ਮੁੱਖ ਮੰਤਰੀ ਵਲੋਂ ਆਸ਼ਾ ਤੇ ਮਿਡ-ਡੇ ਮੀਲ ਵਰਕਰਾਂ ਲਈ ਨਵੇਂ ਸਾਲ ਦਾ ਤੋਹਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਵਲੋਂ ਆਸ਼ਾ ਤੇ ਮਿਡ-ਡੇ ਮੀਲ ਵਰਕਰਾਂ ਲਈ ਨਵੇਂ ਸਾਲ ਦਾ ਤੋਹਫ਼ਾ

IMAGE

1 ਜਨਵਰੀ ਤੋਂ ਮਿਲੇਗਾ ਕ੍ਰਮਵਾਰ 2500 ਅਤੇ 3000 ਰੁਪਏ ਮਹੀਨਾਵਾਰ ਭੱਤਾ

ਸ੍ਰੀ ਚਮਕੌਰ ਸਾਹਿਬ, 30 ਦਸੰਬਰ (ਲੱਖਾ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ਾ ਅਤੇ ਮਿਡ-ਡੇ ਮੀਲ ਵਰਕਰਾਂ ਨੂੰ  ਨਵੇਂ ਸਾਲ ਦੇ ਤੋਹਫ਼ੇ ਵਜੋਂ 124.25 ਕਰੋੜ ਰੁਪਏ ਦਾ ਲਾਭ ਦਿੰਦੇ ਹੋਏ ਅੱਜ ਆਸ਼ਾ ਵਰਕਰਾਂ ਨੂੰ  ਪ੍ਰੋਤਸਾਹਨ ਦੇ ਆਧਾਰ 'ਤੇ ਪਹਿਲਾਂ ਮਿਲਦੀ ਵਿੱਤੀ ਰਾਸ਼ੀ ਦੇ ਮੁਕਾਬਲੇ 2500 ਰੁਪਏ ਮਹੀਨਾਵਾਰ ਫਿਕਸਡ ਭੱਤਾ ਦੇਣ ਦਾ ਐਲਾਨ ਕੀਤਾ ਜਿਸ ਨਾਲ ਲਗਭਗ 22,000 ਆਸ਼ਾ ਵਰਕਰਾਂ ਨੂੰ  ਲਾਭ ਹੋਵੇਗਾ ਅਤੇ ਸਰਕਾਰੀ ਖ਼ਜ਼ਾਨੇ 'ਤੇ 60 ਕਰੋੜ ਰੁਪਏ ਦਾ ਬੋਝ ਪਵੇਗਾ | ਇਸੇ ਤਰ੍ਹਾਂ ਆਸ਼ਾ ਵਰਕਰਾਂ ਵੀ ਹੁਣ 5 ਲੱਖ ਰੁਪਏ ਤਕ ਦੀ ਨਕਦੀ ਰਹਿਤ ਸਿਹਤ ਬੀਮਾ ਯੋਜਨਾ ਦੀ ਸਹੂਲਤ ਲਈ ਹੱਕਦਾਰ ਹੋਣਗੀਆਂ ਜੋ ਕਿ ਸੂਬਾ ਸਰਕਾਰ ਵਲੋਂ ਮੁਫ਼ਤ ਕੀਤੀ ਜਾਵੇਗੀ ਤਾਂ ਜੋ ਅਪਣੀ ਡਿਊਟੀ ਕਰਦੇ ਸਮੇਂ ਕਿਸੇ ਛੂਤ ਵਾਲੀ ਬਿਮਾਰੀ ਫੈਲਣ ਦੇ ਸੰਭਾਵੀ ਖ਼ਤਰੇ ਵਿਰੁਧ ਉਨ੍ਹਾਂ ਨੂੰ  ਕਵਰ ਕੀਤਾ ਜਾ ਸਕੇ |
ਇਸੇ ਤਰ੍ਹਾਂ ਸੂਬੇ ਭਰ ਦੇ 19,700 ਸਰਕਾਰੀ/ਸਹਾਇਤਾ ਪ੍ਰਾਪਤ ਸਕੂਲਾਂ ਵਿਚ ਕੰਮ ਕਰ ਰਹੇ 42,500 ਦੇ ਕਰੀਬ ਮਿਡ ਡੇ ਮੀਲ ਵਰਕਰਾਂ ਨੂੰ  ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਦੇ ਫਿਕਸਡ ਭੱਤੇ ਨੂੰ  2200 ਰੁਪਏ ਤੋਂ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ 'ਤੇ 64.25 ਕਰੋੜ ਰੁਪਏ ਦਾ ਬੋਝ ਪਵੇਗਾ |
ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਭਰ ਵਿਚ ਕੰਮ ਕਰ ਰਹੀਆਂ ਸਾਰੀਆਂ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ  ਹੁਣ ਰੈਗੂਲਰ ਆਧਾਰ ਉੱਤੇ 'ਕੰਮ ਕਰ ਰਹੀਆਂ ਹੋਰ ਮਹਿਲਾ ਸਰਕਾਰੀ ਕਰਮਚਾਰੀਆਂ ਦੀ ਤਰਜ਼ 'ਤੇ ਪ੍ਰਸੂਤਾ ਛੁੱਟੀ ਦਾ ਪੂਰਾ ਲਾਭ ਦਿਤਾ ਜਾਵੇਗਾ |

ਮੁੱਖ ਮੰਤਰੀ ਚੰਨੀ ਨੇ ਅੱਗੇ ਐਲਾਨ ਕੀਤਾ ਕਿ ਸਾਰੀਆਂ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ  ਹੁਣ 1 ਜਨਵਰੀ 2022 ਤੋਂ ਵਧਿਆ ਹੋਇਆ ਫਿਕਸਡ ਭੱਤਾ ਮਿਲੇਗਾ ਅਤੇ ਭਵਿੱਖ ਵਿਚ ਉਨ੍ਹਾਂ ਨੂੰ  ਇਹ ਭੱਤੇ ਪਹਿਲਾਂ ਵਾਂਗ 10 ਮਹੀਨਿਆਂ ਦੀ ਬਜਾਏ ਹੁਣ 12 ਮਹੀਨਿਆਂ ਲਈ ਮਿਲਣਗੇ |
ਇਥੇ ਦਾਣਾ ਮੰਡੀ ਵਿਖੇ ਵਿਸੇਸ ਤੌਰ 'ਤੇ ਇਕੱਠੇ ਹੋਏ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਦੀ ਇੱਕ ਜਨਤਕ ਰੈਲੀ ਨੂੰ  ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਨੇ ਸਮਾਜ ਵਿਚ ਔਰਤਾਂ ਨਾਲ ਹੁੰਦੇ ਮਾੜੇ ਵਿਵਹਾਰ ਅਤੇ ਵਿਤਕਰੇ ਵਿਰੁਧ ਆਵਾਜ਼ ਬੁਲੰਦ ਕੀਤੀ ਅਤੇ ਉਨ੍ਹਾਂ ਨੂੰ  ਬਰਾਬਰ ਹੱਕ ਦੇਣ ਦੀ ਲੋੜ 'ਤੇ ਜ਼ੋਰ ਦਿਤਾ | ਉਨ੍ਹਾਂ ਕਿਹਾ ਕਿ ਔਰਤਾਂ ਖਾਸ ਕਰ ਕੇ ਸਾਡੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ  ਬਣਦਾ ਮਾਣ-ਸਤਿਕਾਰ ਦਿਤੇ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਔਰਤਾਂ ਨੂੰ  ਬਣਦਾ ਮਾਣ-ਸਤਿਕਾਰ ਦੇਣਾ ਹੀ ਉਹ ਆਧਾਰ ਹੈ ਜਿਸ 'ਤੇ ਕੋਈ ਵੀ ਸਦਭਾਵਨਾ ਜਾਂ ਬਰਾਬਰੀ ਵਾਲਾ ਸਮਾਜ ਟਿਕਿਆ ਹੋਇਆ ਹੈ | ਸਮਾਜ ਵਿੱਚ ਔਰਤਾਂ ਨੂੰ  ਬਰਾਬਰ ਮੌਕੇ ਦੇਣ ਦੀ ਵਕਾਲਤ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ  ਵਿਕਾਸ ਦੀ ਪ੍ਰਕਿਰਿਆ ਵਿੱਚ ਬਰਾਬਰ ਦੀਆਂ ਹਿੱਸੇਦਾਰ ਬਣਾਉਣ ਦੀ ਲੋੜ 'ਤੇ ਜੋਰ ਦਿੱਤਾ ਤਾਂ ਜੋ ਸਮੁੱਚੇ ਵਿਕਾਸ ਨੂੰ  ਯਕੀਨੀ ਬਣਾਇਆ ਜਾ ਸਕੇ |
ਇਸ ਮੌਕੇ ਉਪ ਮੁੱਖ ਮੰਤਰੀ ਓ.ਪੀ.ਸੋਨੀ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀ ਅਤੇ ਰਣਦੀਪ ਸਿੰਘ ਨਾਭਾ, ਪੇਡਾ ਦੇ ਚੇਅਰਮੈਨ ਐਚ.ਐਸ.ਹੰਸਪਾਲ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਐਸ.ਏ.ਐਸ.ਨਗਰ ਬਲਬੀਰ ਸਿੰਘ ਸਿੱਧੂ, ਵਿਧਾਇਕ ਦਰਸਨ ਲਾਲ ਮੰਗੂਪੁਰ, ਨਾਜਰ ਸਿੰਘ, ਡਾ. ਹਰਜੋਤ ਕਮਲ, ਅਮਰੀਕ ਸਿੰਘ ਢਿੱਲੋਂ, ਚੌਧਰੀ ਸੁਰਿੰਦਰ ਸਿੰਘ ਅਤੇ ਹਰਪ੍ਰਤਾਪ ਸਿੰਘ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਆਗੂ ਤੇ ਵਰਕਰ ਮੌਜੂਦ ਸਨ |