ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਮੁਅੱਤਲ ਸੁਪਰਵਾਈਜ਼ਰ ਨੂੰ 5 ਲੱਖ ਦਾ ਜੁਰਮਾਨਾ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਮੁਅੱਤਲ ਸੁਪਰਵਾਈਜ਼ਰ ਨੂੰ 5 ਲੱਖ ਦਾ ਜੁਰਮਾਨਾ ਕੀਤਾ

image

ਸ਼੍ਰੋਮਣੀ ਕਮੇਟੀ ਵਲੋਂ ਬਾਕੀ ਦੋਸ਼ੀਆਂ ਨੂੰ ਵੀ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ : ਪੰਥਕ ਜਥੇਬੰਦੀਆਂ 

ਅੰਮ੍ਰਿਤਸਰ, 30 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਸਬ ਕਮੇਟੀ ਨੇ ਬੀਤੇ ਕਲ ਮੁਅੱਤਲਸ਼ੁਦਾ ਸੁਪਰਵਾਈਜ਼ਰ ਨੂੰ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ। 
ਪੰਥਕ ਜਥੇਬੰਦੀਆਂ ਨੇ ਕਿਹਾ ਕਿ 16 ਦੋਸ਼ੀਆਂ ’ਚੋਂ ਇਕ ਉਤੇ ਜ਼ੁਰਮਾਨੇ ਦੀ ਮਾਮੂਲੀ ਕਾਰਵਾਈ ਕਰ ਕੇ ਸ਼੍ਰੋਮਣੀ ਕਮੇਟੀ ਨੇ ਇਹ ਮੋਹਰ ਲਾ ਦਿਤੀ ਹੈ ਕਿ ਜਥੇਬੰਦੀਆਂ ਵਲੋਂ ਵਿਢਿਆ ਸੰਘਰਸ਼ ਬਿਲਕੁਲ ਜਾਇਜ਼ ਸੀ ਅਤੇ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤੋਂ ਵੱਡੀ ਗ਼ਲਤੀ ਹੋਈ ਹੈ। ਜੁਰਮਾਨਾ ਕਰ ਕੇ ਕੇਵਲ ਉਹੀ ਪੈਸੇ ਵਸੂਲੇ ਜਾ ਰਹੇ ਹਨ ਜੋ 328 ਪਾਵਨ ਸਰੂਪਾਂ ਦੀ ਭੇਟਾ ਬਣਦੀ ਹੈ ਪਰ ਦੋਸ਼ੀਆਂ ਨੂੰ ਕੇਵਲ ਮੁਅੱਤਲ ਕਰਨਾ, ਫਿਰ ਫ਼ੰਡ ਦੇਣ ਦੇ ਰਾਹ ਖੋਲ੍ਹਣੇ ਅਤੇ ਉਨ੍ਹਾਂ ’ਤੇ ਪਰਚੇ ਦਰਜ ਨਾ ਕਰਵਾਉਣੇ ਸ਼੍ਰੋਮਣੀ ਕਮੇਟੀ ਦੀ ਦੋਸ਼ੀਆਂ ਪ੍ਰਤੀ ਹਮਦਰਦੀ ਸਾਬਤ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਕੀ ਦੋਸ਼ੀਆਂ ਨੂੰ ਵੀ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਜੋ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਥਕ ਜਥੇਬੰਦੀਆਂ ਵਲੋਂ ਮੋਰਚਿਆਂ ਅਤੇ ਮਾਰਚਾਂ ਰਾਹੀਂ ਕੀਤਾ ਜਾ ਰਿਹਾ ਇਹ ਸੰਘਰਸ਼ ਕੇਵਲ ਦੋਸ਼ੀਆਂ ਨੂੰ ਜੁਰਮਾਨੇ ਲਾਉਣ ਲਈ ਨਹੀਂ ਬਲਕਿ ਦੋਸ਼ੀਆਂ ਉੱਤੇ ਧਾਰਮਕ, ਪ੍ਰਬੰਧਕੀ ਅਤੇ ਕਾਨੂੰਨੀ ਕਾਰਵਾਈ ਕਰਵਾਉਣ ਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੰਜੋਲੀ ਪਾਸੋਂ ਮੰਗ ਕੀਤੀ ਕਿ ਪਾਵਨ ਸਰੂਪਾਂ ਨੂੰ ਗੁਮ ਕਰਨ ਵਾਲੇ 16 ਦੋਸ਼ੀਆਂ ’ਤੇ ਪਰਚੇ ਦਰਜ ਕਰਵਾਏ ਜਾਣ ਤਾਂ ਜੋ ਸੰਗਤ ਨੂੰ ਇਨਸਾਫ਼ ਮਿਲ ਸਕੇ। 
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ, ਭਾਈ ਲਖਬੀਰ ਸਿੰਘ ਮਹਾਲਮ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ, ਆਵਾਜ਼-ਏ-ਕੌਮ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਨੋਬਲਜੀਤ ਸਿੰਘ ਬੁੱਲੋਵਾਲ ਅਤੇ ਜਥਾ ਨੀਲੀਆਂ ਫ਼ੌਜਾਂ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਬਾਬਾ ਮਹਾਰਾਜ ਸਿੰਘ ਛਾਉਣੀ ਨੌਰੰਗਬਾਦ ਦੇ ਮੁੱਖ ਜਥੇਦਾਰ ਬਾਬਾ ਰਛਪਾਲ ਸਿੰਘ ਨਿਹੰਗ ਆਦਿ ਹਾਜ਼ਰ ਸਨ।