ਅਤੇ ਪੰਜਾਬ ਨੇ ਕੋਵਿਡ ਸਥਿਤੀ ਨੂੰ ਚੰਗੀ ਤਰ੍ਹਾ ਸੰਭਾਲਿਆ।
ਜਵਾਬ: ਇਹ ਸੱਚ ਹੈ ਕਿ ਪੰਜਾਬ ਵਿਚ ਕੋਰੋਨਾ ਦੀ ਸਕਾਰਾਤਮਕਤਾ ਦੀ ਦਰ ਬਹੁਤ ਜ਼ਿਆਦਾ ਸੀ। ਸ਼ੁਰੂਆਤ ਵਿਚ ਬਹੁਤ ਮਾੜਾ ਹਾਲ ਸੀ ਕਿਉਂਕਿ ਅਸੀਂ ਤਿਆਰ ਨਹੀਂ ਸੀ ਅਤੇ ਨਾ ਹੀ ਸਾਡੇ ਕੋਲ ਜ਼ਿਆਦਾ ਮਸ਼ਿਨਰੀ ਸੀ। ਅਸੀਂ ਕੋਵਿਡ ਸੈਪਲ ਲੈਂਦੇ ਸੀ ਤਾਂ ਉਹ ਪੁਣੇ ਭੇਜਿਆ ਜਾਂਦਾ ਸੀ। ਅਸੀਂ ਸਿਸਟਮ ਦਾ ਵਿਸਥਾਰ ਕੀਤਾ ਅਤੇ ਲੈਬ ਸਥਾਪਤ ਕੀਤੀਆਂ। ਹੁਣ ਸਾਡਾ ਸਟਾਫ ਬਿਲਕੁਲ ਤਿਆਰ ਹੈ ਅਤੇ ਮੈਡੀਕਲ ਸਟਾਫ ਨੂੰ ਬਹੁਤ ਜ਼ਿਆਦਾ ਤਜ਼ੁਰਬਾ ਵੀ ਹੋ ਗਿਆ ਹੈ। ਅਸੀਂ ਅਪਣੇ ਸਿਸਟਮ ਵਿਚ ਇੰਨਾ ਜ਼ਿਆਦਾ ਸੁਧਾਰ ਕਰ ਲਿਆ ਹੈ ਕਿ ਜੇਕਰ ਸਾਡੇ ਕੋਲ 10 ਹਜ਼ਾਰ ਮਰੀਜ਼ ਵੀ ਇਕੱਠੇ ਆ ਜਾਣ ਤਾਂ ਅਸੀਂ ਇਲਾਜ ਲਈ ਤਿਆਰ ਹਾਂ।
ਸਵਾਲ: ਆਕਸੀਜਨ ਦੀ ਕਮੀ ਸਭ ਤੋਂ ਜ਼ਿਆਦਾ ਦਿੱਲੀ ਵਿਚ ਦੇਖੀ ਗਈ। ਇਸ ਦੇ ਲਈ ਪੰਜਾਬ ਸਰਕਾਰ ਤਿਆਰ ਹੈ?
ਜਵਾਬ: ਕੋਰੋਨਾ ਕਾਲ ਦੌਰਾਨ ਦਿੱਲੀ ਵਿਚ ਹਾਲਾਤ ਅਜਿਹੇ ਸਨ ਕਿ ਪੰਦਾਬ ਵਿਚ ਦਿੱਲੀ ਦੇ ਕਰੀਬ 5 ਹਜ਼ਾਰ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਲੋਕਾਂ ਦਾ ਦਿੱਲੀ ਦੀ ਸਰਕਾਰ ਤੋਂ ਭਰੋਸਾ ਉੱਠ ਗਿਆ ਸੀ। ਜਦੋਂ ਮੈਂ ਵਿਭਾਗ ਵਿਚ ਸੀ ਤਾਂ ਅਸੀਂ 76 ਆਕਸੀਜਨ ਪਲਾਂਟ ਇੰਸਟਾਲ ਕੀਤੇ। ਜਦੋਂ ਆਕਸੀਜਨ ਦੀ ਕਮੀਂ ਪੈਦਾ ਹੋਈ ਤਾਂ ਪੰਜਾਬ ਵਿਚ ਸਾਰੀ ਇੰਡਸਟਰੀ ਨੂੰ ਬੰਦ ਕਰਕੇ ਉਸ ਨੂੰ ਡਾਕਟਰੀ ਵਰਤੋਂ ਲਈ ਰੱਖਿਆ ਗਿਆ। ਪੰਜਾਬ ਵਿਚ ਇਕ ਵੀ ਮਰੀਜ਼ ਦੀ ਆਕਸੀਜਨ ਦੀ ਕਮੀ ਕਾਰਨ ਜਾਂ ਹਸਪਤਾਲ ਵਿਚ ਬੈੱਡ ਦੀ ਕਮੀ ਕਾਰਨ ਜਾਨ ਨਹੀਂ ਗਈ। ਸਿਰਫ ਅੰਮ੍ਰਿਤਸਰ ਵਿਚ ਇਕ ਮਾਮਲਾ ਅਜਿਹਾ ਆਇਆ ਸੀ, ਉਹ ਵੀ ਆਕਸੀਜਨ ਲੀਕ ਹੋਣ ਕਾਰਨ ਵਾਪਰਿਆ। ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਹਾਲਾਤ ਬਹੁਤ ਮਾੜੇ ਸਨ।
ਸਵਾਲ: ਅੱਜ ਕਿਹਾ ਜਾਂਦਾ ਹੈ ਕਿ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਜੇਕਰ ਅਸੀਂ ਸਿਆਸਤ ਤੋਂ ਪਰੇ ਹੱਟ ਕੇ ਸਿਹਤ ਸਹੂਲਤਾਂ ਵੱਲ ਦੇਖੀਏ ਤਾਂ ਕੀ ਇਹ ਮਾਡਲ ਸਹੀ ਹੈ?
ਜਵਾਬ: ਦਿੱਲੀ ਮਾਡਲ ਹੈ ਕੀ? ਉਹਨਾਂ ਨੇ ਮੁਹੱਲਾ ਕਲੀਨਿਕ ਬਣਾ ਦਿੱਤੇ ਕੀ ਉੱਥੇ ਕੋਈ ਸਰਜਰੀ ਹੋ ਸਕਦੀ ਹੈ ਜਾਂ ਕੀ ਉੱਥੇ ਕਿਸੇ ਤਰ੍ਹਾਂ ਦੇ ਐਕਸਰੇ ਹੋ ਸਕਦੇ ਨੇ? ਦਵਾਈਆਂ ਤਾਂ ਅਸੀਂ ਪੰਜਾਬ ਵਿਚ ਵੀ ਮੁਫਤ ਦਿੰਦੇ ਹਾਂ। ਸਾਡੀ ਸਰਬੱਤ ਸਿਹਤ ਬੀਮਾ ਯੋਜਨਾ ਜਾਂ ਆਯੁਸ਼ਮਾਨ ਭਾਰਤ ਵਿਚ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਹੁਣ ਤਾਂ ਆਯੁਸ਼ਮਾਨ ਭਾਰਤ ਯੋਜਨਾ ਨੂੰ ਯੂਨੀਵਰਸਲ ਕਰ ਦਿੱਤਾ ਗਿਆ ਹੈ। ਹਰ ਵਿਅਕਤੀ ਅਪਣਾ ਹੈਲਥ ਕਾਰਡ ਬਣਾ ਸਕਦਾ ਹੈ।
ਜਵਾਬ: ਦਿੱਲੀ ਇਕ ਸ਼ਹਿਰ ਹੈ, ਜਿਸ ਦਾ ਖੇਤਰ 60 ਕਿਲੋਮੀਟਰ ਹੈ। ਪੰਜਾਬ ਇਕ ਵੱਡਾ ਸੂਬਾ ਹੈ। ਪੰਜਾਬ ਵਿਚ ਮੈਡੀਕਲ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਅਸੀਂ ਚਾਰ ਮੈਡੀਕਲ ਕਾਲਜ ਖੋਲ੍ਹਣ ਦਾ ਫੈਸਲਾ ਲਿਆ। ਪੰਜਾਬ ਦੇ ਪਿੰਡਾਂ ਵਿਚ ਹੈਲਥ ਵੈਲਨੈੱਸ ਸੈਂਟਰ ਖੋਲ੍ਹੇ ਗਏ ਹਨ, ਜਿੱਥੇ ਹਰ ਤਰ੍ਹਾਂ ਦੇ ਟੈਸਟ ਮੁਫਤ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ।
ਸਵਾਲ: ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸਰਕਾਰ ਨੇ ਬਹੁਤ ਚੰਗੀਆਂ ਚੀਜ਼ਾਂ ਕੀਤੀਆਂ ਪਰ ਚਰਚਾ ਵਿਚ ਸਿਰਫ ਘੁਟਾਲੇ ਹੀ ਆਉਂਦੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਵੀ ਕਈ ਅਜਿਹੀਆਂ ਖ਼ਬਰਾਂ ਆਈਆਂ। ਅਜਿਹਾ ਕਿਉਂ ਹੈ?
ਜਵਾਬ: ਇਹ ਲੋਕਾਂ ਦਾ ਪ੍ਰਚਾਰ ਹੈ। ਸਾਡੀ ਫਤਹਿ ਕਿੱਟ ਦੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਤਾਰੀਫ ਕੀਤੀ। ਉਹਨਾਂ ਨੇ ਵੀ ਕਿਹਾ ਸੀ ਕਿ ਸਭ ਤੋਂ ਬਿਹਤਰ ਮਾਡਲ ਪੰਜਾਬ ਦਾ ਹੈ। ਇੱਥੋਂ ਤੱਕ ਕਿ ਕੈਨੇਡਾ ਦੀ ਸੰਸਦ ਵਿਚ ਵੀ ਇਸ ਬਾਰੇ ਗੱਲ ਹੋਈ। ਲੋਕਾਂ ਨੂੰ ਘਰ ਵਿਚ ਹੀ ਕਿੱਟ ਦਿੱਤੀ ਜਾਂਦੀ ਸੀ ਅਤੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਦਾ ਹਾਲ ਵੀ ਪੁੱਛਿਆ ਜਾਂਦਾ ਸੀ। ਇਹ ਪੂਰੀ ਕਿੱਟ 1195 ਰੁਪਏ ਵਿਚ ਦਿੱਤੀ ਜਾਂਦੀ ਸੀ, ਜਿਸ ਵਿਚ ਆਕਸੀਮੀਟਰ, ਕਾੜ੍ਹੇ, ਥਰਮਾਮੀਟਰ ਸਣੇ 14-15 ਚੀਜ਼ਾਂ ਹੁੰਦੀਆਂ ਸਨ। ਜਦਕਿ ਦਿੱਲੀ ਸਰਕਾਰ ਨੇ 1250 ਰੁਪਏ ਦੇ ਹਿਸਾਬ ਨਾਲ ਡੇਢ ਲੱਖ ਆਕਸੀਮੀਟਰ ਖਰੀਦੇ ਸਨ।
ਸਵਾਲ: ਇਹ ਗੱਲ਼ ਵੀ ਕਹੀ ਜਾਂਦੀ ਹੈ ਕਿ ਪੰਜਾਬ ਨਸ਼ੇ ਵਿਚ ਡੁੱਬਿਆ ਹੋਇਆ ਹੈ ਅਤੇ ਸਰਕਾਰ ਨੇ ਨਸ਼ੇ ਦਾ ਲੱਕ ਤੋੜਨ ਲਈ ਕੁਝ ਨਹੀਂ ਕੀਤਾ। ਇਸ ਤੋਂ ਬਾਅਦ ਗੋਲੀਆਂ ਵਿਚ ਘੁਟਾਲਾ ਹੋਇਆ, ਇਸ ਬਾਰੇ ਤੁਸੀਂ ਕੀ ਕਹਿੰਦੇ ਹੋ?
ਜਵਾਬ: ਸਰਕਾਰ ਦੀ ਡਿਊਟੀ ਸਿਰਫ ਨਸ਼ਾ ਮੁਕਤੀ ਸੈਂਟਰ ਲਈ ਲਾਇਸੰਸ ਜਾਰੀ ਕਰਨਾ ਹੈ, ਸੈਂਟਰ ਨੇ ਡਾਕਟਰ ਵੀ ਖੁਦ ਭਰਤੀ ਕਰਨੇ ਹਨ ਅਤੇ ਹੋਰ ਸਾਰੇ ਕੰਮ ਵੀ ਖੁਦ ਹੀ ਕਰਨੇ ਹਨ। ਡਰੱਗ ਕੰਟਰੋਲਰ ਸਿਰਫ ਲਾਇਸੰਸ ਜਾਰੀ ਕਰਦਾ ਹੈ। ਇਸ ਵਿਚ ਸਿਰਫ ਸਿਆਸੀ ਰੌਲਾ ਪਾਇਆ ਗਿਆ, ਸਰਕਾਰ ਦੀ ਮਨਸ਼ਾ ਗਲਤ ਨਹੀਂ ਸੀ। ਨਸ਼ੇ ਨੂੰ ਖਤਮ ਕਰਨ ਲਈ ਬਹੁਤ ਕੰਮ ਹੋਇਆ। ਜਦੋਂ ਮੈਂ ਮਹਿਕਮਾ ਸੰਭਾਲਿਆ ਸੀ ਤਾਂ ਇਕ ਲੱਖ 67 ਹਜ਼ਾਰ ਲੋਕ ਇਲਾਜ ਕਰਵਾ ਰਹੇ ਸਨ ਪਰ ਜਦੋਂ ਕੋਰੋਨਾ ਕਰਫਿਊ ਲੱਗਿਆ ਤਾਂ ਹੋਰ ਲੋਕ ਇਲਾਜ ਲਈ ਆ ਗਏ, 6 ਲੱਖ ਦੇ ਕਰੀਬ ਬੱਚੇ ਇਲਾਜ ਕਰਵਾਉਣ ਲਈ ਆਏ। ਬਹੁਤ ਸੁਧਾਰ ਹੋਇਆ ਹੈ।
ਸਵਾਲ: ਪੰਜਾਬ ’ਤੇ ਨਸ਼ਿਆਂ ਦੇ ਛੇਵੇਂ ਦਰਿਆ ਦਾ ਟੈਗ ਲਗਾਇਆ ਗਿਆ ਹੈ, ‘ਉੜਤਾ ਪੰਜਾਬ’ ਵਰਗੀਆਂ ਫਿਲਮਾਂ ਵੀ ਬਣਾਈਆਂ ਗਈਆਂ, ਕੀ ਪੰਜਾਬ ਸੱਚ ਵਿਚ ਹੀ ਅਜਿਹਾ ਸੂਬਾ ਹੈ ਜਿੱਥੇ ਨਸ਼ਾ ਸਭ ਤੋਂ ਜ਼ਿਆਦਾ ਹੈ?
ਜਵਾਬ: ਇਹ ਬਿਲਕੁਲ ਗਲਤ ਹੈ। ਨਸ਼ਾ ਪੂਰੀ ਦੁਨੀਆਂ ਵਿਚ ਹੈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿਚ ਨਸ਼ਾ ਹੈ। ਸਾਡਾ ਸੂਬਾ ਸਰਹੱਦੀ ਸੂਬਾ ਹੈ ਇਸ ਕਰਕੇ ਅਜਿਹੇ ਹਾਲਾਤ ਬਣੇ ਪਰ ਜਿਵੇਂ-ਜਿਵੇਂ ਸਖ਼ਤੀ ਵਧਾਈ ਗਈ ਤਾਂ ਹਾਲਾਤ ਠੀਕ ਹੋਏ ਹਨ। ਇਸ ਨੂੰ ਖਤਮ ਕਰਨ ਵਿਚ ਸਮਾਂ ਲੱਗੇਗਾ। ਨਵੀਂ ਪੀੜੀ ਇਸ ਦੀ ਦਲਦਲ ਵਿਚ ਘੱਟ ਜਾ ਰਹੀ ਹੈ।
ਸਵਾਲ: ਅੱਜ ਡਰੱਗ ਮਾਮਲੇ ਨੂੰ ਲੈ ਕੇ ਸਿਆਸਤ ਵੀ ਭੜਕੀ ਹੋਈ ਹੈ। ਹੁਣ ਐਫਆਈਆਰ ਵੀ ਦਰਜ ਹੋਈ ਹੈ, ਕੀ ਤੁਹਾਨੂੰ ਲੱਗਦਾ ਕਿ ਜੇਕਰ ਇਹ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਅਜਿਹੇ ਹਾਲਾਤ ਨਾ ਹੁੰਦੇ?
ਜਵਾਬ: ਜਦੋਂ ਤੋਂ ਸਾਡੀ ਸਰਕਾਰ ਬਣੀ ਅਸੀਂ ਇਸ ਗੱਲ਼ ਉੱਤੇ ਬਜਿੱਦ ਸੀ ਕਿ ਇਸ ਸਥਿਤੀ ਨੂੰ ਠੀਕ ਕੀਤਾ ਜਾਵੇਗਾ। ਇਕ ਦਿਨ ਵਿਚ ਸਭ ਕੁਝ ਠੀਕ ਨਹੀਂ ਹੁੰਦਾ ਪਰ ਨਸ਼ਾ ਤਸਕਰਾਂ ਨੂੰ ਫੜ ਕੇ ਅੰਦਰ ਕੀਤਾ ਗਿਆ। ਕਈ ਲੋਕਾਂ ਨੂੰ ਫੜਿਆ ਗਿਆ ਅਤੇ ਕਈ ਭੱਜ ਵੀ ਗਏ, ਹੁਣ ਕਈਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਸਵਾਲ: ਅੱਜ ਕਾਂਗਰਸ ਨੂੰ ਬਹੁਤ ਲੋਕ ਛੱਡ ਕੇ ਜਾ ਰਹੇ ਹਨ। ਤੁਹਾਡੀ ਕੀ ਯੋਜਨਾ ਹੈ?
ਜਵਾਬ: ਮੈਂ ਕਾਂਗਰਸ ਵਿਚ ਹੀ ਹਾਂ, ਮੈਂ ਕਾਂਗਰਸ ਵਿਚ ਹੀ ਜੀਵਾਂਗਾ ਅਤੇ ਕਾਂਗਰਸ ਵਿਚ ਹੀ ਮਰਾਂਗਾ। ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਪਰ ਇਹ ਟਰੈਂਡ ਬਣ ਗਿਆ ਹੈ। ਤੁਸੀਂ ਖੁਦ ਚੰਗੇ ਹੋਵੋਗੇ ਤਾਂ ਪਾਰਟੀ ਵੀ ਚੰਗੀ ਹੋਵੇਗੀ, ਤੁਹਾਡੇ ਅਸੂਲ ਠੀਕ ਹੋਣੇ ਚਾਹੀਦੇ ਹਨ।
ਸਵਾਲ: ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬ ਰਹੇ ਹੋ। ਤੁਸੀਂ ਦੇਖਦੇ ਹੋਵੋਗੇ ਕਿ ਉਹ ਕਾਂਗਰਸ ਦੇ ਖਿਲਾਫ਼ ਹੋ ਗਏ ਹਨ, ਇਹ ਦੇਖ ਕੇ ਕਿਸ ਤਰ੍ਹਾਂ ਲੱਗਦਾ ਹੈ?
ਜਵਾਬ: ਕਾਂਗਰਸ ਸਾਰੇ ਧਰਮਾਂ ਅਤੇ ਲੋਕਾਂ ਦਾ ਬਰਾਬਰ ਸਤਿਕਾਰ ਕਰਦੀ ਹੈ। ਕਾਂਗਰਸ ਵਿਚ ਜਿਸ ਚੀਜ਼ ਦਾ ਵਿਅਕਤੀ ਹੱਕਦਾਰ ਹੁੰਦਾ ਹੈ, ਉਸ ਨੂੰ ਉਹ ਮਾਣ ਬਖਸ਼ਿਆ ਜਾਂਦਾ ਹੈ। ਇਹ ਸਭ ਦੀ ਸਾਂਝੀ ਜਮਾਤ ਹੈ, ਇਸ ਵਿਚ ਹਰ ਵਰਗ ਦੇ ਲੋਕ ਸ਼ਾਮਲ ਹਨ। ਭਾਜਪਾ ਪੰਜਾਬ ਵਿਚ ਅਪਣੇ ਪੈਰ ਟਿਕਾਉਣਾ ਚਾਹੁੰਦੀ ਹੈ, ਉਹ ਦੂਜਿਆਂ ਦੇ ਮੋਢਿਆਂ ਉੱਤੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨੇ ਪੂਰੇ ਇਕ ਸਾਲ ਬਾਅਦ ਤਿੰਨ ਖੇਤੀ ਕਾਨੂੰਨ ਰੱਦ ਕੀਤੇ, ਜੇਕਰ ਪਹਿਲੇ ਦਿਨ ਹੀ ਇਹ ਫੈਸਲਾ ਲਿਆ ਹੁੰਦਾ ਤਾਂ ਜੋ ਜਾਨੀ ਅਤੇ ਮਾਲੀ ਨੁਕਸਾਨ ਹੋਇਆ, ਉਹ ਨਹੀਂ ਹੋਣਾ ਸੀ। ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਜਾਨ ਗਈ, ਉਹ ਇਸ ਚੀਜ਼ ਨੂੰ ਨਹੀਂ ਭੁੱਲ ਸਕਣਗੇ।
ਕਿਸਾਨ ਜਥੇਬੰਦੀਆਂ ਨੇ ਚੋਣ ਲੜਨ ਦਾ ਫੈਸਲਾ ਕੀਤਾ, ਮੈਂ ਇਸ ਦੇ ਖਿਲਾਫ਼ ਨਹੀਂ ਹਾਂ ਪਰ ਲੋਕ ਉਹਨਾਂ ਤੋਂ ਜਵਾਬ ਮੰਗਣਗੇ। ਮੈਂ 30 ਸਾਲਾਂ ਤੋਂ ਸਿਆਸਤ ਵਿਚ ਹਾਂ, ਮੈਂ ਸਿਆਸਤ ਨੂੰ ਹਮੇਸ਼ਾਂ ਸੇਵਾ ਸਮਝਿਆ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਕੋਈ ਵਿਅਕਤੀ ਸਾਡੇ ਕੋਲੋਂ ਖੁਸ਼ ਹੋ ਕੇ ਜਾਵੇ। ਅਸੀਂ ਅਪਣੇ ਕੰਮਾਂ ਨੂੰ ਪਾਸੇ ਰੱਖ ਕੇ ਆਮ ਲੋਕਾਂ ਦੇ ਕੰਮਾਂ ਨੂੰ ਤਰਜੀਹ ਦਿੰਦੇ ਹਾਂ ਅਤੇ ਇਹ ਸੇਵਾ ਬਹੁਤ ਵੱਡੀ ਹੈ।