ਕੁਲਬੀਰ ਸਿੰਘ ਜ਼ੀਰਾ ਨੇ ਇੰਟਰਵਿਊ ਦੌਰਾਨ ਕੱਢੀ ਦਿਲ ਦੀ ਭੜਾਸ, ਪੜ੍ਹੋ ਪੂਰੀ ਖ਼ਬਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਫ਼ਤਿਹਜੰਗ ਬਾਜਵਾ ਪੈਸੇ ਤੇ ਕੁਰਸੀ ਦਾ ਲਾਲਚੀ, ਇਸੇ ਕਰਕੇ BJP 'ਚ ਛਾਲ ਮਾਰੀ'

Kulbir Singh Zira

'ਜਿਹੜਾ ਮਜੀਠੀਆ ਬੜ੍ਹਕਾਂ-ਥਾਪੀਆਂ ਮਾਰਦਾ ਸੀ, ਅੱਜ ਖੁੱਡ 'ਚ ਲੁਕਿਆ ਫਿਰਦਾ'

ਫਤਿਹਜੰਗ ਬਾਜਵਾ ਨੇ ਇਲਾਕੇ ਨੂੰ ਰੱਜ ਕੇ ਲੁੱਟਿਆ ਤੇ ਰੱਜ ਕੇ ਕੁੱਟਿਆ -ਜ਼ੀਰਾ 

ਚੰਡੀਗੜ੍ਹ (ਲੰਕੇਸ਼ ਤ੍ਰਿਖਾ) : ਪੰਜਾਬ ਵਿਚ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਪੰਜਾਬ ਦੀ ਸਿਆਸਤ ਵੀ ਸਤਰੰਗੀ ਪੀਂਘ ਦੀ ਤਰ੍ਹਾਂ ਹੁੰਦੀ ਜਾ ਰਹੀ ਹੈ। ਕਈ ਸਿਆਸੀ ਪਾਰਟੀ ਦੇ ਵੇਹੜੇ ਵਿਚ ਰੁੱਸਣ ਮਨਾਉਣ ਦਾ ਸਿਲਸਲਾ ਵੀ ਚਲ ਰਿਹਾ ਹੈ। ਇਸ ਸਾਰੀ ਤਸਵੀਰ ਨੂੰ ਸਾਫ ਸਾਫ ਦੇਖਣ ਲਈ ਕਿ ਕੀ ਸਭ ਕੁਝ ਠੀਕ ਹੈ  ਜਾਂ ਨਹੀਂ, ਸਪੋਕੇਸਮੈਨ ਦੀ ਟੀਮ ਹਲਕਾ ਜ਼ੀਰਾ ਪਹੁੰਚੀ। ਦੱਸ ਦੇਈਏ ਕਿ1977 ਤੋਂ ਲੈ ਕੇ 2002 ਤੱਕ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਛੇ ਵਾਰ ਇਥੋਂ ਜਿੱਤਦੀ ਆਈ ਹੈ ਅਤੇ 2007 ਵਿਚ ਨਰੇਸ਼ ਕਟਾਰੀਆ ਨੇ ਇਥੋਂ ਜਿੱਤ ਕਾਂਗਰਸ ਦੀ ਝੋਲੀ ਪਾਈ।

ਗੱਲ ਸਾਲ 2012 ਦੀ ਕਰੀਏ ਤਾਂ ਇਹ ਸੀਟ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆ ਗਈ। ਇਸੇ ਤਰ੍ਹਾਂ ਹੀ 2017 ਵਿਚ ਹਲਕੇ ਤੋਂ ਕੁਲਬੀਰ ਜ਼ੀਰਾ ਚੋਣ ਮੈਦਾਨ ਵਿਚ ਉਤਰੇ ਅਤੇ ਕਾਂਗਰਸ ਨੂੰ ਜਿੱਤ ਹਾਸਲ ਹੋਈ। ਇਸ ਮੌਕੇ ਕੁਲਬੀਰ ਜ਼ੀਰਾ ਨਾਲ ਗਲਬਾਤ ਦੌਰਾਨ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਚਲ ਰਿਹਾ ਹੈ। ਸਾਡੇ ਸਾਰੇ ਉਮੀਦਵਾਰ ਆਪਣੀਆਂ ਆਪਣੀਆਂ ਸੀਟਾਂ ਲਈ ਪੂਰੀ ਮਿਹਨਤ ਕਰ ਰਹੇ ਹਨ ਅਤੇ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਹੋਵੇਗੀ।

ਫਤਿਹਜੰਗ ਸਿੰਘ ਬਾਜਵਾ ਵਲੋਂ ਦਿੱਤੇ ਬਿਆਨ ਕਿ ਕਾਂਗਰਸ ਪਾਰਟੀ ਚਾਰ ਧੜ੍ਹਿਆਂ ਵਿਚ ਵੰਡੀ ਹੋਈ ਹੈ ਬਾਰੇ ਜ਼ੀਰਾ ਨੇ ਕਿਹਾ ਕਿ ਉਹ ਕਿਸੇ ਧੜੇ ਦਾ ਹਿੱਸਾ ਨਹੀਂ ਹਨ ਸਗੋਂ ਕਾਂਗਰਸੀ ਹਨ ਅਤੇ ਹਮੇਸ਼ਾਂ ਕਾਂਗਰਸੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਰਾਹੁਲ ਗਾਂਧੀ, ਸੋਨੀਆ ਗਾਂਧੀ, ਮਨਮੋਹਨ ਸਿੰਘ ਆਦਿ ਦੇ ਧੜੇ ਦਾ ਹਿੱਸਾ ਹਾਂ। ਅਸੀਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਜ਼ੀਰਾ ਨੇ ਕਿਹਾ ਕਿ ਫਤਿਹਜੰਗ ਬਾਜਵਾ ਕਾਂਗਰਸ ਤੋਂ ਟਿਕਟ ਨਾ ਮਿਲਣ ਕਾਰਨ ਭਾਜਪਾ ਵਿਚ ਸ਼ਾਮਲ ਹੋਏ ਹਨ।ਉਹ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਰਹੀ ਸੀ ਜਿਸ ਕਾਰਨ ਕਾਂਗਰਸ ਪਾਰਟੀ ਨੇ ਫਤਿਹਜੰਗ ਬਾਜਵਾ ਨੂੰ ਟਿਕਟ ਨਾ ਦੇ ਕੇ ਉਨ੍ਹਾਂ ਦੇ ਭਰਾ ਪ੍ਰਤਾਪ ਸਿੰਘ ਬਾਜਵਾ ਨੂੰ ਟਿਕਟ ਦਿੱਤੀ।

ਫਤਿਹਜੰਗ ਬਾਜਵਾ ਨੇ ਇਲਾਕੇ ਨੂੰ ਰੱਜ ਕੇ ਲੁੱਟਿਆ, ਰੱਜ ਕੇ ਕੁੱਟਿਆ ਅਤੇ ਲੋਕਾਂ ਦੀ ਗੱਲ ਨਹੀਂ ਸਗੋਂ ਆਪਣੇ ਬੇਟੇ ਦੀ ਗੱਲ ਕੀਤੀ ਕਿ ਉਹਨੂੰ ਨੌਕਰੀ ਮਿਲਣੀ ਚਾਹੀਦੀ ਹੈ। ਇਸ ਲਈ ਜਦੋਂ ਅਸੀਂ ਸਾਰਿਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਦੇ ਭਰਾ ਨੂੰ ਟਿਕਟ ਮਿਲੀ ਤਾਂ ਉਨ੍ਹਾਂ ਨੂੰ ਆਪਣੇ ਭਰਾ ਦੀ ਹਮਾਇਤ ਕਰਨੀ ਚਾਹੀਦੀ ਸੀ। ਇਹ ਉਹੀ ਫਤਿਹਜੰਗ ਬਾਜਵਾ ਹੈ ਜੋ ਬੀ.ਜੇ.ਪੀ. ਨੂੰ ਗਾਲ੍ਹਾਂ ਕੱਢਦਾ ਹੁੰਦਾ ਸੀ ਅਤੇ ਅੱਜ ਡਰਦਾ ਬੀ.ਜੇ.ਪੀ. ਵਿਚ ਸ਼ਾਮਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਸੀਟ ਉਸ ਨੂੰ ਹੀ ਮਿਲਣੀ ਚਾਹੀਦੀ ਹੈ ਜਿਸ ਦੇ ਜਿੱਤਣ ਦੀ ਉਮੀਦ ਹੋਵੇ। ਜ਼ੀਰਾ ਨੇ ਕਿਹਾ ਕਿ ਜਦੋਂ ਮੇਰੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਜਿਉਂਦੇ ਸਨ ਤਾਂ ਉਹ ਹਮੇਸ਼ਾਂ ਕਹਿੰਦੇ ਸਨ ਕਿ ਵਿਅਕਤੀ ਨੂੰ ਅਹੁਦੇਦਾਰੀਆਂ ਨਹੀਂ ਸਗੋਂ ਇਨਸਾਨੀਅਤ ਕਮਾਉਣੀ ਚਾਹੀਦੀ ਹੈ ਜੋ ਹਮੇਸ਼ਾਂ ਜ਼ਿੰਦਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਵਲੋਂ ਦਿੱਤੀਆਂ ਸਿੱਖਿਆਵਾਂ 'ਤੇ ਚਲਦਾ ਹਾਂ।

ਫਤਿਹਜੰਗ ਬਾਜਵਾ ਨੂੰ ਲਾਲਚੀ ਕਰਾਰ ਦਿੰਦਿਆਂ ਜ਼ੀਰਾ ਨੇ ਕਿਹਾ ਕਿ ਇਹ ਤਿਤਲੀਆਂ ਵਰਗੇ ਹਨ ਜੋ ਹਮੇਸ਼ਾਂ ਫੁੱਲਾਂ ਦੀ ਭਾਲ ਵਿਚ ਰਹਿੰਦੇ ਹਨ, ਜੇਕਰ ਇਨ੍ਹਾਂ ਨੂੰ ਕਾਂਗਰਸ ਵਲੋਂ ਟਿਕਟ ਦੇਣ ਦਾ ਐਲਾਨ ਕੀਤਾ ਜਾਵੇ ਤਾਂ ਇਹ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਨਹੀਂ ਕਰਨਗੇ। ਇਕ ਸਵਾਲ ਦਾ ਜਵਾਬ ਦਿੰਦਿਆਂ ਜ਼ੀਰਾ ਨੇ ਕਿਹਾ ਕਿ ਨਵਜੋਤ ਸਿੱਧੂ ਸਾਡੇ ਪਾਰਟੀ ਪ੍ਰਧਾਨ ਹਨ ਜੋ ਪਾਰਟੀ ਦਾ ਪ੍ਰਚਾਰ ਵੀ ਕਰ ਰਹੇ ਹਨ ਪਰ ਫਤਿਹਜੰਗ ਬਾਜਵਾ ਤਾਂ ਨਗਜੋਤ ਸਿੰਘ ਸਿੱਧੂ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਹਨ। ਭਾਜਪਾ ਵੀ ਇਨ੍ਹਾਂ ਨਿਕੰਮੇ ਲੀਡਰਾਂ ਨੂੰ ਕੁਝ ਦਿਨਾਂ ਵਿਚ ਹੀ ਚਲਦਾ ਕਰ ਦੇਵੇਗੀ।

ਰਾਣਾ ਸੋਢੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਤੋਂ ਰਵਿੰਦਰ ਆਂਵਲਾ ਨੂੰ ਸੀਟ ਮਿਲਣ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸੋਢੀ ਇਹ ਸੀਟ ਹੱਥੋਂ ਨਿਕਲੀ ਦੇਖ ਭਾਜਪਾ ਵਿਚ ਚਲੇ ਗਏ ਹਨ। ਜ਼ੀਰਾ ਨੇ ਦੱਸਿਆ ਕਿ ਪਾਰਟੀ ਵਲੋਂ ਕਰਵਾਏ ਸਰਵੇ ਅਨੁਸਾਰ ਰਾਣਾ ਗੁਰਮੀਤ ਸਿੰਘ ਸੋਢੀ ਮੰਤਰੀ ਤਾਂ ਰਹੇ ਪਰ ਹਲਕੇ ਦਾ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ। ਸੀਟਾਂ ਦੀ ਵੰਡ ਬਾਰੇ ਆਪਣੇ ਵਿਚਾਰ ਰੱਖਦਿਆਂ ਜ਼ੀਰਾ ਨੇ ਕਿਹਾ ਕਿ ਮੁੱਖ ਮੰਤਰੀ ਆਉਦੇ ਦੇ ਦਾਅਵੇਦਾਰ ਚਿਹਰਿਆਂ ਨੂੰ ਆਪਣੇ ਬਰਾਬਰ ਦੇ ਵਿਰੋਧੀ ਆਗੂਆਂ ਨਾਲ ਟੱਕਰ ਲੈਣੀ ਚਾਹੀਦੀ ਹੈ ਬਾਕੀ ਟਿਕਟਾਂ ਦੀ ਵੰਡ ਦਾ ਫ਼ੈਸਲਾ ਪਾਰਟੀ ਲੀਡਰਸ਼ਿਪ ਹੀ ਕਰੇਗੀ।

ਸਿੱਧੂ ਮੂਸੇਵਾਲਾ ਬਾਰੇ ਪੁੱਛੇ ਸਵਾਲ 'ਤੇ ਜ਼ੀਰਾ ਨੇ ਕਿਹਾ ਕਿ ਮੇਰੀ ਲੀਡਰਸ਼ਿਪ ਨੂੰ ਇਹ ਹੀ ਬੇਨਤੀ ਹੈ ਕਿ ਸਰਵੇ ਕਰਵਾਉਣ ਤੋਂ ਬਾਅਦ ਨਤੀਜਿਆਂ ਨੂੰ ਦੇਖਦੇ ਹੋਏ ਹੀ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਵਰਕਰ ਤਿਆਰ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਫਿਰ ਜਾ ਕੇ ਉਹ ਲੀਡਰ ਬਣਦਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਸਿੱਧੀ ਐਂਟੀ ਕਰਨ ਵਾਲਿਆਂ ਨੂੰ ਟਿਕਟ ਦੇਣ ਤੋਂ ਪਹਿਲਾਂ ਨਤੀਜਿਆਂ ਬਾਰੇ ਵੀ ਪੜਚੋਲ ਕਰਨੀ ਚਾਹੀਦੀ ਹੈ ਤਾਂ ਜੋ ਜੇਤੂ ਬਾਜ਼ੀ ਖੇਡਣ ਵਾਲਿਆਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇ ਅਤੇ ਕਾਂਗਰਸ ਪਾਰਟੀ ਦੀ ਜਿੱਤ ਕਰਵਾਈ ਜਾ ਸਕੇ ਅਤੇ ਕੈਪਟਨ ਅਮਰਿੰਦਰ ਸਿੰਘ ਵੇਲੇ ਦੇ ਅਧੂਰੇ ਪਏ ਕੰਮ ਵੀ ਪੂਰੇ ਕੀਤੇ ਜਾ ਸਕਣ।

ਸਿੱਧੂ ਬਾਰੇ ਜ਼ੀਰਾ ਨੇ ਕਿਹਾ ਕਿ ਪਿਛਲੇ ਦਿਨੀਂ ਪੁਲਿਸ ਮੁਲਾਜ਼ਮਾਂ ਲਈ ਜੋ ਬਿਆਨ ਦਿਤਾ ਉਹ ਗ਼ਲਤ ਸੀ ਉਨ੍ਹਾਂ ਨੂੰ ਅਜਿਹੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਹ ਪਾਰਟੀ ਪ੍ਰਧਾਨ ਹਨ ਅਤੇ ਉਨ੍ਹਾਂ 'ਤੇ ਬਹੁਤ ਵੱਡੀ ਜ਼ਿਮੇਵਾਰੀ ਹੈ।  ਇਸ ਤੋਂ ਇਲਾਵਾ ਨਵਜੋਤ ਸਿੱਧੂ ਵਲੋਂ ਲਾਡੀ ਅਤੇ ਫਤਿਹਜੰਗ ਬਾਜਵਾ ਦੀਆਂ ਟਿਕਟਾਂ ਐਲਾਨ ਨਹੀਂ ਕਰਨੀਆਂ ਚਾਹੀਦੀਆਂ ਸਨ ਕਿਉਂਕਿ ਇਹ ਲੀਡਰਸ਼ਿਪ ਦਾ ਹੱਕ ਹੈ।  ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਬਾਹਵਾਂ ਖੜ੍ਹੀਆਂ ਕਰ ਕੇ ਜਿਨ੍ਹਾਂ ਦੀ ਜਿੱਤ ਦਾ ਐਲਾਨ ਕੀਤਾ ਉਹ ਦੋਵੇਂ ਹੀ ਪਾਰਟੀ ਨੂੰ ਛੱਡ ਗਏ ਹਨ ਤੇ ਹੁਣ ਸਿਰਫ਼ ਸਿੱਧੂ ਦੀਆਂ ਬਾਹਵਾਂ ਹੀ ਰਹਿ ਗਈਆਂ ਹਨ। 

ਭਾਵੁਕ ਹੁੰਦਿਆਂ ਕੁਲਬੀਰ ਜ਼ੀਰਾ ਨੇ ਦੱਸਿਆ ਕਿ ਉਹ ਕਿਰਸਾਨੀ ਸੰਘਰਸ਼ ਦੌਰਾਨ 8 ਮਹੀਨੇ ਜੰਤਰ ਮੰਤਰ 'ਤੇ ਧਰਨਾ ਦਿੱਤਾ ਜਿਥੇ ਉਨ੍ਹਾਂ ਦਾ ਵਿਰੋਧ ਵੀ ਹੋਇਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਉਹ ਆਪਣੇ ਪਰਵਾਰ ਨਾਲ ਨਹੀਂ ਸਨ ਅਤੇ ਉਨ੍ਹਾਂ ਦੇ ਪਿਤਾ ਦਾ ਇਲਾਜ ਵੀ ਨਹੀਂ ਹੋ ਸਕਿਆ ਜੇਕਰ ਉਹ ਹੁੰਦੇ ਤਾਂ ਸ਼ਾਇਦ ਉਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਅੱਜ ਇਸ ਦੁਨੀਆਂ 'ਤੇ ਹੁੰਦੇ। ਜੇਕਰ ਉਹ ਹੁੰਦੇ ਤਾਂ ਮੈਨੂੰ ਕੋਈ ਫ਼ਿਕਰ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਉਥੇ ਵਿਰੋਧ ਰਵਨੀਤ ਬਿੱਟੂ ਦਾ ਹੋਇਆ ਸੀ ਕਿਉਂਕਿ ਕੁਲਬੀਰ ਜ਼ੀਰੇ ਦਾ ਕੋਈ ਵਿਰੋਧ ਨਹੀਂ ਕਰਦਾ ਅਤੇ ਜੋ ਪੱਗ ਲੱਥੀ ਉਹ ਵੀ ਜ਼ੀਰੇ ਦੀ ਨਹੀਂ ਲੱਥੀ ਸਗੋਂ ਉਨ੍ਹਾਂ ਨੇ ਰਵਨੀਤ ਬਿੱਟੂ ਦੀ ਪੱਗ ਬਚਾਈ ਸੀ। ਉਨ੍ਹਾਂ ਕਿਹਾ ਕਿ ਜੇਕਰ ਯਾਰ ਦੀ ਯਾਰੀ ਪੁਗਾਉਣੀ ਹੈ ਤਾਂ ਵਿਰੋਧ ਵਿਚ ਵੀ ਸਾਥ ਦੇਣਾ ਬਣਦਾ ਹੈ। ਜ਼ੀਰਾ ਨੇ ਕਿਹਾ ਕਿ ਉਸ ਵੇਲੇ ਸਿਆਸਤਦਾਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਅੱਜ ਕਿਸਾਨ ਜਥੇਬੰਦੀਆਂ ਹੀ ਸਿਆਸਤ ਵਿਚ ਆ ਰਹੀਆਂ ਹਨ, ਆਉਣ ਵਾਲਿਆਂ ਚੋਣਾਂ ਵਿਚ ਸਭ ਸਾਫ ਹੋ ਜਾਵੇਗਾ।

ਜ਼ੀਰਾ ਨੇ ਕਿਹਾ ਕਿ ਉਹ ਰਾਜੇਵਾਲ ਅਤੇ ਹੋਰ ਕਿਸਾਨ ਆਗੂਆਂ ਨੂੰ ਵਧੀਆ ਸ਼ਖਸੀਅਤਾਂ ਮੰਨਦੇ ਹਨ ਪਰ ਇੱਕ ਸਾਲ ਜਿਹੜੇ ਸਿਆਸਤ ਦਾ ਵਿਰੋਧ ਕਰਦੇ ਰਹੇ ਹੁਣ ਉਹ ਖੁਦ ਸਿਆਸਤ ਵਿਚ ਆ ਰਹੇ ਹਨ। ਕਿਰਸਾਨੀ ਸੰਘਰਸ਼ ਜਿੱਤਣ ਤੋਂ ਬਾਅਦ ਜਦੋਂ ਪੰਜਾਬ ਆਏ ਸਨ ਤਾਂ ਫੁੱਲਾਂ ਦੀ ਵਰਖਾ ਕੀਤੀ ਗਈ ਜੀ ਪਰ ਜੇਕਰ ਪੰਜਾਬ ਦੀ ਜਨਤਾ ਨੂੰ ਉਸ ਦਿਨ ਪਤਾ ਹੁੰਦਾ ਕਿ ਇਨ੍ਹਾਂ ਵੀ ਸਿਆਸਤ ਵਿਚ ਆਉਣਾ ਹੈ ਤਾਂ ਸ਼ਾਇਦ ਅਜਿਹਾ ਸਵਾਗਤ ਨਾ ਹੁੰਦਾ।

ਮੁੱਖ ਮੰਤਰੀ ਚੰਨੀ ਹਲਕੇ ਜ਼ੀਰਾ ਲਈ ਕੀਤੇ ਐਲਾਨਾਂ ਬਾਰੇ ਉਨ੍ਹਾਂ ਕਿਹਾ ਕਿ ਐਲਾਨਜੀਤ ਤੋਂ ਵਿਸ਼ਵਾਸਜੀਤ  ਨਾਮ ਵੀ ਜ਼ੀਰੇ ਦੇ ਲੋਕਾਂ ਨੇ ਹੀ ਦਿਤਾ ਹੈ। ਮੁੱਖ ਮੰਤਰੀ ਵਲੋਂ 87 ਕਰੋੜ ਦਾ ਜੋ ਐਲਾਨ ਕੀਤਾ ਗਿਆ ਹੈ ਉਹ ਕੰਮ ਜਲਦੀ ਹੀ ਸ਼ੁਰੂ ਹੋਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ 1100 ਕਰੋੜ ਰੁਪਏ ਉਹ ਪਹਿਲਾਂ ਲੈ ਕੇ ਆਏ ਸਨ ਜਿਸ ਦੇ ਹਰ ਪੈਸੇ ਦਾ ਹਿਸਾਬ ਵੀ ਦੇ ਸਕਦੇ ਹਨ।

ਉਨ੍ਹਾਂ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਉਹ ਪੰਜਾਬ ਵਿਚੋਂ ਨਸ਼ਾ ਤਸਕਰਾਂ ਨੂੰ ਅੰਦਰ ਕਰਾਂਗੇ ਅਤੇ ਉਨ੍ਹਾਂ 'ਤੇ ਕਾਰਵਾਈ ਕਰਾਂਗੇ। ਪਰ ਮੈਂ ਆਪਣੇ ਸਰਪੰਚਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿਤਾ ਸੀ ਜਿਸ 'ਤੇ ਮੇਰੇ 234 ਸਰਪੰਚ ਬਾਈਕਾਟ ਕਰ ਕੇ ਆ ਗਏ ਸਨ ਕਿਉਂਕਿ ਅਸੀਂ ਲੋਕਾਂ ਨਾਲ ਚਾਰ ਹਫਤਿਆਂ ਦਾ ਵਾਅਦਾ ਕੀਤਾ ਸੀ ਪਰ ਕੈਪਟਨ ਸ੍ਹਾਬ ਨੇ ਚਾਚੇ-ਭਤੀਜੇ ਦਾ ਰਿਸ਼ਤਾ ਨਿਭਾਇਆ।

ਹੁਣ ਉਹੀ ਰਿਪੋਰਟ ਹੈ ਅਤੇ ਉਹੀ ਕੋਰਟ ਦੇ ਹੁਕਮ ਹਨ ਜਿਨ੍ਹਾਂ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਲੀ ਫਰਜ਼ ਨਿਭਾਇਆ ਹੈ। ਬਿਕਰਮ ਮਜੀਠੀਆ ਨੇ ਕਿਸੇ ਚੈਨਲ 'ਤੇ ਕਿਹਾ ਸੀ ਕਿ ਜ਼ੀਰਾ ਦੋ ਫੁੱਟ ਦਾ ਹੈ ਇਸ ਨੂੰ ਵਰਦੀ ਪਵਾ ਦੀਓ ਤੇ ਅੱਜ ਉਹੀ ਸਾਢੇ ਛੇ ਫੁੱਟ ਦਾ ਕੀਤੇ ਲਭਦਾ ਹੀ ਨੀ ਪਿਆ। ਬਿਕਰਮ ਮਜੀਠੀਆ 'ਤੇ ਹੋਈ ਕਾਰਵਾਈ ਦਾ ਸਿਹਰਾ ਆਪਣੇ ਸਿਰ ਲੈਣ 'ਤੇ ਜ਼ੀਰਾ ਨੇ ਨਵਜੋਤ ਸਿੱਧੂ ਬਾਰੇ ਕਿਹਾ ਕਿ ਜ਼ਿਆਦਾ ਮੈਂ ਵੀ ਬਹੁਤ ਮਾੜੀ ਹੁੰਦੀ ਹੈ। ਸਾਨੂੰ ਆਪਣੇ ਲਈ ਨਹੀਂ ਸਗੋਂ ਮਿਲ ਕੇ ਪਾਰਟੀ ਲਈ ਕੰਮ ਕਰਨਾ ਚਾਹੀਦਾ ਹੈ। 

ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਲਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਮੁਹਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਇੱਕ ਰਿਫਾਇਨਰੀ ਲਗਾਉਣ ਦੀ ਯੋਜਨਾ ਬਣਾਈ ਗਈ ਸੀ ਅਤੇ ਉਸ ਦਾ ਕਾਫੀ ਕੰਮ ਮੁਕੰਮਲ ਹੋ ਗਿਆ ਸੀ ਪਰ ਕੇਂਦਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜਦੋਂ ਧਰਨੇ ਲੱਗਣੇ ਸ਼ੁਰੂ ਹੋਏ ਤਾਂ ਬਾਹਰਲੇ ਉਦਯੋਗ ਇਥੋਂ ਕਿਨਾਰਾ ਕਰ ਗਏ। ਉਨ੍ਹਾਂ ਕਿਹਾ ਕਿ ਜ਼ੀਰੇ ਨਾਲ ਜੁੜਿਆ 'ਪਛੜਿਆ' ਸ਼ਬਦ ਕਿਵੇਂ ਲਾਹੁਣਾ ਹੈ ਇਸ ਬਾਰੇ ਉਹ ਹਮੇਸ਼ਾਂ ਕੋਸ਼ਿਸ਼ ਕਰਦੇ ਰਹਿੰਦੇ ਹਨ।

ਅਕਾਲੀਆਂ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨਸ਼ੇ ਲੈ ਕੇ ਆਈ ਅਤੇ ਮਰਹੂਮ ਹਰੀ ਸਿੰਘ ਜ਼ੀਰਾ ਤੋਂ ਤਾਂ ਆਪਣੀ ਸੜਕ ਵੀ ਨਹੀਂ ਬਣੀ। ਜ਼ੀਰੇ ਵਿਚ ਜੋ ਵੀ ਕੰਮ ਹੋਇਆ ਹੈ ਉਹ 2017 ਤੋਂ ਬਾਅਦ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਪੁਰਾਣੇ ਬਜ਼ੁਰਗਾਂ ਤੋਂ ਵੀ ਪੁੱਛਿਆ ਜਾਵੇ ਤਾਂ ਉਹ ਵੀ ਇਹ ਹੀ ਕਹਿੰਦੇ ਹਨ ਕਿ ਜਦੋਂ ਬਾਦਲ ਸ੍ਹਾਬ ਮੁੱਖ ਮੰਤਰੀ ਬਣੇ ਤਾਂ ਪੰਜਾਬ ਵਿਚ ਭੁੱਕੀ ਆਈ ਤੇ ਭੁੱਕੀ ਦਾ ਨਾਮ ਬਾਦਲ ਪੈ ਗਿਆ, ਜਦੋਂ ਅਫ਼ੀਮ ਆਈ ਉਸ ਨੂੰ ਲੋਕਾਂ ਨੇ ਤਲਵੰਡੀ ਦਾ ਨਾਮ ਦਿਤਾ ਅਤੇ ਜਦੋਂ ਚਿੱਟਾ ਆਇਆ ਤੇ ਬਿਕਰਮ ਮਜੀਠੀਆ ਦਾ ਨਾਮ 'ਚਿੱਟਾ' ਪੈ ਗਿਆ।

ਇਸ ਤੋਂ ਬਾਅਦ ਅਕਾਲੀ ਸਰਕਾਰ ਵਿਚ ਹੀ ਇੱਕ ਜੀਭ ਹੇਠਾਂ ਰੱਖਣ ਵਾਲੀ ਗੋਲੀ ਆਈ ਜਿਸ ਦਾ ਨਾਮ ਪਿਆ 'ਨੰਨੀ ਛਾਂ'। ਪੰਜਾਬ ਵਿਚ ਜਿੰਨੇ ਵੀ ਨਸ਼ੇ ਆਏ ਉਹ ਅਕਾਲੀਆਂ ਦੀ ਦੇਣ ਹੈ ਪਰ ਕਾਂਗਰਸ ਪਾਰਟੀ ਨੇ ਪੰਜਾਬ ਦਾ ਵਿਕਾਸ ਅਤੇ ਭਲਾ ਕੀਤਾ ਹੈ ਅਤੇ ਤਰੱਕੀ ਲੈ ਕੇ ਆਈ। ਲੋਕਾਂ ਦੀ ਹਰ ਗੱਲ ਕਾਂਗਰਸ ਪਾਰਟੀ ਨੇ ਪੂਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਹੀ ਜ਼ੀਰਾ ਦੇ ਕਿਸਾਨਾਂ ਦਾ 50 ਹਜ਼ਾਰ ਕਰੋੜ ਦਾ ਕਰਜ਼ਾ ਮਾਫ ਹੋਇਆ ਹੈ।

ਕੁਲਬੀਰ ਜ਼ੀਰਾ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਵਿਖੇ ਗੋਲੀਬਾਰੀ ਕਰਵਾਉਣ ਵਾਲੇ ਜਨਰਲ ਡਾਇਰ ਨੇ ਰਾਤ ਦੀ ਰੋਟੀ ਜਿਨ੍ਹਾਂ ਦੇ ਘਰ ਖਾਦੀ ਸੀ ਉਸ ਸੁੰਦਰ ਸਿੰਘ ਮਜੀਠੀਆ ਦੇ ਨਾਮ 'ਤੇ ਉਥੋਂ ਦੇ ਬੱਸ ਅੱਡੇ ਦਾ ਨਾਮ ਰੱਖਿਆ ਹੈ। ਮੈਂ ਮੁੱਖ ਮੰਤਰੀ ਅਤੇ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਕਿਹਾ ਹੈ ਕਿ ਇਨ੍ਹਾਂ ਗ਼ੱਦਾਰਾਂ ਦੇ ਪਰਵਾਰ ਤੋਂ ਛੁਟਕਾਰਾ ਪਾਓ ਅਤੇ ਉਸ ਬੱਸ ਸਟੈਂਡ ਦਾ ਨਾਮ ਬਦਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ 'ਤੇ ਰੱਖਿਆ ਜਾਵੇ।

ਨਰੇਸ਼ ਕਟਾਰੀਆ ਬਾਰੇ ਬੋਲਦਿਆਂ ਕੁਲਬੀਰ ਜ਼ੀਰਾ ਨੇ ਕਿਹਾ ਕੇ ਜਿਹੜਾ ਆਪਣੀ ਅਤੇ ਆਪਣੀ ਜਾਇਦਾਦ ਦੀ ਰੱਖਿਆ ਨੀ ਕਰ ਸਕਦਾ ਉਹ ਜ਼ੀਰਾ ਹਲਕੇ ਦੀ ਰਾਖੀ ਵੀ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਨਮੇਜਾ ਸਿੰਘ ਸੇਖੋਂ ਦੇ ਇਰੀਗੇਸ਼ਨ ਮੰਤਰੀ ਹੁੰਦੇ ਹੋ ਇੱਕ ਹਜ਼ਾਰ ਕਰੋੜ ਦਾ ਘਪਲਾ ਹੋਇਆ ਸੀ ਜਿਸ ਦੀ ਜਾਂਚ ਵੀ ਚਲ ਰਹੀ ਹੈ ਜਿਸ ਦੇ ਨਤੀਜੇ ਥੋੜੇ ਦਿਨਾਂ ਵਿਚ ਸਾਹਮਣੇ ਆ ਜਾਣਗੇ।

ਉਨ੍ਹਾਂ ਕਿਹਾ ਕਿ ਠੇਕੇਦਾਰ ਗੁਰਿੰਦਰ ਨੇ ਦੱਸਿਆ ਹੈ ਕਿ ਇਸ ਵਿਚ ਜਨਮੇਜਾ ਸਿੰਘ ਸੇਖੋਂ ਸਮੇਤ ਉਸ ਦਾ ਪੀ.ਏ., ਸ਼ਰਨਜੀਤ ਢਿੱਲੋਂ ਅਤੇ ਤਿੰਨ ਆਈ.ਐੱਸ ਅਫਸਰ ਸ਼ਾਮਲ ਹਨ ਜਿਨ੍ਹਾਂ ਨੇ ਸਾਡੇ ਤੋਂ ਪੈਸੇ ਲਏ ਹਨ ਅਤੇ ਸਾਡੇ ਤੋਂ ਗ਼ਲਤ ਕੰਮ ਕਰਵਾਇਆ ਹੈ। ਇਸ ਜਾਂਚ ਦੀ ਕਾਰਵਾਈ 'ਚ ਦੇਰੀ ਬਾਰੇ ਜ਼ੀਰਾ ਨੇ ਕਿਹਾ ਕਿ ਕੈਪਟਨ ਉਨ੍ਹਾਂ ਨਾਲ ਮਿਲੇ ਹੋਏ ਸਨ ਅਤੇ ਮੈਨੂੰ ਸ਼ੱਕ ਹੈ ਕਿ ਹੁਣ ਵੀ ਮਜੀਠੀਆ ਕੈਪਟਨ ਦੇ ਘਰ ਹੋਵੇਗਾ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੈਪਟਨ ਦੇ ਘਰ ਰੇਡ ਕੀਤੀ ਜਾਵਾ ਅਤੇ ਮਜੀਠੀਆ ਨੂੰ ਕਾਬੂ ਕੀਤਾ ਜਾਵੇ।