ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਖਜ਼ਾਨੇ ਦੀ ਨਿੱਜੀ ਵਰਤੋਂ ਕਰਨ ਦੇ ਇਲਜ਼ਾਮ ਬੇਬੁਨਿਆਦ : MP ਰਵਨੀਤ ਸਿੰਘ ਬਿੱਟੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਹਰ ਸਾਲ ਨੰਗੇ ਪੈਰੀਂ ਗੁਰੂ ਘਰ ਜਾਣ ਵਾਲਾ ਸਾਹਿਬਜ਼ਾਦਿਆਂ ਦੇ ਨਾਮ 'ਤੇ ਬਣਨ ਵਾਲੇ ਪ੍ਰੋਜੈਕਟਾਂ ਵਿਚੋਂ ਪੈਸਾ ਖਰਚਣ ਬਾਰੇ ਸੋਚ ਵੀ ਨਹੀਂ ਸਕਦਾ 

MP Ravneet Singh Bittu

SC ਵਰਗ ਅਤੇ ਗਰੀਬ ਪਰਿਵਾਰ ਤੋਂ ਉਪਰ ਉੱਠ ਕੇ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ 'ਤੇ ਅਹੁਦੇ 'ਤੇ ਪਹੁੰਚਣਾ ਹੀ ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ: MP ਬਿੱਟੂ 

ਮੋਹਾਲੀ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਸਰਕਾਰੀ ਖਜ਼ਾਨੇ ਦੀ ਨਿੱਜੀ ਵਰਤੋਂ ਕਰਨ ਦੇ ਲੱਗੇ ਇਲਜ਼ਾਮਾਂ ਬਾਰੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਗਰੀਬ ਘਰ ਤੋਂ ਉੱਠ ਕੇ ਮੁੱਖ ਮੰਤਰੀ ਦੀ ਕੁਰਸੀ 'ਤੇ ਪਹੁੰਚਣ ਵਾਲੇ ਚਰਨਜੀਤ ਸਿੰਘ ਚੰਨੀ 'ਤੇ ਲਗਾਏ ਜਾ ਰਹੇ ਇਹ ਇਲਜ਼ਾਮ ਬੇਬੁਨਿਆਦ ਹਨ। 

ਉਨ੍ਹਾਂ ਕਿਹਾ ਕਿ ਇੱਕ ਐਸਸੀ ਵਰਗ ਅਤੇ ਗਰੀਬ ਪਰਿਵਾਰ ਤੋਂ ਉਪਰ ਉੱਠ ਕੇ ਮੁੱਖ ਮੰਤਰੀ 'ਤੇ ਅਹੁਦੇ 'ਤੇ ਪਹੁੰਚਣਾ ਹੀ ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੈ ਇਸ ਲਈ ਹੀ ਚਰਨਜੀਤ ਸਿੰਘ ਚੰਨੀ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਗੱਲ ਇਥੇ ਹੀ ਖਤਮ ਨਹੀਂ ਹੋਵੇਗੀ ਸਗੋਂ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁੱਧ ਪਹਿਲਾਂ ਪੰਜਾਬ ਵਿਚ ਕੋਈ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਫਿਰ ਦਿੱਲੀ ਵਾਲਿਆਂ ਨਾਲ ਮਿਲ ਕੇ ਹੋਰ ਕਸਰ ਵੀ ਕੱਢੀ ਜਾਵੇਗੀ। 

ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਸਨ ਤਾਂ ਉਨ੍ਹਾਂ ਦਾ ਕਾਫਲਾ ਰੋਕਣਾ ਪਿਆ ਸੀ ਭਾਵੇਂ ਕਿ ਉਸ ਘਟਨਾ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਪਰ ਫਿਰ ਵੀ ਉਸ ਦਾ ਵੀ ਚਰਨਜੀਤ ਸਿੰਘ ਚੰਨੀ ਤੋਂ ਹੀ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਕਾਰਜਕਾਲ ਦੌਰਾਨ ਕਿਸਾਨਾਂ 'ਤੇ ਕੋਈ ਲਾਠੀਚਾਰਜ ਜਾਂ ਮਾਮਲੇ ਦਰਜ ਨਹੀਂ ਕੀਤੇ ਗਏ ਸਨ ਜਿਸ ਦਾ ਵੀ ਹਿਸਾਬ ਹੁਣ ਉਨ੍ਹਾਂ ਤੋਂ ਆਉਣ ਵਾਲੇ ਸਮੇਂ ਵਿਚ ਲਿਆ ਜਾਵੇਗਾ। 

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜ ਤਾਰਾ ਹੋਟਲ ਵਿਚੋਂ ਖਾਣਾ ਲਿਆ ਕੇ ਆਪਣੇ ਘਰੇ ਲੰਗਰ ਲਗਾਇਆ ਪਰ ਉਹ ਭੋਜਨ ਤਾਂ ਲੋਕਾਂ ਦੇ ਢਿੱਡ ਵਿਚ ਹੀ ਗਿਆ ਹੈ ਅਤੇ ਉਹ ਲੋਕ ਸਰਕਾਰ ਲਈ ਜੀਐਸਟੀ ਅਤੇ ਹੋਰ ਟੈਕਸ ਵੀ ਅਦਾ ਕਰਦੇ ਹਨ। ਜੇਕਰ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੰਜ ਤਾਰਾ ਹੋਟਲ ਵਿਚੋਂ ਭੋਜਨ ਲਿਆ ਕੇ ਖਵਾ ਹੀ ਦਿੱਤਾ ਤਾਂ ਤੁਹਾਨੂੰ ਤਕਲੀਫ਼ ਕਿਉਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲਾ ਮੁੱਖ ਮੰਤਰੀ ਇਹ ਕਦੇ ਵੀ ਨਹੀਂ ਚਾਹੁੰਦਾ ਕਿ ਪੰਜਾਬੀਆਂ 'ਤੇ ਕੋਈ ਪੈਸਾ ਖਰਚਿਆ ਜਾਵੇ ਸਗੋਂ ਉਹ ਸਾਰਾ ਪੈਸਾ ਦਿੱਲੀ ਇਕੱਠਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੀ ਗੱਲ ਕਦੇ ਵੀ ਕੋਈ ਪੰਜਾਬੀ ਨਹੀਂ ਕਰ ਸਕਦਾ। 

ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਤਾਂ ਸਿਰਫ ਪੰਜ ਤਾਰਾ ਹੋਟਲ ਵਿਚੋਂ ਖਾਣਾ ਲਿਆ ਕੇ ਖਵਾਇਆ ਹੈ ਜੇਕਰ ਇਨ੍ਹਾਂ ਵਿਚ ਹਿੰਮਤ ਹੈ ਤਾਂ ਉਹ ਪੰਜ ਤਾਰਾ ਹੋਟਲ ਬਣਾਉਣ ਵਾਲਿਆਂ ਨੂੰ ਵੀ ਫੜਨ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਨ੍ਹਾਂ ਨਾਲ ਮਿਲ ਕੇ ਵੱਡੀਆਂ ਧਾਂਦਲੀਆਂ ਕੀਤੀਆਂ ਗਈਆਂ ਹਨ ਅਤੇ ਚੋਣਾਂ ਲੜਨ ਵੇਲੇ ਉਨ੍ਹਾਂ ਦੀਆਂ ਵੱਡੀਆਂ ਸ਼ਰਾਬ ਦੀਆਂ ਫੈਕਟਰੀਆਂ ਚਲਾਈਆਂ ਗਈਆਂ ਹਨ, ਉਨ੍ਹਾਂ ਬਾਰੇ ਛਾਣਬੀਣ ਕੌਣ ਕਰੇਗਾ?

ਅੱਗੇ ਬੋਲਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪਿਛਲੇ ਦਿਨੀਂ ਜੋ ਤਸਵੀਰਾਂ ਸਾਹਮਣੇ ਆਈਆਂ, ਜਿਥੇ ਸਕੱਤਰ ਅਤੇ ਮੁੱਖ ਸਕੱਤਰ ਬੈਠੇ ਹਨ ਉਨ੍ਹਾਂ ਵਿਚ ਅਣਅਧਿਕਾਰਤ ਤੌਰ 'ਤੇ ਜੋ ਬੰਦੇ ਬੈਠੇ ਹਨ, ਉਹ ਉਥੇ ਜਾ ਕੇ ਪਰਚੇ ਦਰਜ ਕਰਵਾ ਰਹੇ ਹਨ।  ਉਨ੍ਹਾਂ ਕਿਹਾ ਕਿ ਇਹ ਬੰਦੇ ਜੋ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਬਾਜ਼ ਆ ਜਾਣ। ਜੇਕਰ ਇਸ ਤਰ੍ਹਾਂ ਗਰੀਬ ਪਰਿਵਾਰਾਂ ਤੋਂ ਨਿਕਲ ਕੇ ਵੱਡੇ ਅਹੁਦਿਆਂ 'ਤੇ ਪਹੁੰਚਣ ਵਾਲਿਆਂ ਨੂੰ ਪ੍ਰੇਸ਼ਾਨ ਕੀਤਾ ਜਾਵੇਗਾ ਤਾਂ ਉਸ ਦੇ ਨਤੀਜੇ ਚੰਗੇ ਨਹੀਂ ਨਿਕਲਣਗੇ।

ਰਵਨੀਤ ਸਿੰਘ ਬਿੱਟੂ ਨੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਹ ਭਰਾ ਮਾਰੂ ਜੰਗ ਕਰਵਾ ਰਹੇ ਹਨ, ਜੋ ਕਿ ਬਹੁਤ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਸਾਡੇ ਮਹਾਨ ਸ਼ਹੀਦਾਂ ਦੇ ਕਰਵਾਏ ਸਮਾਗਮਾਂ ਵਿਚੋਂ ਪੈਸੇ ਦੀ ਨਿੱਜੀ ਵਰਤੋਂ ਕਰਨ ਦੇ ਲੱਗੇ ਇਲਜ਼ਾਮ ਬਹੁਤ ਹੀ ਘਟੀਆ ਹਨ ਕਿਉਂਕਿ ਚਰਨਜੀਤ ਸਿੰਘ ਚੰਨੀ ਜੋ ਹਰ ਸਾਲ ਨੰਗੇ ਪੈਰੀਂ ਗੁਰੂ ਘਰ ਜਾਂਦੇ ਹਨ, ਉਹ ਕਦੇ ਵੀ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ 'ਤੇ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ।

ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਿਚ ਦਮ ਹੈ ਤਾਂ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗ ਚੁੱਕੀ ਹੈ ਜਿਸ ਦਾ ਨਤੀਜਾ ਹਿਮਾਚਲ ਅਤੇ ਗੁਜਰਾਤ ਵਿਚ ਮਿਲੀ ਹਾਰ ਤੋਂ ਲਗਾਇਆ ਜਾ ਸਕਦਾ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਂ ਇਸ ਨੂੰ ਸਿਰਫ ਚਰਨਜੀਤ ਸਿੰਘ ਚੰਨੀ 'ਤੇ ਹਮਲਾ ਨਹੀਂ ਮੰਨਦਾ ਸਗੋਂ ਹਰ ਉਸ ਗਰੀਬ ਵਿਅਕਤੀ 'ਤੇ ਮੰਨਦਾ ਹਾਂ ਜੋ ਆਪਣੀ ਮਿਹਨਤ ਸਦਕਾ ਵੱਡੇ ਅਹੁਦਿਆਂ 'ਤੇ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਇਨ੍ਹਾਂ ਦੀ ਮਾੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ।