ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿਧਾਇਕ ਨਿੰਮਾ, ਸਾਬਕਾ ਜਨਰਲ ਸਕੱਤਰ ਪੀਪੀਸੀਸੀ ਰਾਜ ਕੁਮਾਰ ਗਰਗ ਤੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਦੀਪਕ ਜੋਤੀ ਦਾ ਪੰਜਾਬ ਲੋਕ ਕਾਂਗਰਸ ’ਚ ਕੀਤਾ ਸਵਾਗਤ
ਚੰਡੀਗੜ੍ਹ, 30 ਦਸੰਬਰ (ਸਸਸ): ਲੋਕਾਂ ਦੇ ਹਰਮਨ ਪਿਆਰੇ ਆਗੂ ਅਤੇ ਪੰਜਾਬ ਦੀ ਆਵਾਜ਼ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੂਰਨ ਭਰੋਸਾ ਪ੍ਰਗਟ ਕਰਦੇ ਹੋਏ ਸਮਾਜ ਦੇ ਵੱਖੋ ਵਖਰੇ ਵਰਗਾਂ ਤੋਂ ਪ੍ਰਮੁੱਖ ਸ਼ਖ਼ਸੀਅਤਾਂ ਪੰਜਾਬ ਲੋਕ ਕਾਂਗਰਸ ਵਿਚ ਹੁੰਮ ਹੁਮਾ ਕੇ ਸ਼ਾਮਲ ਹੋਣ ਲਈ ਵਹੀਰਾਂ ਘੱਤ ਰਹੇ ਹਨ। ਜਿਨ੍ਹਾਂ ਆਗੂਆਂ ਨੇ ਅੱਜ ਪੰਜਾਬ ਲੋਕ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ ਉਨ੍ਹਾਂ ਵਿਚ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ, ਸਾਬਕਾ ਜਨਰਲ ਸਕੱਤਰ ਪੀਪੀਸੀਸੀ ਰਾਜ ਕੁਮਾਰ ਗਰਗ (ਰਾਜ ਨੰਬਰਦਾਰ) ਤੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਦੀਪਕ ਜੋਤੀ ਸ਼ਾਮਲ ਸਨ।
ਇਨ੍ਹਾਂ ਪਤਵੰਤਿਆਂ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਦਿ੍ਰੜ ਵਿਸ਼ਵਾਸ ਜ਼ਾਹਰ ਕੀਤਾ ਕਿ ਇਨ੍ਹਾਂ ਦੀ ਆਮਦ ਨਾਲ ਪੰਜਾਬ ਲੋਕ ਕਾਂਗਰਸ ਨੂੰ ਜ਼ਮੀਨੀ ਪੱਧਰ ਉਤੇ ਅਪਣਾ ਆਧਾਰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ ਅਤੇ ਪੰਜਾਬ ਲੋਕ ਕਾਂਗਰਸ ਮੌਜੂਦਾ ਕਾਂਗਰਸ ਪਾਰਟੀ ਦੇ ਇਕ ਠੋਸ ਅਤੇ ਸੁਚੱਜੇ ਬਦਲ ਵਜੋਂ ਉੱਭਰ ਕੇ ਸਾਹਮਣੇ ਆਵੇਗੀ ਜਿਸ ਕਾਂਗਰਸ ਤੋਂ ਅੱਜ ਸਮਾਜ ਦਾ ਹਰ ਵਰਗ ਦੁਖੀ ਹੋ ਕੇ ਕੁਰਲਾ ਰਿਹਾ ਹੈ ਭਾਵੇਂ ਉਹ ਕਿਸਾਨ ਹੋਣ, ਅਧਿਆਪਕ ਜਾਂ ਫਿਰ ਮੁਲਾਜ਼ਮ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਸੰਬੋਧਨ ਵਿਚ ਕਿਹਾ,“ਸੂਬਾ ਅਜੋਕੇ ਦੌਰ ਵਿਚ ਬਿਲਕੁਲ ਹੀ ਅਰਾਜਕਤਾ ਵਲ ਜਾ ਰਿਹਾ ਹੈ ਖ਼ਾਸ ਕਰ ਕੇ ਵਿੱਤੀ ਪੱਖੋਂ। ਸਰਕਾਰ ਗਰਾਂਟਾਂ ਦੇ ਗੱਫੇ ਤਾਂ ਦੇ ਰਹੀ ਹੈ ਪਰ ਬਿਨਾਂ ਇਸ ਗੱਲ ਦਾ ਖ਼ਿਆਲ ਕੀਤਿਆਂ ਕਿ ਵਿੱਤੀ ਸਰਮਾਏ ਦਾ ਇੰਤਜ਼ਾਮ ਕਿਥੋਂ ਕੀਤਾ ਜਾਵੇਗਾ।’’