ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਤੇ ਦੋ ਨਕਾਬਪੋਸ਼ਾਂ ਨੇ ਕੀਤੀ ਅੰਨ੍ਹੇਵਾਹਗੋਲੀਬਾਰੀ

ਏਜੰਸੀ

ਖ਼ਬਰਾਂ, ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ 'ਤੇ ਦੋ ਨਕਾਬਪੋਸ਼ਾਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ

IMAGE

ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਏ ਨਕਾਬਪੋਸ਼

ਅੰਮਿ੍ਤਸਰ, 30 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਵਰਗੀ ਸਾਬਕਾ ਜਥੇਦਾਰ ਪ੍ਰਤਾਪ ਸਿੰਘ ਦੇ ਘਰ ਦੇ ਬਾਹਰ ਦੋ ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ | ਬੁਧਵਾਰ ਰਾਤ ਕਰੀਬ 11.30 ਵਜੇ ਸੁਲਤਾਨਵਿੰਡ ਰੋਡ 'ਤੇ ਕੋਟ ਆਤਮਾ ਰਾਮ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰਤਾਪ ਸਿੰਘ ਦੇ ਘਰ ਦੇ ਬਾਹਰ ਦੋ ਨਕਾਬਪੋਸ਼ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ | ਨੌਜਵਾਨਾਂ ਨੇ ਇਸ ਘਟਨਾ ਨੂੰ  ਸ਼ਰੇਆਮ ਅੰਜਾਮ ਦਿਤਾ | ਸਾਬਕਾ ਜਥੇਦਾਰ ਦੇ ਘਰ ਦਾ ਦਰਵਾਜ਼ਾ ਬੰਦ ਹੋਣ 'ਤੇ ਨੌਜਵਾਨਾਂ ਨੇ ਦਰਵਾਜ਼ੇ ਦੇ ਬਾਹਰ ਹੀ ਕਰੀਬ 12-14 ਗੋਲੀਆਂ ਚਲਾ ਦਿਤੀਆਂ | ਮੁਲਜ਼ਮ ਗੋਲੀਆਂ ਚਲਾ ਕੇ ਮੌਕੇ ਤੋਂ ਫ਼ਰਾਰ ਹੋ ਗਏ |
ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ  ਖੰਗਾਲਣਾ ਸ਼ੁਰੂ ਕਰ ਦਿਤਾ ਹੈ | ਪ੍ਰਵਾਰਕ ਮੈਂਬਰਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜੇ ਕੀਤੇ ਹਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਮਨਜੀਤ ਕੁਮਾਰ ਮੌਕੇ 'ਤੇ ਪੁੱਜੇ | ਮੁਢਲੀ ਜਾਂਚ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਸਕੈਨ ਕੀਤੇ ਜਾ ਰਹੇ ਹਨ | ਪੁਲਿਸ ਨੇ ਘਰ ਦੇ ਬਾਹਰੋਂ ਖੋਲ ਵੀ ਬਰਾਮਦ ਕੀਤੇ ਹਨ |