ਲੁਧਿਆਣਾ ਬਲਾਸਟ ਮਾਮਲਾ: ਕਰਾਟੇ ਖਿਡਾਰਨ ਰਹਿ ਚੁੱਕੀ ਹੈ ਗਗਨਦੀਪ ਦੀ ਮਹਿਲਾ ਸਾਥੀ ਕਮਲਜੀਤ ਕੌਰ
ਬੀਤੇ ਦਿਨੀਂ ਲੁਧਿਆਣਾ ਵਿਚ ਹੋਏ ਬੰਬ ਧਮਾਕੇ ਨਾਲ ਜੁੜੇ ਮਾਮਲੇ ਵਿਚ ਅਹਿਮ ਜਾਣਕਾਰੀ ਸਾਹਮਣੇ ਆਈ ਹੈ।
ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਵਿਚ ਹੋਏ ਬੰਬ ਧਮਾਕੇ ਨਾਲ ਜੁੜੇ ਮਾਮਲੇ ਵਿਚ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਘਟਨਾ ਦੇ ਮੁਲਜ਼ਮ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਕਾਂਸਟੇਬਲ ਕਮਲਜੀਤ ਕੌਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਮਲਜੀਤ ਕੌਰ ਕਰਾਟੇ ਖਿਡਾਰਨ ਰਹਿ ਚੁੱਕੀ ਹੈ ਅਤੇ ਉਸ ਨੇ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਕਈ ਮੈਡਲ ਹਾਸਲ ਕੀਤੇ ਹਨ ਅਤੇ ਖੇਡ ਦੇ ਦਮ ’ਤੇ ਹੀ ਉਹ ਪੰਜਾਬ ਪੁਲਿਸ ਵਿਚ ਭਰਤੀ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ ਕਮਲਜੀਤ ਕੌਰ ਦੀ ਪੁਲਿਸ ਵਿਚ ਭਰਤੀ ਹੋਣ ਮਗਰੋਂ ਹੀ ਗਗਨਦੀਪ ਸਿੰਘ ਨਾਲ ਮੁਲਾਕਾਤ ਹੋਈ ਸੀ। ਸੂਤਰਾਂ ਅਨੁਸਾਰ ਜਾਂਚ ਏਜੰਸੀ ਦੇ ਹੱਥ ਗਗਨਦੀਪ ਦਾ ਇਕ ਹੋਰ ਮੋਬਾਈਲ ਲੱਗਿਆ ਹੈ, ਜਿਸ ਵਿਚੋਂ ਜਾਂਚ ਟੀਮ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਨੇ ਦਿੱਲੀ ਤੋਂ ਹੈਰੋਇਨ ਲਿਆਉਣ ਵਾਲੀ ਇੱਕ ਨਾਈਜੇਰੀਅਨ ਔਰਤ ਨੂੰ ਫੜਿਆ ਗਿਆ ਸੀ ਅਤੇ ਇਹ ਔਰਤ ਕਈ ਦਿਨ ਰਿਮਾਂਡ ’ਤੇ ਰਹੀ ਸੀ ਤਾਂ ਗਗਨਦੀਪ ਸਿੰਘ ਨੇ ਉਸ ਨਾਲ ਸੰਪਰਕ ਬਣਾ ਲਏ ਸੀ।
ਇਸ ਔਰਤ ਨੇ ਹੀ ਦਿੱਲੀ ਬੈਠੇ ਆਪਣੇ ਸਾਥੀਆਂ ਨਾਲ ਗਗਨਦੀਪ ਦੇ ਸੰਪਰਕ ਬਣਾ ਕੇ ਉਸ ਨੂੰ ਹੈਰੋਇਨ ਦੀ ਖੇਪ ਪੰਜਾਬ ਲਿਆਉਣ ਲਈ ਸਾਥੀ ਦਿੱਤੇ ਸਨ।ਜ਼ਿਕਰਯੋਗ ਹੈ ਕਿ ਕਮਲਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਟੀਮ ਵਲੋਂ ਉਸ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਬਤੌਰ ਪੁਲਿਸ ਮੁਲਾਜਮ ਇਕ ਦੋਸ਼ੀ ਨਾਲ ਸੰਬੰਧ ਰੱਖਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ।