ਅੰਮ੍ਰਿਤਸਰ- ਚਿੱਟਫੰਡ ਕੰਪਨੀ ਦੇ ਨਾਂ 'ਤੇ ਕਰੀਬ 15 ਹਜ਼ਾਰ ਲੋਕਾਂ ਨੂੰ ਧੋਖੇਧੜੀ ਦਾ ਸ਼ਿਕਾਰ ਬਣਾਉਂਦੇ ਹੋਏ ਕਰੀਬ 400 ਕਰੋੜ ਰੁਪਏ ਦੀ ਧੋਖਾਧੜੀ ਦੇ ਇਕ ਮਾਮਲੇ 'ਚ ਕਰੀਬ ਡੇਢ ਸਾਲ ਪਹਿਲਾਂ ਅਦਾਲਤ ਵੱਲੋਂ ਭਗੌੜਾ ਐਲਾਨੇ ਪ੍ਰਮੁੱਖ ਦੋਸ਼ੀ ਰਮੇਸ਼ ਕੁਮਾਰ ਚੁੱਘ ਨੇ ਆਪਣੇ ਆਲੇ-ਦੁਆਲੇ ਪੁਲਿਸ ਦਾ ਵਿਛਿਆ ਜਾਲ ਦੇਖ ਕੇ ਸਰੰਡਰ ਕਰ ਦਿੱਤਾ।
ਸੂਤਰਾਂ ਅਨੁਸਾਰ ਚੁੱਘ ਨੇ ਖੁਦ ਸਰੰਡਰ ਕੀਤਾ ਹੈ ਪਰ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਟੀਮ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਦੇ ਹੋਏ ਸਥਾਨਕ ਇਲਾਕਾ ਮੈਜਿਸਟ੍ਰੇਟ ਜੇ. ਐੱਮ. ਆਈ. ਸੀ. ਹਰੀਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ, ਇਸ ਦੌਰਾਨ ਉਸ ਦੇ ਵਿਰੁੱਧ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੇ ਕਹਿਣ 'ਤੇ ਇਸ ਨੂੰ ਸਵੀਕਾਰ ਕਰ ਲਿਆ। ਕਥਿਤ ਦੋਸ਼ੀ ਨੂੰ 6 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਪੁਲਿਸ ਨੂੰ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਰੀਬ 15 ਲੋਕ ਇਨ੍ਹਾਂ ਲੋਕਾਂ ਦੇ ਜਾਲ ਵਿਚ ਫਸ ਗਏ ਸਨ। ਰਮੇਸ਼ ਚੁੱਘ ਤੇ ਉਸ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਅਚਾਨਕ ਗਾਇਬ ਹੋਣ 'ਤੇ ਸਾਰੇ ਸ਼ਹਿਰ ਵਿਚ ਇਸ ਗੱਲ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਕਿ ਕਰੀਬ 400 ਕਰੋੜ ਰੁਪਏ ਦਾ ਘਪਲਾ ਕਰ ਕੇ ਚੁੱਘ ਪਰਿਵਾਰ ਗਾਇਬ ਹੋ ਗਿਆ ਹੈ।
ਉਨ੍ਹਾਂ ਦੇ ਫਰਾਰ ਹੋਣ 'ਤੇ ਛੇਹਰਟਾ ਨਿਵਾਸੀ ਕਈ ਲੋਕਾਂ ਨੇ ਜੁਲਾਈ 2016 ਵਿਚ ਸਥਾਨਕ ਪੁਲਿਸ 'ਚ ਸ਼ਿਕਾਇਤਾਂ ਕੀਤੀਆਂ। ਅਖੀਰ ਥਾਣਾ ਛੇਹਰਟਾ ਦੀ ਪੁਲਿਸ ਨੂੰ ਕਥਿਤ ਦੋਸ਼ੀਆਂ ਵਿਰੁੱਧ 10 ਜੁਲਾਈ 2016 ਨੂੰ ਧੋਖਾਦੇਹੀ ਦਾ ਮੁਕੱਦਮਾ ਦਰਜ ਕਰਨਾ ਪਿਆ ਸੀ, ਜਿਸ ਦੇ ਪਹਿਲੇ ਚਰਨ ਵਿਚ ਰਮੇਸ਼ ਕੁਮਾਰ ਚੁੱਘ, ਉਸ ਦੀ ਪਤਨੀ ਨੀਲਮ, ਪੁੱਤਰ ਜੀਵਨ ਚੁੱਘ, ਨੂੰਹ ਹਰਸ਼ਾ ਕੁਮਾਰੀ ਤੇ ਸੁਖਵਿੰਦਰ ਸਿੰਘ ਉਰਫ ਹੈਪੀ ਨੂੰ ਨਾਮਜ਼ਦ ਕੀਤਾ ਗਿਆ ਸੀ।